ਪੱਤੀ ਪੱਤੀ ਹੋਇਆ ਫੁੱਲ
ਕਹਾਣੀ
ਰਣਜੀਤ ਕੌਰ ਅਤੇ ਸੁਖਦੀਪ ਕੌਰ ਦੇ ਘਰ ਨਾਲ ਲੱਗਵੇਂ ਸਨ। ਰਣਜੀਤ ਦੇ ਡੈਡੀ ਮਹਿੰਦਰ ਸਿੰਘ ਵੜੈਚ ਫ਼ੌਜ ਵਿੱਚ ਮੇਜਰ ਸਨ। ਸੁਖਦੀਪ ਦੇ ਪਾਪਾ ਹਰਦਿਆਲ ਸਿੰਘ ਪੰਨੂ ਸੈਦੋਵਾਲ ਪਿੰਡ ਵਿੱਚ ਪਟਵਾਰੀ ਲੱਗੇ ਹੋਏ ਸਨ। ਪਿੰਡ ਵਿੱਚ ਪਟਵਾਰੀ ਤੱਕ ਹਰੇਕ ਬੰਦੇ ਨੂੰ ਕੋਈ ਨਾ ਕੋਈ ਕੰਮ ਧੰਦਾ ਪੈਂਦਾ ਹੀ ਰਹਿੰਦਾ ਹੈ। ਇਸ ਤਰ੍ਹਾਂ ਪੰਨੂ ਦੀ ਆਪਣੇ ਪਿੰਡ ਅਤੇ ਹੋਰ ਆਲ਼ੇ-ਦੁਆਲ਼ੇ ਦੇ ਪਿੰਡਾਂ ਵਿੱਚ ਚੰਗੀ ਪੈਂਠ ਬਣੀ ਹੋਈ ਸੀ। ਜੇ ਕਿਸੇ ਕਿਸਾਨ ਨੇ ਆਪਣੇ ਇੱਖ ਨੂੰ ਵੱਢਣਾ ਸ਼ੁਰੂ ਕਰਨਾ ਤਾਂ ਸਭ ਤੋਂ ਪਹਿਲਾਂ ਪੋਨੇ ਗੰਨਿਆਂ ਦੀ ਵੱਡੀ ਭਰੀ ਪਟਵਾਰੀ ਦੇ ਘਰ ਪਹੁੰਚ ਜਾਂਦੀ। ਜੇ ਕਿਸੇ ਜ਼ਿਮੀਦਾਰ ਦੇ ਖੇਤ ਛੱਲੀਆਂ ਪੱਕਣ’ਤੇ ਆਉਂਦੀਆਂ ਤਾਂ ਉਹ ਮੋਟੀਆਂ-ਮੋਟੀਆਂ ਛਾਂਟਵੀਆਂ ਛੱਲੀਆਂ ਨਾਲ ਬੋਰੀ ਭਰ ਕੇ ਉਸ ਦੇ ਘਰ ਛੱਡ ਆਉਂਦਾ। ਪਿੰਡ ਵਿੱਚ ਜ਼ਿਮੀਦਾਰਾਂ ਦੇ ਕਈ ਘਰ ਤਾਂ ਅਜਿਹੇ ਹਨ, ਜਿਹੜੇ ਪਟਵਾਰਨ ਦੇ ਬਿਨਾਂ ਕਹੇ ਹਰਾ ਛੋਲੀਆ, ਸਰ੍ਹੋਂ ਦਾ ਸਾਗ ਆਦਿ ਉਨ੍ਹਾਂ ਦੇ ਘਰ ਦੇ ਆਉਂਦੇ। ਇਉਂ ਖਾਣ ਪੀਣ ਦੀਆਂ ਵਸਤਾਂ ਉਨ੍ਹਾਂ ਦੇ ਘਰ ਵਿੱਚ ਰੁਲ਼ਦੀਆਂ ਰਹਿੰਦੀਆਂ।
ਉਹ ਜਦੋਂ ਵੀ ਆਪਣੇ ਦੁੱਗ-ਦੁੱਗ ਕਰਦੇ ਬੁਲੇਟ ਮੋਟਰਸਾਈਕਲ ’ਤੇ ਚੜ੍ਹ ਕੇ ਘਰੋਂ ਨਿਕਲਦਾ ਤਾਂ ਪਿੰਡ ਦਾ ਹਰੇਕ ਬੰਦਾ ਉਸ ਨਾਲ ਫ਼ਤਹਿ ਦੀ ਸਾਂਝ ਪਾਉਣ ਵਿੱਚ ਆਪਣੀ ਸ਼ਾਨ ਸਮਝਦਾ, ‘ਪੰਨੂੰ ਸਾਹਿਬ, ਸਤਿ ਸ੍ਰੀ ਅਕਾਲ।’ ‘ਰਾਮ ਰਾਮ ਪਟਵਾਰੀ ਜੀ।’ ‘ਨਮਸਕਾਰ ਪਟਵਾਰੀ ਸਾਹਿਬ।’ ‘ਜਿਊਂਦੇ ਵਸਦੇ ਰਹੋ ਪਟਵਾਰੀ ਸਾਹਿਬ। ਰੱਬ ਤੁਹਾਨੂੰ ਬਹੁਤਾ ਦੇਵੇ।’ ਸਭ ਦੀ ਦੁਆ ਸਲਾਮ ਕਬੂਲਦਾ ਹੋਇਆ ਉਹ ਸਾਹਮਣੇ ਵਾਲ਼ੇ ਦੀ ਹੈਸੀਅਤ ਅਨੁਸਾਰ ਯਥਾ ਸੰਭਵ ਉੱਤਰ ਦਿੰਦਾ ਜਾਂਦਾ। ਬਹੁਤਿਆਂ ਨੂੰ ਤਾਂ ਉਹ ਮਾੜਾ ਜਿਹਾ ਸਿਰ ਹੀ ਹਿਲਾਉਂਦਾ। ਪਿੰਡ ਦੇ ਲੋਕਾਂ ਕੋਲੋਂ ਮਿਲਦਾ ਇੰਨਾ ਮਾਣ ਸਨਮਾਨ ਉਸ ਦੀ ਧੌਣ ਨੂੰ ਹੋਰ ਵੀ ਅਕੜੇਵਾਂ ਚਾੜ੍ਹ ਦਿੰਦਾ। ਇਸੇ ਤਰ੍ਹਾਂ ਪਟਵਾਰਨ ਦੀ ਵੀ ਗਲ਼ੀ ਗੁਆਂਢ ਵਿੱਚ ਪੂਰੀ ਪੁੱਛ ਪ੍ਰਤੀਤ ਹੁੰਦੀ ਸੀ।
ਚੌਥੀ ਜਮਾਤ ਵਿੱਚ ਪੜ੍ਹਦੀਆਂ ਰਣਜੀਤ ਅਤੇ ਸੁਖਦੀਪ ਦੋਵੇਂ ਪੱਕੀਆਂ ਸਹੇਲੀਆਂ ਸਨ। ਸਵੇਰੇ ਸਕੂਲ ਜਾਣ ਵੇਲੇ ਜੇ ਰਣਜੀਤ ਨੇ ਰੋਟੀ ਟੁੱਕ ਖਾ ਕੇ ਪਹਿਲਾਂ ਤਿਆਰ ਹੋ ਜਾਣਾ ਤਾਂ ਉਹ ਸੁਖਦੀਪ ਦੇ ਘਰ ਆ ਜਾਂਦੀ। ਜੇ ਕਦੇ ਸੁਖਦੀਪ ਸੁਵਖਤੇ ਤਿਆਰ ਹੋ ਜਾਂਦੀ ਤਾਂ ਉਹ ਰਣਜੀਤ ਦੇ ਘਰ ਅੱਗੇ ਖਲੋ ਕੇ ਅਵਾਜ਼ ਮਾਰਦੀ, ‘‘ਜੀਤਾਂ, ਆ ਜਾ ਅੜੀਏ! ਸਕੂਲੇ ਚੱਲੀਏ।’’ ਉਸ ਦੀ ਸਾਹਾਂ ਤੋਂ ਪਿਆਰੀ ਸਹੇਲੀ ਰਣਜੀਤ ਨੇ ਉਸ ਨੂੰ ਬਹੁਤ ਹੀ ਮੋਹ ਭਿੱਜੇ ਲਫ਼ਜ਼ਾਂ ਵਿੱਚ ਕਹਿਣਾ, ‘‘ਬੱਸ, ਹੁਣੇ ਆਈ ਦੀਦੀ। ਮੈਂ ਬਿਲਕੁਲ ਤਿਆਰ ਈ ਆਂ।’’ ਇਉਂ ਦੋਵਾਂ ਕੁੜੀਆਂ ਨੇ ਇੱਕ ਦੂਜੀ ਦਾ ਹੱਥ ਫੜ ਕੇ ਸਕੂਲ ਦੇ ਰਾਹ ਪੈ ਜਾਣਾ। ਇਨ੍ਹਾਂ ਨਿੱਕੀਆਂ ਬਾਲੜੀਆਂ ਦੀਆਂ ਪਤਾ ਨਹੀਂ ਕਿੰਨੀਆਂ ਕੁ ਨਿੱਕੀਆਂ-ਨਿੱਕੀਆਂ ਗੱਲਾਂ ਸਨ ਕਿ ਉਨ੍ਹਾਂ ਦਾ ਛਣਕਦਾ ਹਾਸਾ ਰਾਹ ਜਾਂਦਿਆਂ ਨੂੰ ਖਿੱਚ ਪਾਉਂਦਾ ਸੀ।
ਜੇ ਦੋਵਾਂ ਦੀ ਪੜ੍ਹਾਈ ਦੀ ਗੱਲ ਕੀਤੀ ਜਾਂਦੀ ਤਾਂ ਰਣਜੀਤ ਟੀਸੀ ’ਤੇ ਖੜ੍ਹੀ ਸੀ। ਸੁਖਦੀਪ ਤਾਂ ਉਹਦੇ ਪਾਸਕੂ ਵੀ ਨਹੀਂ ਸੀ। ਜਿੱਥੇ ਰਣਜੀਤ ਹਮੇਸ਼ਾ ਮੋਹਰੀ ਹੋ ਕੇ ਵਿਚਰਦੀ ਸੀ, ਉੱਥੇ ਸੁਖਦੀਪ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਪਛੜੀ ਹੋਈ ਸੀ। ਰਣਜੀਤ ਨੇ ਆਪਣੀ ਫੱਟੀ ਨੂੰ ਪੋਚ ਕੇ ਰੀਝ ਨਾਲ ਲਿਖਣਾ ਤਾਂ ਸਕੂਲ ਦੇ ਅਧਿਆਪਕ ਮੋਤੀਆਂ ਵਾਂਗ ਚਿਣੇ ਉਸ ਦੇ ਸ਼ਬਦਾਂ ਨੂੰ ਵੇਖ ਕੇ ਅਸ਼-ਅਸ਼ ਕਰ ਉੱਠਦੇ ਸਨ। ਸਕੂਲ ਦੇ ਹੋਰਨਾਂ ਬੱਚਿਆਂ ਨੂੰ ਪ੍ਰੇਰਨਾ ਦੇਣ ਲਈ ਉਸ ਦੀ ਫੱਟੀ ਨੂੰ ਸਾਰੀਆਂ ਜਮਾਤਾਂ ਵਿੱਚ ਘੁਮਾਇਆ ਜਾਂਦਾ। ਕਿਸੇ ਅਧਿਆਪਕ ਨੇ ਉਸ ਨੂੰ ਦਸ ਵਿੱਚੋਂ ਦਸ ਨੰਬਰ ਦੇ ਦੇਣੇ। ਕੋਈ-ਕੋਈ ਅਧਿਆਪਕ ਉਸ ਨੂੰ ਦਸ ਵਿੱਚੋਂ ਸਾਢੇ ਨੌਂ ਨੰਬਰ ਵੀ ਦੇ ਦਿੰਦਾ ਸੀ। ਅਧਿਆਪਕਾਂ ਵੱਲੋਂ ਮਿਲਦੀ ‘ਸ਼ਾਬਾਸ਼’ ਨਾਲ ਉਸ ਦੀ ਪੜ੍ਹਾਈ-ਲਿਖਾਈ ਹੋਰ ਵੀ ਵਧੀਆ ਹੁੰਦੀ ਜਾਂਦੀ ਸੀ।
ਮਹੀਨੇ ਦੇ ਆਖ਼ਰੀ ਸ਼ਨਿੱਚਰਵਾਰ ਅੱਧੀ ਛੁੱਟੀ ਤੋਂ ਬਾਅਦ ਸਕੂਲ ਵਿੱਚ ਬਾਲ ਸਭਾ ਲੱਗਦੀ ਸੀ। ਇਸ ਵਿੱਚ ਬਹੁਤ ਸਾਰੇ ਬੱਚੇ ਚਾਈਂ-ਚਾਈਂ ਭਾਗ ਲੈਂਦੇ ਸਨ ਅਤੇ ਰਣਜੀਤ ਤਾਂ ਸਕੂਲ ਦਾ ਇੱਕ ਅਜਿਹਾ ਚਮਕਦਾ ਸਿਤਾਰਾ ਸੀ ਕਿ ਉਹ ਹਰ ਥਾਂ ’ਤੇ ਬਾਜ਼ੀ ਮਾਰ ਜਾਂਦੀ। ਪੰਜਾਬੀ ਲੋਕ ਗੀਤਾਂ ਨੂੰ ਤਾਂ ਉਹ ਬੜੀ ਰੂਹ ਨਾਲ ਗਾਉਂਦੀ ਸੀ। ਸਿੱਖ ਇਤਿਹਾਸ ਨਾਲ ਸੰਬੰਧਿਤ ਧਾਰਮਿਕ ਗੀਤ ‘ਕਿੱਥੇ ਮਾਤਾ ਤੋਰਿਆ, ਅਜੀਤ ਤੇ ਜੁਝਾਰ ਨੂੰ। ਮਹਿਲਾਂ ਦੀਆਂ ਰੌਣਕਾਂ ਤੇ ਵਿਹੜੇ ਦੇ ਸ਼ਿੰਗਾਰ ਨੂੰ’, ‘ਚੰਨ ਮਾਤਾ ਗੁਜਰੀ ਦਾ, ਬੈਠਾ ਕੰਡਿਆਂ ਦੀ ਸੇਜ ਵਿਛਾਈ। ਸੀਨੇ ਨਾਲ਼ ਤੇਗ਼ ਲਾ ਲਈ, ਜਦੋਂ ਯਾਦ ਪੁੱਤਰਾਂ ਦੀ ਆਈ’ ਜਦੋਂ ਉਹ ਗਾਉਂਦੀ ਸੀ ਤਾਂ ਸਮਾਂ ਬੰਨ੍ਹ ਕੇ ਰੱਖ ਦਿੰਦੀ ਸੀ। ਜਿਉਂ ਹੀ ਉਹ ਗੀਤ ਗਾ ਕੇ ਮੰਚ ਤੋਂ ਹੇਠਾਂ ਉੱਤਰਦੀ ਤਾਂ ਸਾਰੇ ਅਧਿਆਪਕ ਅਤੇ ਬੱਚੇ ਤਾੜੀਆਂ ਦੀ ਗੜਗੜਾਹਟ ਨਾਲ ਉਸ ਨੂੰ ਭਰਪੂਰ ਦਾਦ ਦਿੰਦੇ ਸਨ।
ਦੂਜੇ ਪਾਸੇ ਉਸ ਦੀ ਸਹੇਲੀ ਸੁਖਦੀਪ ਪੜ੍ਹਾਈ ਤੋਂ ਇਲਾਵਾ ਹੋਰ ਵੀ ਹਰ ਗੱਲ ਵਿੱਚ ਪਛੜੀ ਹੋਈ ਸੀ। ਉਸ ਦੀ ਲਿਖਾਈ ਇੰਨੀ ਭੈੜੀ ਸੀ ਕਿ ਕਈ ਵਾਰੀ ਤਾਂ ਉਸ ਦਾ ਆਪਣਾ ਲਿਖਿਆ ਹੋਇਆ ਵੀ ਉਸ ਤੋਂ ਪੜ੍ਹਿਆ ਨਾ ਜਾਂਦਾ। ਅਧਿਆਪਕਾਂ ਲਈ ਤਾਂ ਪੜ੍ਹਨਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਸੀ। ਮੈਡਮ ਸ਼ਹਿਨਾਜ ਨੇ ਜਦੋਂ ਸੁਖਦੀਪ ਨੂੰ ਪੰਜਾਬੀ ਦਾ ਪਾਠ ਪੜ੍ਹਨ ਲਈ ਕਹਿਣਾ ਤਾਂ ਉਹ ਬਹੁਤ ਹੌਲ਼ੀ ਜਿਹੀ ਅਵਾਜ਼ ਵਿੱਚ ਬਸ ਇੱਕ ਦੋ ਲਫ਼ਜ਼ ਹੀ ਹੀਲੇ ਕਰ-ਕਰ ਕੇ ਮਸਾਂ ਪੜ੍ਹਦੀ ਸੀ। ਬੱਸ ਉੱਥੇ ਹੀ ਉਸ ਦੀਆਂ ਬਰੇਕਾਂ ਲੱਗ ਜਾਂਦੀਆਂ ਸਨ। ਹਿਸਾਬ ਦੇ ਸੁਆਲ ਕੱਢਣ ਵਿੱਚ ਵੀ ਉਹ ਬਹੁਤ ਪਿੱਛੇ ਸੀ। ਹਿੰਦੀ ਅਤੇ ਅੰਗਰੇਜ਼ੀ ਤਾਂ ਉਸ ਨੂੰ ਬਿਲਕੁਲ ਹੀ ਪੜ੍ਹਨੀ ਨਹੀਂ ਸੀ ਆਉਂਦੀ। ਇਸ ਕਾਰਨ ਜਮਾਤ ਵਿੱਚ ਉਸ ਨੂੰ ਝਿੜਕਾਂ ਪੈਂਦੀਆਂ ਤਾਂ ਉਸ ਦੇ ਉਤਰੇ ਚਿਹਰੇ ਵੱਲ ਦੇਖ ਕੇ ਰਣਜੀਤ ਦਾ ਵੀ ਚਿਹਰਾ ਉਤਰ ਜਾਂਦਾ, ਪਰ ਉਹ ਆਪਣੀ ਸਹੇਲੀ ਲਈ ਕੁਝ ਵੀ ਨਹੀਂ ਸੀ ਕਰ ਸਕਦੀ। ਹਾਂ, ਸਾਰੀ ਛੁੱਟੀ ਹੋਣ ’ਤੇ ਘਰ ਜਾਂਦਿਆਂ ਉਹ ਜ਼ਰੂਰ ਆਪਣੀ ਸਹੇਲੀ ਨੂੰ ਆਖਦੀ, ‘‘ਸੁੱਖਾਂ ਭੈਣ, ਜਦੋਂ ਸਕੂਲ ਵਿੱਚ ਤੈਨੂੰ ਝਿੜਕਾਂ ਪੈਂਦੀਆਂ ਨੇ ਨਾ ਤਾਂ ਮੇਰਾ ਮਨ ਬਹੁਤ ਦੁਖੀ ਹੁੰਦੈ। ਪਰ ਉੱਥੇ ਮੇਰਾ ਕੋਈ ਵੱਸ ਨਹੀਂ ਚੱਲਦਾ। ਤੂੰ ਮੇਰੀ ਭੈਣ ਬਣ ਕੇ ਪੜ੍ਹਿਆ ਕਰ। ਮੇਰੇ ਡੈਡੀ ਜੀ ਜਦੋਂ ਵੀ ਛੁੱਟੀ ਆਉਂਦੇ ਐ ਤਾਂ ਉਹ ਮੈਨੂੰ ਇੱਕੋ ਗੱਲ ਆਖਦੇ ਹੁੰਦੇ ਐ- ‘ਪੜ੍ਹਾਈ ਕਰਨ ਨਾਲ ਹੀ ਜ਼ਿੰਦਗੀ ਬਣਦੀ ਹੈ। ਜਿਹੜੇ ਬੱਚੇ ਪੜ੍ਹਾਈ ਵਿੱਚ ਆਪਣਾ ਮਨ ਨਹੀਂ ਲਾਉਂਦੇ, ਉਨ੍ਹਾਂ ਨੂੰ ਸਾਰੀ ਉਮਰ ਪਛਤਾਉਣਾ ਪੈਂਦਾ ਹੈ।’ ਦੇਖ, ਤੂੰ ਮੇਰੀ ਪੱਕੀ ਸਹੇਲੀ ਐਂ। ਏਸ ਲਈ ਭੈਣੇ ਤੂੰ ਜ਼ਰੂਰ ਪੜ੍ਹਿਆ ਕਰ।’’
ਆਪਣੀ ਪਿਆਰੀ ਸਹੇਲੀ ਦੀਆਂ ਸਿਆਣੀਆਂ ਗੱਲਾਂ ਸੁਣ ਕੇ ਇੱਕ ਵਾਰੀ ਤਾਂ ਸੁਖਦੀਪ ਦਾ ਮਨ ਦ੍ਰਿੜ੍ਹਤਾ ਫੜ ਜਾਂਦਾ, ਪਰ ਘਰ ਜਾਂਦਿਆਂ ਹੀ ਜਿਵੇਂ ਉਸ ਨੂੰ ਸਭ ਕੁਝ ਭੁੱਲ ਭੁਲਾ ਜਾਂਦਾ। ਉਹ ਆਪਣਾ ਸਕੂਲ ਵਾਲਾ ਬਸਤਾ ਸੁੱਟ ਕੇ ਟੈਲੀਵਿਜ਼ਨ ਲਾ ਲੈਂਦੀ। ਇੱਕ ਨਾਟਕ ਮੁੱਕਦਾ, ਦੂਜਾ ਸ਼ੁਰੂ ਹੋ ਜਾਂਦਾ। ਦੂਜਾ ਮੁੱਕਦਾ ਤਾਂ ਤੀਜਾ ਸ਼ੁਰੂ ਹੋ ਜਾਂਦਾ। ਟੈਲੀਵਿਜ਼ਨ ਅੱਗੇ ਬੈਠਿਆਂ ਹੀ ਉਹ ਰੋਟੀ ਖਾਣ ਲੱਗ ਪੈਂਦੀ। ਲੋਕਾਂ ਦੇ ਘਰੋਂ ਆਈਆਂ ਵਸਤਾਂ ਵੇਖ ਕੇ ਉਸ ਨੂੰ ਲੱਗਦਾ ਸੀ ਕਿ ਇਹ ਸਭ ਕੁਝ ਤਾਂ ਆਪਣੇ ਆਪ ਹੀ ਘਰ ਵਿੱਚ ਆਈ ਜਾਂਦਾ ਹੈ, ਫਿਰ ਪੜ੍ਹਾਈ ਲਈ ਮੱਥਾ ਮਾਰਨ ਦੀ ਕੀ ਲੋੜ ਹੈ?
ਪੰਜਵੀਂ ਜਮਾਤ ਦਾ ਇਮਤਿਹਾਨ ਬੋਰਡ ਨੇ ਫਰਵਰੀ ਮਹੀਨੇ ਵਿੱਚ ਹੀ ਲੈ ਲਿਆ ਸੀ। ਸਕੂਲ ਦੀਆਂ ਬਾਕੀ ਜਮਾਤਾਂ ਦੇ ਪੇਪਰ ਦਸ ਮਾਰਚ ਨੂੰ ਆਰੰਭ ਹੋ ਗਏ ਸਨ। ਚੌਵੀ ਮਾਰਚ ਨੂੰ ਆਖ਼ਰੀ ਪੇਪਰ ਸੀ। ਚਾਰ ਦਿਨਾਂ ਵਿੱਚ ਸਕੂਲ ਦੇ ਸਾਰੇ ਅਧਿਆਪਕਾਂ ਨੇ ਪੇਪਰ ਚੈੱਕ ਕਰਕੇ ਫਾਈਨਲ ਲਿਸਟਾਂ ਸਕੂਲ ਮੁਖੀ ਗੁਰਨਾਮ ਸਿੰਘ ਸੇਖੋਂ ਕੋਲ ਪਹੁੰਚਾ ਦਿੱਤੀਆਂ ਸਨ। ਤੀਹ ਮਾਰਚ ਨੂੰ ਐਤਵਾਰ ਸੀ। ਇਸ ਕਰਕੇ 29 ਮਾਰਚ ਨੂੰ ਹੀ ਰਿਜ਼ਲਟ ਕੱਢਿਆ ਜਾਣਾ ਸੀ। ਬੱਚੇ ਆਪੋ ਆਪਣੇ ਘਰਾਂ ਤੋਂ ਤਿਆਰ ਹੋ ਕੇ ਚਾਈਂ-ਚਾਈਂ ਸਕੂਲ ਆ ਰਹੇ ਸਨ। ਸੁਖਦੀਪ ਨੇ ਆਪਣੇ ਘਰ ਦੇ ਵਿਹੜੇ ਵਿੱਚ ਖਿੜੇ ਗੇਂਦੇ ਅਤੇ ਗੁਲਾਬ ਦੇ ਫੁੱਲਾਂ ਨੂੰ ਤੋੜ ਕੇ ਇੱਕ ਵੱਡੇ ਰੁਮਾਲ ਵਿੱਚ ਬੰਨ੍ਹ ਲਿਆ ਸੀ। ਉਸ ਨੇ ਸਹੇਲੀ ਦੇ ਘਰ ਅੱਗੇ ਖਲੋ ਕੇ ‘ਜੀਤਾਂ’ ਕਹਿ ਕੇ ਅਵਾਜ਼ ਮਾਰੀ ਤਾਂ ਰਣਜੀਤ ਉਸੇ ਵੇਲੇ ਦੌੜ ਕੇ ਬਾਹਰ ਆ ਗਈ। ਉਸ ਨੇ ਸੁਖਦੀਪ ਦੇ ਹੱਥਾਂ ਵਿੱਚ ਫੜੀ ਪੋਟਲੀ ਵੇਖੀ। ਉਸ ਨੇ ਬੜੀ ਹੈਰਾਨੀ ਅਤੇ ਉਤਸੁਕਤਾ ਨਾਲ ਪੁੱਛਿਆ, ‘‘ਆਹ ਪੋਟਲੀ ਵਿੱਚ ਕੀ ਬੰਨ੍ਹਿਆ ਏ ਸੁਖਦੀਪ?’’
‘‘ਲੈ, ਤੈਨੂੰ ਨ੍ਹੀਂ ਪਤਾ? ਅੱਜ ਆਪਣੇ ਸ਼ਹਿਨਾਜ਼ ਮੈਡਮ ਨੇ ਨਤੀਜਾ ਸੁਣਾਉਣਾ ਏ। ਜਿਉਂ ਹੀ ਮੈਡਮ ਨਤੀਜਾ ਸੁਣਾ ਕੇ ਹਟਣਗੇ, ਮੈਂ ਉਸੇ ਵੇਲੇ ਫੁੱਲਾਂ ਦੀ ਵਰਖਾ ਮੈਡਮ ਉੱਤੇ ਕਰਾਂਗੀ।’’ ਸੁਖਦੀਪ ਨੇ ਚਹਿਕਦਿਆਂ ਕਿਹਾ।
‘‘ਅੱਛਾ! ਅੱਛਾ! ਠੀਕ ਐ। ਚੱਲ ਆ ਹੁਣ ਸਕੂਲੇ ਚੱਲੀਏ। ਕਿਤੇ ਅਜਿਹਾ ਨਾ ਹੋਵੇ ਕਿ ਆਪਣੇ ਸਕੂਲ ਪਹੁੰਚਣ ਤੋਂ ਪਹਿਲਾਂ ਹੀ ਸ਼ਹਿਨਾਜ਼ ਮੈਡਮ ਨਤੀਜਾ ਸੁਣਾ ਦੇਣ ਤੇ ਤੇਰੇ ਇਨ੍ਹਾਂ ਖਿੜੇ ਫੁੱਲਾਂ ਦੀ ਖ਼ੁਸ਼ਬੋ ਇਸ ਰੁਮਾਲ ਵਿੱਚ ਹੀ ਦੱਬ ਕੇ ਰਹਿ ਜਾਵੇ।’’
ਉਹ ਦੋਵਾਂ ਹੱਸਦੀਆਂ ਹੋਈਆਂ ਗੱਲਾਂ ਕਰਦੀਆਂ ਸਕੂਲ ਪਹੁੰਚ ਗਈਆਂ। ਬਹੁਤ ਸਾਰੇ ਬੱਚੇ ਪਹਿਲਾਂ ਹੀ ਸਕੂਲ ਆ ਚੁੱਕੇ ਸਨ। ਸਾਰਿਆਂ ਦੇ ਚਿਹਰੇ ਫੁੱਲਾਂ ਵਾਂਗੂੰ ਖਿੜੇ ਹੋਏ ਸਨ। ਸਕੂਲ ਦੀ ਘੰਟੀ ਵੱਜਣ ’ਤੇ ਸਾਰੇ ਬੱਚੇ ਸਵੇਰ ਦੀ ਸਭਾ ਵਾਲੇ ਮੈਦਾਨ ਵਿੱਚ ਇਕੱਠੇ ਹੋ ਗਏ। ਸੁਖਦੀਪ ਨੇ ਫੁੱਲਾਂ ਵਾਲੀ ਪੋਟਲੀ ਦੀ ਗੰਢ ਖੋਲ੍ਹ ਲਈ। ਉਸ ਨੇ ਪੋਟਲੀ ਨੂੰ ਆਪਣੀ ਝੋਲ਼ੀ ਵਿੱਚ ਰੱਖ ਕੇ ਦੋਵੇਂ ਮੁੱਠੀਆਂ ਵਿੱਚ ਫੁੱਲਾਂ ਦੀਆਂ ਪੱਤੀਆਂ ਭਰ ਲਈਆਂ। ਸਾਹਮਣੇ ਸ਼ਹਿਨਾਜ਼ ਮੈਡਮ ਨਤੀਜੇ ਵਾਲੀ ਫਾਈਲ ਲੈ ਕੇ ਸਟੇਜ ਉੱਤੇ ਚੜ੍ਹ ਰਹੇ ਸਨ। ਸਕੂਲ ਦੇ ਮੁਖੀ ਅਤੇ ਹੋਰ ਅਧਿਆਪਕ ਬੱਚਿਆਂ ਵੱਲ ਮੂੰਹ ਕਰਕੇ ਸਟੇਜ ਦੇ ਬਿਲਕੁਲ ਨਜ਼ਦੀਕ ਖੜ੍ਹੇ ਸਨ।
ਮੈਡਮ ਲੈਕਚਰ ਸਟੈਂਡ ਕੋਲ ਆ ਗਏ। ਉਨ੍ਹਾਂ ਨੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਪਿਆਰੇ ਬੱਚਿਓ! ਜਿਸ ਤਰ੍ਹਾਂ ਇੱਕ ਕਿਸਾਨ ਪੂਰਾ ਸਾਲ ਮਿਹਨਤ ਕਰਦਾ ਹੈ ਤਾਂ ਕਿਤੇ ਜਾ ਕੇ ਉਸ ਨੂੰ ਆਪਣੀ ਕੀਤੀ ਮਿਹਨਤ ਦਾ ਫ਼ਲ ਮਿਲਦਾ ਹੈ। ਇਸੇ ਤਰ੍ਹਾਂ ਬੱਚੇ ਵੀ ਪੂਰਾ ਸਾਲ ਸਖ਼ਤ ਮਿਹਨਤ, ਲਗਨ, ਦ੍ਰਿੜ੍ਹਤਾ ਅਤੇ ਸਿਰੜ ਨਾਲ਼ ਪੜ੍ਹਾਈ ਕਰਦੇ ਹਨ ਤੇ ਉਹ ਸਾਰੇ ਨਤੀਜੇ ਦੇ ਦਿਨ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਸਾਲ ਭਰ ਦੀ ਕੀਤੀ ਮਿਹਨਤ ਦਾ ਫ਼ਲ ਮਿਲਣਾ ਹੁੰਦਾ ਹੈ। ਇਹ ਨਤੀਜਾ ਹੀ ਸਾਨੂੰ ਸਾਰਿਆਂ ਨੂੰ ਦੱਸਦਾ ਹੈ ਕਿ ਲੰਘੇ ਸਾਲ ਵਿੱਚ ਕਿਹੜੇ ਬੱਚੇ ਨੇ ਕਿੰਨੀ ਮਿਹਨਤ ਕੀਤੀ ਹੈ। ਮੈਨੂੰ ਇਹ ਦੱਸਦਿਆਂ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਪਹਿਲੀ, ਦੂਜੀ, ਤੀਜੀ ਜਮਾਤ ਦੇ ਸਾਰੇ ਬੱਚੇ ਵਧੀਆ ਅੰਕ ਲੈ ਕੇ ਪਾਸ ਹੋਏ ਹਨ। ਹੁਣ ਤੁਸੀਂ ਸਾਰੇ ਨਵੀਂ ਸ਼੍ਰੇਣੀ ਦੇ ਵਿਦਿਆਰਥੀ ਹੋ ਗਏ ਹੋ। ਚੌਥੀ ਜਮਾਤ ਵਿੱਚੋਂ ਰਣਜੀਤ ਕੌਰ ਸਪੁੱਤਰੀ ਮੇਜਰ ਮਹਿੰਦਰ ਸਿੰਘ ਵੜੈਚ ਸਾਰੇ ਵਿਸ਼ਿਆਂ ਵਿੱਚੋਂ ਸੌ ਫ਼ੀਸਦੀ ਅੰਕ ਲੈ ਕੇ ਅੱਵਲ ਆਈ ਹੈ। ਸੁਖਚੈਨ ਸਿੰਘ ਪੁੱਤਰ ਸ. ਸਰਵਨ ਸਿੰਘ ਨੇ ਸਤੱਨਵੇਂ ਫ਼ੀਸਦੀ ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਹੈ। ਅਰੂੰਨਾ ਨਾਦਰ ਭੱਟੀ ਸਪੁੱਤਰੀ ਜਨਾਬ ਨਾਦਰ ਅਲੀ ਭੱਟੀ ਇਕੱਨਵੇਂ ਫ਼ੀਸਦੀ ਅੰਕ ਲੈ ਕੇ ਆਪਣੀ ਜਮਾਤ ਵਿੱਚੋਂ ਤੀਜੇ ਸਥਾਨ ’ਤੇ ਆਈ ਹੈ। ਇਨ੍ਹਾਂ ਤਿੰਨਾਂ ਬੱਚਿਆਂ ਅਤੇ ਇਨ੍ਹਾਂ ਦੇ
ਮਾਤਾ ਪਿਤਾ ਨੂੰ ਬਹੁਤ-ਬਹੁਤ ਵਧਾਈਆਂ ਹੋਣ। ਪਰ ਸੁਖਦੀਪ ਕੌਰ ਪੁੱਤਰੀ ਸ. ਹਰਦਿਆਲ ਸਿੰਘ ਪੰਨੂ ਸਾਰੇ ਵਿਸ਼ਿਆਂ ਵਿੱਚੋਂ ਫੇਲ੍ਹ ਹੈ। ਇਸ ਕਰਕੇ ਉਹ ਚੌਥੀ ਜਮਾਤ ਵਿੱਚ ਹੀ ਬੈਠੇਗੀ।’’
ਜਿਉਂ ਹੀ ਸੁਖਦੀਪ ਦੇ ਕੰਨਾਂ ਵਿੱਚ ਸ਼ਹਿਨਾਜ਼ ਮੈਡਮ ਦੇ ਬੋਲ ਪਏ, ਉਸ ਦੇ ਹੱਥਾਂ ਵਿੱਚ ਫੜੀਆਂ ਫੁੱਲਾਂ ਦੀਆਂ ਰੰਗ ਬਰੰਗੀਆਂ ਪੱਤੀਆਂ ਰੇਤੇ ਉੱਤੇ ਬਿਖਰ ਗਈਆਂ। ਉਸ ਨੂੰ ਇੰਝ ਮਹਿਸੂਸ ਹੋ ਰਿਹਾ ਸੀ, ਜਿਵੇਂ ਪੋਟਲੀ ਵਿੱਚ ਬੰਨ੍ਹੇ ਫੁੱਲਾਂ ਦੀ ਖ਼ੁਸ਼ਬੋ ਕਿੱਧਰੇ ਖਿੰਡ ਪੁੰਡ ਗਈ ਹੋਵੇ। ਉਸ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ। ਸਹੇਲੀ ਨੂੰ ਰੋਂਦਿਆਂ ਵੇਖ ਕੇ ਰਣਜੀਤ ਦੀਆਂ ਅੱਖਾਂ ਵਿੱਚ ਵੀ ਪਾਣੀ ਸਿੰਮ ਆਇਆ ਸੀ। ਉਸ ਨੇ ਧਾਹ ਕੇ ਸੁਖਦੀਪ ਨੂੰ ਗਲਵੱਕੜੀ ਪਾ ਲਈ।
ਸੰਪਰਕ: 84276-85020