ਅੰਬਰ ਤੋਂ ਟੁੱਟਿਆ ਤਾਰਾ
ਭਰ ਜਵਾਨੀ ਵਿੱਚ ਵਿਛੜਿਆ ਲੋਕ ਗਾਇਕ ਰਾਜਵੀਰ ਜਵੰਦਾ ਪੰਜਾਬੀ ਲੋਕ ਸੰਗੀਤ ਦਾ ਵਿਹੜਾ ਸੁੰਨਾ ਕਰਕੇ ਚਲਾ ਗਿਆ। ਉਸ ਦੇ ਬੇਵਕਤ ਚਲਾਣੇ ਉੱਤੇ ਹਰ ਅੱਖ ਨਮ ਹੋਈ। ਹਰੇਕ ਨੂੰ ਇਉਂ ਲੱਗਿਆ ਜਿਵੇਂ ਉਨ੍ਹਾਂ ਦਾ ਆਪਣਾ ਕੋਈ ਵਿਛੜਿਆ ਹੈ। ਸੰਗੀਤ ਜਗਤ ਵੀ ਬੁਰੀ ਤਰ੍ਹਾਂ ਝੰਜੋੜਿਆ ਗਿਆ। ਰਾਜਵੀਰ ਨੇ ਆਪਣੀ ਗਾਇਕੀ ਨਾਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪੋਨੇ ਦਾ ਨਾਂ ਕੁੱਲ ਦੁਨੀਆ ਵਿੱਚ ਮਕਬੂਲ ਕੀਤਾ। ਉਸ ਨੂੰ ਅੰਤਿਮ ਵਿਦਾਇਗੀ ਦੇਣ ਲਈ 9 ਅਕਤੂਬਰ ਨੂੰ ਪੂਰਾ ਪੰਜਾਬ ਪੋਨੇ ਪਹੁੰਚਿਆ ਹੋਇਆ ਸੀ। ਜਿਹੜੇ ਸਕੂਲ ਦੇ ਖੇਡ ਮੈਦਾਨ ਵਿੱਚ ਨਿੱਕਾ ਰਾਜਵੀਰ ਖੇਡਦਾ ਹੁੰਦਾ ਸੀ, ਉੱਥੇ ਹੀ ਉਸ ਦੀਆਂ ਅੰਤਿਮ ਰਸਮਾਂ ਹੋਈਆਂ। ਜੋਬਨ ਰੁੱਤੇ ਅਲਵਿਦਾ ਆਖਣ ਵਾਲੇ ਰਾਜਵੀਰ ਦੇ ਵਿਛੋੜੇ ਨੇ ਕਲਾ ਤੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਦਿਲਸ਼ਾਦ ਅਖਤਰ, ਵਰਿੰਦਰ, ਅਮਰ ਸਿੰਘ ਚਮਕੀਲਾ, ਸਿੱਧੂ ਮੂਸੇਵਾਲਾ, ਇਸ਼ਮੀਤ, ਕੁਲਵਿੰਦਰ ਢਿੱਲੋਂ ਦੇ ਬੇਵਕਤੀ ਵਿਛੋੜਿਆਂ ਦੀ ਚੀਸ ਮੁੜ ਪੈਦਾ ਕਰ ਦਿੱਤੀ।
ਸੋਹਣਾ-ਸੁਨੱਖਾ, ਲੰਮ-ਸਲੰਮਾ ਰਾਜਵੀਰ ਜਵੰਦਾ ਜਦੋਂ ਸਿਰ ਸੋਹਣੀ ਦਸਤਾਰ ਸਜਾ ਕੇ ਅਤੇ ਕੁੜਤਾ-ਚਾਦਰਾ, ਕਢਾਈ ਵਾਲੀ ਜੈਕੇਟ ਤੇ ਢਾਕ ਉੱਪਰ ਕਮਰਕੱਸਾ ਬੰਨ੍ਹ ਕੇ ਸਟੇਜ ਉੱਪਰ ਆਉਂਦਾ ਤਾਂ ਸਮੁੱਚੀ ਪੰਜਾਬੀਅਤ ਦਾ ਝੰਡਾਬਰਦਾਰ ਜਾਪਦਾ। ਗਲ ਵਿੱਚ ਕੈਂਠਾ ਅਤੇ ਹੱਥ ਵਿੱਚ ਘੁੰਗਰੂ ਉਸ ਦੀ ਸੁਰੀਲੀ ਆਵਾਜ਼ ਨੂੰ ਹੋਰ ਚਾਰ ਚੰਨ ਲਗਾਉਂਦੇ। ਰਾਜਵੀਰ ਗਾਉਣ, ਵਰਤ-ਵਿਹਾਰ, ਜਚਣ ਫੱਬਣ ਭਾਵ ਕਿਸੇ ਵੀ ਪੱਖ ਤੋਂ ਊਣਾ ਨਹੀਂ ਸੀ ਜਾਪਦਾ। ਉਸ ਦੇ ਗੀਤਾਂ ਵਿੱਚ ਪੰਜਾਬ ਝਲਕਦਾ ਸੀ।
ਰਾਜਵੀਰ ਸਹੀ ਮਾਅਨਿਆਂ ਵਿੱਚ ਅਖਾੜਾ ਗਾਇਕੀ ਦਾ ਬਾਦਸ਼ਾਹ ਸੀ, ਜੋ ਗਾਇਕੀ ਦੀ ਸਭ ਤੋਂ ਅਹਿਮ ਤੇ ਚੁਣੌਤੀਪੂਰਨ ਵਿਧਾ ਹੈ। ਪੰਜਾਬੀ ਲੋਕ ਸੰਗੀਤ ਵਿੱਚ ਜਿਨ੍ਹਾਂ ਗਾਇਕਾਂ ਨੇ ਵੱਡਾ ਨਾਮ ਹਾਸਲ ਕੀਤਾ ਹੈ, ਉਹ ਅਖਾੜਿਆਂ ਰਾਹੀਂ ਹੀ ਮਕਬੂਲ ਹੋਏ ਹਨ। ਉਸ ਦੇ ਗਾਣਿਆਂ ਦੇ ਵਿਸ਼ਿਆਂ ਕਰਕੇ ਉਸ ਨੂੰ ਸਭ ਤੋਂ ਵੱਧ ਵਿਆਹ ਪ੍ਰੋਗਰਾਮਾਂ ਉੱਪਰ ਸੱਦਿਆ ਜਾਂਦਾ ਸੀ। ਹੁਣ ਵੀ ਉਸ ਕੋਲ 52 ਪ੍ਰੋਗਰਾਮ ਬੁੱਕ ਸਨ। ਉਸ ਦੀ ਗਾਇਕੀ ਵਿੱਚ ਲੋਕ ਸਾਜ਼ਾਂ ਦੀ ਧੁਨ ਪ੍ਰਧਾਨ ਹੁੰਦੀ ਸੀ। ਉਹ ਤੂੰਬੀ ਤੇ ਡੱਫਲੀ ਵਜਾਉਣ ਦਾ ਧਨੀ ਸੀ, ਜਿਸ ਕਾਰਨ ਉਸ ਵਿੱਚੋਂ ਪੁਰਾਣੇ ਜ਼ਮਾਨੇ ਦੇ ਗਾਇਕਾਂ ਦੀ ਝਲਕ ਮਿਲਦੀ ਸੀ। ਉਸ ਨੇ ਤੁਰਲੇ ਵਾਲੀ ਪੱਗ ਦੀ ਬਜਾਏ ਪੇਚਾਂ ਵਾਲੀ ਦਸਤਾਰ ਬੰਨ੍ਹਣੀ। ਰਵਾਇਤੀ ਪਹਿਰਾਵਾ ਉਸ ਦੀ ਗਾਇਕੀ ਦਾ ਮੁੱਖ ਖਿੱਚ ਦਾ ਕੇਂਦਰ ਹੁੰਦਾ ਸੀ।
ਰਾਜਵੀਰ ਧਾਰਮਿਕ ਗਾਣੇ ਦੀ ਸ਼ੁਰੂਆਤ ਤੋਂ ਬਾਅਦ ਆਪਣੇ ਮਕਬੂਲ ਗੀਤਾਂ ਦੇ ਨਾਲ ਕੁਲਦੀਪ ਮਾਣਕ, ਗੁਰਦਾਸ ਮਾਨ, ਹੰਸ ਰਾਜ ਹੰਸ ਦੇ ਕੁਝ ਚੋਣਵੇਂ ਹਿੱਟ ਗਾਣਿਆਂ ਦੀ ਪੇਸ਼ਕਾਰੀ ਨਾਲ ਸਰੋਤਿਆਂ ਲਈ ਗੀਤਾਂ ਦੇ ਫੁੱਲਾਂ ਦਾ ਅਜਿਹਾ ਗੁਲਦਸਤਾ ਪੇਸ਼ ਕਰਦਾ ਕਿ ਸਰੋਤਿਆਂ ਨੂੰ ਸਭ ਰੰਗ ਇੱਕੋ ਅਖਾੜੇ ਵਿੱਚ ਸੁਣਨ ਨੂੰ ਮਿਲਦੇ। ਰਾਜਵੀਰ ਦੀ ਦਮਦਾਰ, ਹਿੱਕ ਦੇ ਜ਼ੋਰ ਵਾਲੀ ਗਾਇਕੀ ਦੇ ਨਾਲ ਰੁਮਾਂਟਿਕ ਗਾਇਕੀ ਵਿੱਚ ਕੋਈ ਸਾਨੀ ਨਹੀਂ ਸੀ। ਉਸ ਦੀ ਗਾਇਕੀ ਵਿੱਚ ਲੋਕ ਤੱਥ, ਲੋਕ ਸੰਗੀਤ ਦੇ ਨਾਲ ਪੰਜਾਬੀਆਂ ਦੀ ਅਣਖ-ਗ਼ੈਰਤ ਦੀ ਵੀ ਝਲਕ ਮਿਲਦੀ। ‘ਕੰਗਣੀ’ ਗੀਤ ਨਾਲ ਮਕਬੂਲ ਹੋਏ ਰਾਜਵੀਰ ਦਾ ਇਹ ਗੀਤ ਵਿਆਹ ਵਾਲੀ ਜੋੜੀ ਉੱਪਰ ਸਭ ਤੋਂ ਵੱਧ ਢੁੱਕਦਾ ਹੁੰਦਾ। ਭਰਾਵਾਂ ਦੇ ਸਾਥ ਉੱਪਰ ‘ਜੰਮੇ ਨਾਲ ਦੇ’ ਗੀਤ ਤਾਂ ਲੋਕ ਗੀਤ ਹੀ ਬਣ ਗਿਆ ਜੋ ਰੀਲਾਂ ਵਿੱਚ ਭਰਾਵਾਂ ਦੀ ਵੀਡੀਓ ਉੱਪਰ ਸਭ ਤੋਂ ਵੱਧ ਸੁਣਨ ਨੂੰ ਮਿਲਦਾ ਹੈ।
ਜੇ ਮਾਂ ਉਪਰ ਕੁਲਦੀਪ ਮਾਣਕ ਨੇ ਹਿੱਟ ਗੀਤ ਗਾਇਆ ਹੈ ਤਾਂ ‘ਧੀਆਂ’ ਉੱਪਰ ਰਾਜਵੀਰ ਦਾ ਗਾਣਾ ਸਰਵੋਤਮ ਹੈ। ਰਾਜਵੀਰ ਦੇ ਵਿਆਹ ਦੇ ਅਖਾੜਿਆਂ ਨਾਲ ਇਸ ਗਾਣੇ ਦੀ ਪੇਸ਼ਕਾਰੀ ਨਾਲ ਉਸ ਦੀ ਪੇਸ਼ਕਾਰੀ ਦਾ ਸਿਖਰ ਹੁੰਦਾ ਸੀ। ਰੁਮਾਂਟਿਕ ਗਾਣਿਆਂ ਦੀ ਗੱਲ ਕਰੀਏ ਤਾਂ ‘ਸਕੂਨ’ ਬਹੁਤ ਉਮਦਾ ਗੀਤ ਸੀ। ਉਸ ਦੇ ਹੋਰ ਹਿੱਟ ਗੀਤਾਂ ਵਿੱਚ ਸਰਦਾਰੀ, ਤੂੰ ਦਿਸ ਪੈਂਦਾ, ਕਮਲਾ, ਜ਼ੋਰ, ਰੱਬ ਕਰਕੇ, ਮੋਰਨੀ, ਸਰਨੇਮ, ਮਿੱਤਰਾਂ ਨੇ ਦਿਲ ਮੰਗਿਆ ਆਦਿ ਸਨ।
ਰਾਜਵੀਰ ਜਿੱਡਾ ਵੱਡਾ ਗਾਇਕ ਸੀ, ਉਸ ਤੋਂ ਵੱਡਾ ਇਨਸਾਨ ਸੀ। ਨਿਮਰਤਾ ਤੇ ਹਲੀਮੀ ਉਸ ਦੇ ਸੁਭਾਅ ਦੇ ਵੱਡੇ ਗੁਣ ਸਨ। ਗਾਉਣ ਵੇਲੇ ਸਟੇਜ ਉੱਪਰ ਕੋਈ ਓਪਰਾ ਇਨਸਾਨ ਚੜ੍ਹ ਕੇ ਉਸ ਕੋਲ ਸਿਫ਼ਾਰਿਸ਼ ਕਰਨ ਲਈ ਉਸ ਨੂੰ ਬਾਂਹ ਫੜ ਕੇ ਰੋਕ ਲੈਂਦਾ ਤਾਂ ਉਸ ਨੇ ਅੱਗਿਓ ਸ਼ਰਾਫ਼ਤ ਨਾਲ ਪੇਸ਼ ਆਉਣਾ। ਅਕਸਰ ਬਹੁਤੇ ਗਾਇਕ ਇਸ ਗੱਲ ਉੱਪਰ ਆਪੇ ਤੋਂ ਬਾਹਰ ਹੋਣ ਵਾਲੇ ਹੁੰਦੇ ਹਨ। ਰਾਜਵੀਰ ਨੇ ਨਰਮਾਈ ਨਾਲ ਜ਼ਰੂਰ ਕਹਿ ਦੇਣਾ ਕਿ ਗਾਉਣ ਵਾਲੇ ਦਾ ਧਿਆਨ ਗਾਇਕੀ ਵੱਲ ਹੀ ਰਹੇ ਤਾਂ ਸੁਣਨ ਵਾਲੇ ਨੂੰ ਹੋਰ ਵੀ ਸਵਾਦ ਆਵੇਗਾ। ਕਿਸੇ ਨੇ ਵੀ ਉਸ ਨੂੰ ਉੱਚਾ ਬੋਲਦਾ ਨਹੀਂ ਸੁਣਿਆ।
ਲਾਜਪਤ ਰਾਏ ਡੀ ਏ ਵੀ ਕਾਲਜ ਜਗਰਾਉਂ ਵਿਖੇ ਪੜ੍ਹਦਿਆਂ ਯੁਵਕ ਮੇਲਿਆਂ ਵਿੱਚ ਲੋਕ ਗਾਇਕੀ, ਤੂੰਬੀ ਵਜਾਉਣ ਅਤੇ ਵਾਰ ਗਾਇਕੀ ਵਿੱਚ ਝੰਡੇ ਬੁਲੰਦ ਕਰਨ ਨਾਲ ਸ਼ੁਰੂ ਹੋਇਆ ਉਸ ਦਾ ਸੰਗਤੀਕ ਸਫ਼ਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਥੀਏਟਰ ਤੇ ਟੈਲੀਵਿਜ਼ਨ ਵਿਭਾਗ ਵਿੱਚ ਹੋਰ ਅੱਗੇ ਵਧਿਆ। ਉਸ ਤੋਂ ਬਾਅਦ ਉਹਨੇ ਉਹ ਉਡਾਣ ਫੜੀ ਕਿ ਗਾਇਕੀ ਦੇ ਅੰਬਰ ਦਾ ਧਰੂ ਤਾਰਾ ਬਣ ਗਿਆ।
ਰਾਜਵੀਰ ਜਵੰਦਾ ਨੇ ਇਹ ਮੁਕਾਮ ਆਪਣੇ ਦਮ ’ਤੇ ਸੰਘਰਸ਼ ਨਾਲ ਹਾਸਲ ਕੀਤਾ ਸੀ, ਜਿਸ ਨੂੰ ਹਾਸਲ ਕਰਨ ਲਈ ਉਸ ਨੇ ਸਖ਼ਤ ਮਿਹਨਤ ਵੀ ਕੀਤੀ ਅਤੇ ਪੁਲੀਸ ਦੀ ਨੌਕਰੀ ਛੱਡ ਕੇ ਕੁਲਵਕਤੀ ਗਾਇਕ ਬਣਨ ਲਈ ਜੋਖ਼ਮ ਵੀ ਲਿਆ। ਜਦੋਂ ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੜ੍ਹਨ ਆਇਆ ਤਾਂ ਉਸ ਵੇਲੇ ਉਜਾਗਰ ਅੰਟਾਲ, ਮਾਸ਼ਾ ਅਲੀ, ਕੁਲਵਿੰਦਰ ਬਿੱਲਾ ਤੇ ਕੰਵਰ ਗਰੇਵਾਲ ਵੀ ਗਾਇਕੀ ਦੇ ਖੇਤਰ ’ਚ ਸੰਘਰਸ਼ ਕਰ ਰਹੇ ਸਨ। ਇਹ ਸਭ ਸਮਕਾਲੀ ਇਕੱਠਿਆਂ ਉਡਾਣ ਭਰ ਰਹੇ ਸਨ, ਜੋ ਗਾਇਕੀ ਦੇ ਅੰਬਰ ਉੱਤੇ ਸਿਖਰਾਂ ਛੂਹਣ ਲਈ ਜੀਅ ਜਾਨ ਨਾਲ ਮਿਹਨਤ ਕਰ ਰਹੇ ਸਨ। ਰਾਜਵੀਰ ਦੇ ਸਿਵੇ ਕੋਲ ਬੈਠੇ ਕੰਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਦੀ ਮਨੋਸਥਿਤੀ ਸਮਝ ਸਕਦੇ ਹਾਂ, ਜੋ ਸੰਘਰਸ਼ਾਂ ਦੇ ਸਾਥੀ ਸਨ। ਰਾਜਵੀਰ ਤੇ ਕੰਵਰ ਤਾਂ ਰੂਮਮੇਟ ਰਹੇ ਹਨ, ਜਿਨ੍ਹਾਂ ਦੇ ਸੰਘਰਸ਼ ਦੇ ਦਿਨਾਂ ਦੀਆਂ ਰਿਹਰਸਲਾਂ ਕਰਦਿਆਂ ਦੇ ਵੀਡੀਓਜ਼ ਬਹੁਤ ਵਾਇਰਲ ਹੋ ਰਹੇ ਹਨ।
ਰਾਜਵੀਰ ਨੇ ਗਾਇਕੀ ਦੇ ਨਾਲ ਫਿਲਮਾਂ ਵਿੱਚ ਵੀ ਕੰਮ ਕੀਤਾ, ਜਿਨ੍ਹਾਂ ਵਿੱਚ ਮਿੰਦੋ ਤਹਿਸੀਲਦਾਰਨੀ ਪ੍ਰਮੁੱਖ ਸੀ। ਕਿਸਾਨ ਅੰਦੋਲਨ ਵੇਲੇ ਉਸ ਨੇ ਕਿਸਾਨਾਂ ਦੇ ਹੱਕ ਵਿੱਚ ਸੁਰਾਂ ਵਾਲੀ ਆਵਾਜ਼ ਬੁਲੰਦ ਕੀਤੀ। ਪੰਜਾਬ ਵਿੱਚ ਭਿਆਨਕ ਹੜ੍ਹ ਆਏ ਤਾਂ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਤੁਰ ਪਿਆ।
ਰਾਜਵੀਰ ਨੂੰ ਬਾਈਕਿੰਗ ਦਾ ਸ਼ੌਕ ਸੀ। ਉਹ ਪਹਾੜਾਂ ’ਚ ਬਾਈਕ ਰਾਈਡ ਕਰਦਾ ਹੀ ਹਾਦਸੇ ਦਾ ਸ਼ਿਕਾਰ ਗਿਆ। ਕਈ ਉਸ ਦੇ ਸ਼ੌਕ ਨੂੰ ਹੀ ਮੌਤ ਦਾ ਕਾਰਨ ਦੱਸ ਰਹੇ ਹਨ। ਬਾਈਕ ਰਾਈਡਿੰਗ ਦਾ ਸ਼ੌਕ ਪੂਰਾ ਕਰਨ ਲਈ ਉਸ ਨੇ ਆਪਣੀ ਸਖ਼ਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਸੀ। ਸਾਧਾਰਨ ਜ਼ਿਮੀਦਾਰ ਨੌਕਰੀਪੇਸ਼ਾ ਪਰਿਵਾਰ ’ਚੋਂ ਉੱਠ ਕੇ ਉਸ ਨੇ ਨਾਮ ਬਣਾਇਆ ਸੀ। ਸ਼ੌਕ ਨੂੰ ਪੂਰਾ ਕਰਨ ਲਈ ਉਸ ਨੇ ਆਪਣੀ ਕਮਾਈ ਨਾਲ ਮਹਿੰਗਾ ਮੋਟਰਸਾਈਕਲ ਖ਼ਰੀਦਿਆ। ਆਧੁਨਿਕ ਤਕਨੀਕ ਨਾਲ ਲੈਸ ਬੀਐਮਡਬਲਿਊ ਦਾ ਆਰ 1250 ਜੀਐਸ ਐਡਵੈਂਚਰ ਮੋਟਰ ਸਾਈਕਲ ਸੀ। ਉਹ ਮਜ਼ਬੂਤ ਹੈਲਮਟ ਦੇ ਨਾਲ ਬਾਈਕ ਰਾਈਡਿੰਗ ਲਈ ਲੋੜੀਂਦਾ ਸੇਫਟੀ ਸਾਮਾਨ ਜਿਵੇਂ ਜੈਕੇਟ, ਸਪੋਰਟ ਗਾਰਡ, ਆਰਮ ਸਪੋਰਟ ਗਾਰਡ ਅਤੇ ਹੈਂਡ ਗਲੱਵਜ਼ ਪਹਿਨ ਕੇ ਮੋਟਰਸਾਈਕਲ ਚਲਾਉਂਦਾ ਸੀ।
ਉਸ ਦੇ ਤੁਰ ਜਾਣ ਨੇ ਸਾਬਤ ਕਰ ਦਿੱਤਾ ਕਿ ਲੋਕ ਕਲਾਕਾਰ ਸਮੁੱਚੀ ਲੋਕਾਈ ਦੇ ਹੁੰਦੇ ਹਨ। ਇਸੇ ਲਈ ਰਾਜਵੀਰ ਜਵੰਦਾ ਲਈ ਲੱਖਾਂ ਲੋਕਾਂ ਨੇ ਦੁਆਵਾਂ ਕੀਤੀਆਂ। ਅੱਜ ਉਸ ਦੇ ਤੁਰ ਜਾਣ ਉੱਤੇ ਹਰ ਅੱਖ ਨਮ ਹੈ।
ਰਾਜਵੀਰ ਦੇ ਦਰਦਨਾਕ ਹਾਦਸੇ ਨੇ ਸਾਡੇ ਸੜਕੀ ਢਾਂਚੇ ਅਤੇ ਅਵਾਰਾ ਪਸ਼ੂਆਂ ਕਾਰਨ ਹੁੰਦੇ ਹਾਦਸਿਆਂ ਦਾ ਮੁੱਦਾ ਮੁੜ ਗਰਮਾ ਦਿੱਤਾ। ਸੜਕ ਹਾਦਸਿਆਂ ਦੀ ਗੱਲ ਕਰੀਏ ਤਾਂ ਦੇਸ਼ ਦੇ ਵੱਡੇ ਰਾਜਸੀ, ਪ੍ਰਸ਼ਾਸਨਿਕ ਤੇ ਕਈ ਉੱਚ ਅਹੁਦਿਆਂ ਉੱਤੇ ਬੈਠੇ ਵੱਡੇ ਵਿਅਕਤੀ ਵੀ ਇਸ ਦਾ ਸ਼ਿਕਾਰ ਹੋਏ ਹਨ। ਕਲਾ ਤੇ ਖੇਡ ਜਗਤ ਵਿੱਚ ਜਸਪਾਲ ਭੱਟੀ, ਕੁਲਵਿੰਦਰ ਢਿੱਲੋਂ, ਹਾਕੀ ਓਲੰਪੀਅਨ ਸੁਰਜੀਤ ਸਿੰਘ, ਹਰਜੀਤ ਬਾਜਾਖਾਨਾ ਤੇ ਉਸ ਦੇ ਚਾਰ ਸਾਥੀਆਂ ਸਣੇ ਕਈ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ।
ਕਾਸ਼! ਰਾਜਵੀਰ ਦੇ ਨਾਲ ਏਹ ਹਾਦਸਾ ਨਾ ਵਾਪਰਿਆ ਹੁੰਦਾ।
ਸੰਪਰਕ: 97800-36216