ਇੱਕ ਕੇਸ
ਪਿਛਲੇ ਲੰਮੇ ਸਮੇਂ ਤੋਂ ਮੈਂ ਤਰਕਸ਼ੀਲ ਸੁਸਾਇਟੀ ਮਨੋਰੋਗ ਮਸ਼ਵਰਾ ਕੇਂਦਰ ਵਿੱਚ ਜਾਂਦਾ ਹਾਂ। ਉੱਥੇ ਵੱਖ-ਵੱਖ ਤਰ੍ਹਾਂ ਦੇ ਕੇਸ ਆਉਂਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾ ਵਿਅਕਤੀ ਮਾਨਸਿਕ ਤੌਰ ’ਤੇ ਬਿਮਾਰ ਹੁੰਦੇ ਹਨ। ਉਨ੍ਹਾਂ ਨੂੰ ਪੰਜਾਬ ਵਿੱਚ ਸਹੀ ਥਾਂ ਲਿਜਾਇਆ ਹੀ ਨਹੀਂ ਜਾਂਦਾ, ਜਿਸ ਕਰਕੇ ਉਨ੍ਹਾਂ ਦੀ ਲੁੱਟ ਬੂਬਨੇ ਸਾਧ, ਅਖੌਤੀ ਬਾਬੇ ਜਾਂ ਹੋਰ ਅਜਿਹੇ ਪਾਖੰਡੀ ਲੋਕ ਕਰਦੇ ਹਨ। ਤਰਕਸ਼ੀਲ ਸੁਸਾਇਟੀ ਨੇ ਇਹ ਮਨੋਰੋਗ ਕੇਂਦਰ ਇਸੇ ਮਕਸਦ ਨਾਲ ਖੋਲ੍ਹਿਆ ਹੈ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਲੋਕ ਆਪਣਾ ਸਹੀ ਇਲਾਜ ਮਨੋਰੋਗ ਮਾਹਿਰ ਡਾਕਟਰਾਂ ਕੋਲੋਂ ਕਰਵਾ ਸਕਣ। ਤਰਕਸ਼ੀਲ ਸੁਸਾਇਟੀ ਦੇ ਕਾਮੇ ਮਾਹਿਰ ਮਨੋਰੋਗ ਡਾਕਟਰਾਂ ਦੀ ਜਾਣਕਾਰੀ, ਉਨ੍ਹਾਂ ਦਾ ਰਿਹਾਇਸ਼ੀ ਪਤਾ, ਹਸਪਤਾਲ ਆਦਿ ਬਾਰੇ ਜਾਣਕਾਰੀ ਦਿੰਦੇ ਹਨ ਤੇ ਭੂਤਾਂ, ਪ੍ਰੇਤਾਂ ਵਾਲੇ ਕੇਸ ਨੂੰ ਆਪਣੇ ਪੱਧਰ ’ਤੇ ਹੱਲ ਵੀ ਕਰਦੇ ਹਨ। ਇਸ ਕੰਮ ਲਈ ਡਾਕਟਰ ਚੰਨਣ ਵਾਂਦਰ, ਰਾਜ ਮੱਲਾ ਤੇ ਮੈਂ (ਜਸਕਰਨ ਲੰਡੇ) ਹਰ ਸ਼ਨਿਚਰਵਾਰ ਆਪਣੀ ਡਿਊਟੀ ਦਿੰਦੇ ਹਾਂ। ਇੱਕ ਦਿਨ ਡਾਕਟਰ ਚੰਨਣ ਵਾਂਦਰ ਨੂੰ ਕੋਈ ਖ਼ਾਸ ਕੰਮ ਹੋਣ ਕਰਕੇ ਉਹ ਮਨੋਰੋਗ ਕੇਂਦਰ ਵਿੱਚ ਨਹੀਂ ਸੀ ਪਹੁੰਚ ਸਕੇ ਤੇ ਸਾਰੇ ਮਰੀਜ਼ਾਂ ਦੀ ਜ਼ਿੰਮੇਵਾਰੀ ਤਕਰੀਬਨ ਮੇਰੇ ਮੋਢਿਆਂ ’ਤੇ ਸੀ ਕਿਉਂਕਿ ਰਾਜ ਮੱਲਾ ਸਾਡਾ ਸਹਾਇਕ ਹੈ। ਉਸ ਦਿਨ ਇੱਕ ਵੱਖਰਾ ਕੇਸ ਦੇਖਣ ਨੂੰ ਮਿਲਿਆ ਸੀ। ਮੈਂ ਦੂਰੋਂ ਵੇਖਿਆ ਕਿ ਉਹ ਇੱਕ ਔਰਤ ਸੀ ਜਿਸ ਨੂੰ ਤਿੰਨ ਬੰਦੇ ਫੜ ਕੇ ਲਿਆ ਰਹੇ ਸਨ ਤੇ ਪੀੜਤ ਔਰਤ ਨੂੰ ਉਨ੍ਹਾਂ ਨੇ ਥੱਲੇ ਹੀ ਬਿਠਾ ਦਿੱਤਾ। ਅਸੀਂ ਕੁਰਸੀ ’ਤੇ ਬੈਠਣ ਨੂੰ ਕਿਹਾ ਪਰ ਉਨ੍ਹਾਂ ਨੇ ਇਹ ਕਹਿ ਕੇ ਥੱਲੇ ਬਿਠਾ ਦਿੱਤਾ ਕਿ ਇਹ ਕੁਰਸੀ ਤੋਂ ਚੱਕਰ ਖਾ ਕੇ ਡਿੱਗ ਪੈਂਦੀ ਹੈ। ਇਸ ਨੂੰ ਕੋਈ ਕਸਰ ਹੁੰਦੀ ਹੈ। ਉਸ ਦੀ ਵਾਰੀ ਆਉਣ ’ਤੇ ਪਹਿਲਾਂ ਅਸੀਂ ਉਸ ਦੇ ਪਤੀ ਨਾਲ ਗੱਲ ਕੀਤੀ ਅਤੇ ਮੈਂ ਉਨ੍ਹਾਂ ਨੂੰ ਉਸ ਪੀੜਤ ਔਰਤ ਨੂੰ ਮੇਰੇ ਕੋਲ ਇਕੱਲੀ ਛੱਡਣ ਲਈ ਕਿਹਾ। ਬਾਅਦ ਵਿੱਚ ਜਦੋਂ ਉਹ ਮੇਰੇ ਕੋਲ ਪੀੜਤ ਨੂੰ ਕਮਰੇ ਵਿੱਚ ਛੱਡਣ ਲਈ ਆਏ ਤਾਂ ਉਨ੍ਹਾਂ ਨੇ ਉੱਥੇ ਵੀ ਉਸ ਨੂੰ ਕੁਰਸੀ ਉੱਤੇ ਬੈਠਣ ਲਈ ਕਿਹਾ ਪਰ ਉਸ ਨੇ ਇਨਕਾਰ ਕਰ ਦਿੱਤਾ। ਮੈਂ ਉਨ੍ਹਾਂ ਨੂੰ ਕਿਹਾ, ‘‘ਕੋਈ ਗੱਲ ਨਹੀਂ ਵੀਰ ਜੀ, ਤੁਸੀਂ ਇਨ੍ਹਾਂ ਨੂੰ ਛੱਡ ਕੇ ਜਾਓ। ਇਨ੍ਹਾਂ ਨੂੰ ਕੁਝ ਨਹੀਂ ਹੋਵੇਗਾ। ਅਸੀਂ ਇਨ੍ਹਾਂ ਨੂੰ ਬਿਲਕੁਲ ਦੌਰਾ ਨਹੀਂ ਪੈਣ ਦੇਵਾਂਗੇ।’’ ਮਾਹੌਲ ਥੋੜ੍ਹਾ ਸ਼ਾਂਤ ਹੋਣ ’ਤੇ ਮੈਂ ਉਸ ਨੂੰ ਪਹਿਲਾ ਸਵਾਲ ਕੀਤਾ, ‘‘ਭੈਣ ਜੀ, ਕੀ ਤੁਸੀਂ ਠੀਕ ਹੋਣਾ ਚਾਹੁੰਦੇ ਹੋ?” ਉਨ੍ਹਾਂ ਨੇ ਹਾਂ ਵਿੱਚ ਸਿਰ ਹਿਲਾਇਆ। ਮੈਂ ਉਸ ਨੂੰ ਕਿਹਾ, ‘‘ਭੈਣ ਜੀ, ਨਾ ਤਾਂ ਤੁਹਾਨੂੰ ਮਿਰਗੀ ਤੇ ਨਾ ਹੀ ਤੁਹਾਨੂੰ ਹੋਰ ਕੋਈ ਸਰੀਰਕ ਦੌਰਾ ਪੈਂਦਾ ਹੈ। ਇਹ ਇੱਕ ਮਾਨਸਿਕ ਦੌਰਾ ਹੈ।’’ ਮੈਂ ਉਸ ਔਰਤ ਦੇ ਪਤੀ ਤੋਂ ਦੌਰੇ ਦੇ ਲੱਛਣਾਂ ਬਾਰੇ ਪਹਿਲਾਂ ਹੀ ਪੁੱਛ ਲਿਆ ਸੀ। ਇਸੇ ਕਰਕੇ ਮੈਂ ਉਸ ਨੂੰ ਇਹ ਕਿਹਾ। ਫਿਰ ਮੈਂ ਉਸ ਪੀੜਤ ਔਰਤ ਨੂੰ ਕਿਹਾ, ‘‘ਭੈਣ ਜੀ, ਤੁਸੀਂ ਇਸ ਬਿਮਾਰੀ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ। ਤੁਹਾਡੇ ਤੋਂ ਬਿਨਾਂ ਇਸ ਬਿਮਾਰੀ ਬਾਰੇ ਹੋਰ ਕੋਈ ਵੀ ਨਹੀਂ ਜਾਣਦਾ। ਜੇ ਤੁਸੀਂ ਮੈਨੂੰ ਇਸ ਬਿਮਾਰੀ ਦਾ ਸਹੀ ਕਾਰਨ ਦੱਸੋਗੇ ਤਾਂ ਅਸੀਂ ਤੁਹਾਡਾ ਇਲਾਜ ਅੱਜ ਹੀ, ਹੁਣੇ ਹੀ ਕਰ ਦੇਵਾਂਗੇ ਤੇ ਤੁਸੀਂ ਅੱਜ ਤੋਂ ਬਾਅਦ ਵਧੀਆ ਨਾਰਮਲ ਜ਼ਿੰਦਗੀ ਜਿਊਂ ਸਕੋਗੇ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਤੁਸੀਂ ਜੋ ਵੀ ਮੈਨੂੰ ਦੱਸੋਗੇ ਉਹ ਗੱਲ ਮੈਂ ਹੋਰ ਕਿਸੇ ਨੂੰ ਵੀ ਨਹੀਂ ਦੱਸਾਂਗਾ। ਇਹ ਗੱਲ ਸਿਰਫ਼ ਤੁਹਾਡੇ ਤੇ ਮੇਰੇ ਵਿੱਚ ਹੀ ਰਹੇਗੀ।’’
ਉਹ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਰਹੀ ਸੀ। ਮੈਨੂੰ ਲੱਗਾ ਉਸ ਨੇ ਮੇਰੇ ’ਤੇ ਵਿਸ਼ਵਾਸ ਕਰ ਲਿਆ ਸੀ। ਮੈਨੂੰ ਵੀ ਵਿਸ਼ਵਾਸ ਸੀ ਕਿ ਉਹ ਆਪਣੇ ਦਿਲ ਦੀ ਗੱਲ ਮੇਰੇ ਨਾਲ ਗਹਿਰਾਈ ਨਾਲ ਜ਼ਰੂਰ ਸਾਂਝੀ ਕਰੇਗੀ। ਉਸ ਔਰਤ ਨੇ ਮੈਨੂੰ ਕਿਹਾ, ‘‘ਵੀਰ ਜੀ, ਮੇਰੇ ਘਰਵਾਲੇ ਨੂੰ ਕਿਸੇ ਵੀ ਗੱਲ ਦੀ ਭਿਣਕ ਤੱਕ ਨਹੀਂ ਲੱਗਣੀ ਚਾਹੀਦੀ। ਮੈਂ ਤੁਹਾਨੂੰ ਸਾਰੀ ਗੱਲ ਵੇਰਵੇ ਨਾਲ ਦੱਸਾਂਗੀ।’’
ਮੈਂ ਇੱਕ ਵਾਰ ਫਿਰ ਉਸ ਨੂੰ ਵਿਸ਼ਵਾਸ ਦਿਵਾਇਆ, ‘‘ਤੁਹਾਡੀ ਗੱਲ ਸਿਰਫ਼ ਤੁਹਾਡੇ ਅਤੇ ਮੇਰੇ ਵਿਚਕਾਰ ਰਹੇਗੀ। ਤੁਸੀਂ ਮੈਨੂੰ ਆਪਣਾ ਰਾਜ਼ਦਾਰ ਸਮਝੋ ਅਤੇ ਸਹੀ ਸਹੀ ਗੱਲ ਦੱਸੋ। ਆਪਾਂ ਉਸਦਾ ਵਧੀਆ ਸਾਰਥਕ ਹੱਲ ਕੱਢਾਂਗੇ।’’
ਉਸ ਨੇ ਕਿਹਾ, ‘‘ਵੀਰ ਜੀ, ਇਹ ਗੱਲ ਅੱਜ ਤੋਂ ਪੰਜ ਕੁ ਮਹੀਨੇ ਪਹਿਲਾਂ ਦੀ ਹੈ। ਮੇਰੀ ਆਪਣੇ ਪਤੀ ਨਾਲ ਕਿਸੇ ਗੱਲੋਂ ਲੜਾਈ ਹੋ ਗਈ, ਜਿਸ ਵਿੱਚ ਮੇਰੇ ਪਤੀ ਨੇ ਮੇਰੇ ਸਿਰ ਵਿੱਚ ਡਾਂਗ ਮਾਰ ਦਿੱਤੀ। ਮੈਂ ਲਹੂ ਲੁਹਾਣ ਅਤੇ ਬੇਹੋਸ਼ ਹੋ ਗਈ। ਮੇਰੀ ਦਰਾਣੀ ਨੇ ਮੇਰੇ ਭਰਾ ਨੂੰ ਫੋਨ ਕਰ ਦਿੱਤਾ। ਮੇਰੇ ਭਰਾ ਸਾਡੇ ਸ਼ਹਿਰ ਹੀ ਰਹਿੰਦੇ ਹਨ। ਮੇਰਾ ਭਰਾ ਤੁਰੰਤ ਮੇਰੇ ਘਰ ਆਇਆ ਅਤੇ ਮੈਨੂੰ ਜ਼ਖ਼ਮੀ ਹਾਲਤ ਵਿੱਚ ਚੁੱਕ ਕੇ ਡਾਕਟਰ ਦੇ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ। ਨਾਲ ਹੀ ਉਸ ਨੇ ਸਬੰਧਿਤ ਥਾਣੇ ਵਿੱਚ ਮੇਰੇ ਪਤੀ ਖ਼ਿਲਾਫ਼ ਰਿਪੋਰਟ ਦੇ ਦਿੱਤੀ। ਮੈਂ ਅਗਲੇ ਦਿਨ ਤੱਕ ਬਿਲਕੁਲ ਠੀਕ ਹੋ ਚੁੱਕੀ ਸੀ। ਉਸ ਤੋਂ ਅਗਲੇ ਦਿਨ ਥਾਣੇ ਵਿੱਚੋਂ ਦੋ ਪੁਲੀਸ ਕਰਮਚਾਰੀ ਮੇਰੇ ਕੋਲੋਂ ਬਿਆਨ ਲੈਣ ਲਈ ਆ ਰਹੇ ਸਨ, ਜਿਸ ਦਾ ਮੈਨੂੰ ਤੇ ਮੇਰੀ ਮਾਂ ਨੂੰ ਪਹਿਲਾਂ ਪਤਾ ਲੱਗ ਚੁੱਕਾ ਸੀ। ਮੇਰੀ ਮਾਂ ਮੈਨੂੰ ਕਹਿਣ ਲੱਗੀ, ‘ਪੁੱਤ ਵਸਣਾ ਤਾਂ ਤੂੰ ਇੱਥੇ ਹੀ ਹੈ। ਇਸ ਕਰਕੇ ਜਦੋਂ ਪੁਲੀਸ ਵਾਲੇ ਤੇਰੇ ਕੋਲੋਂ ਘਟਨਾ ਬਾਰੇ ਪੁੱਛਣ ਤਾਂ ਤੂੰ ਉਨ੍ਹਾਂ ਨੂੰ ਕਹਿਣਾ ਕਿ ਮੈਂ ਪੌੜੀਆਂ ਤੋਂ ਡਿੱਗ ਪਈ ਸੀ’। ਚਲੋ ਜੋ ਕੁਝ ਹੋਇਆ, ਸੀ ਤਾਂ ਬਹੁਤ ਦੁਖਦਾਈ ਪਰ ਇਹ ਆਪਣੀ ਗ਼ਲਤੀ ਮੰਨ ਗਏ। ਆਖ਼ਰ ਮੇਰਾ ਪਤੀ ਸੀ ਅਤੇ ਮੇਰਾ ਮਨ ਵੀ ਪਸੀਜ ਗਿਆ। ਮੇਰੀ ਮਾਂ ਨੇ ਕਿਹਾ, ‘ਧੀਏ, ਇਸ ਨੂੰ ਮਾਫ਼ ਕਰ ਦੇ ਮੇਰੀ ਧੀ ਬਣ ਕੇ।’ ਮੈਂ ਸੋਚਿਆ ਮੇਰਾ ਪਤੀ ਹੈ। ਆਪਣਾ ਘਰ ਹੈ। ਮੇਰੇ ਬੱਚੇ ਹੋਣਗੇ ਮੇਰਾ ਘਰ ਵਸੇਗਾ। ਮੇਰੀ ਇਸ ਸੋਚ ਨੇ ਆਪਣੇ ਮਨ ਦਾ ਬੋਝ ਉਤਾਰ ਦਿੱਤਾ। ਜਦੋਂ ਪੁਲੀਸ ਕਰਮਚਾਰੀ ਮੇਰਾ ਬਿਆਨ ਲੈਣ ਆਏ ਤਾਂ ਮੈ ਬਿਆਨ ਦਿੱਤਾ ਕਿ ਮੇਰਾ ਐਕਸੀਡੈਂਟ ਹੋਇਆ। ਮੈਂ ਪੌੜੀਆਂ ਤੋਂ ਅਚਾਨਕ ਤਿਲ੍ਹਕ ਕੇ ਡਿੱਗ ਪਈ ਸੀ ਤਾਂ ਕਰਕੇ ਮੇਰੇ ਸਿਰ ਵਿੱਚ ਸੱਟ ਵੱਜੀ ਹੈ। ਪੁਲੀਸ ਕਰਮਚਾਰੀ ਮੇਰਾ ਬਿਆਨ ਨੋਟ ਕਰਕੇ ਵਾਪਸ ਚਲੇ ਗਏ ਪਰ ਮੇਰਾ ਭਰਾ ਮੇਰੇ ਨਾਲ ਬਹੁਤ ਗੁੱਸੇ ਹੋਇਆ। ਉਸ ਨੇ ਹੁਣ ਤੱਕ ਮੇਰੇ ਇਲਾਜ ’ਤੇ ਹਜ਼ਾਰਾਂ ਰੁਪਏ ਲਾ ਦਿੱਤੇ ਸੀ। ਜਿਹੜੇ ਪੈਸੇ ਮੇਰੇ ਭਰਾ ਨੇ ਮੇਰੇ ਇਲਾਜ ’ਤੇ ਖਰਚੇ ਸਨ ਉਹ ਹੁਣ ਉਹ ਪੈਸੇ ਮੇਰੇ ਕੋਲੋਂ ਮੰਗ ਰਿਹਾ ਸੀ। ਮੇਰੇ ਕੋਲ ਆਪਣੇ ਭਰਾ ਨੂੰ ਦੇਣ ਲਈ ਫੁੱਟੀ ਕੌਡੀ ਵੀ ਨਹੀਂ ਸੀ ਜਿਹੜੇ ਉਸ ਨੇ ਮੇਰੇ ਇਲਾਜ ਦੇ ਖਰਚੇ ਸਨ। ਭਰਾ ਦਾ ਕਰਜ਼ਾ ਉਤਾਰਨ ਲਈ ਮੇਰੀ ਮਾਂ ਅਤੇ ਮੈਂ ਅਸੀਂ ਇੱਕ ਫਾਇਨਾਂਸ ਕੰਪਨੀ ਤੋਂ ਕਰਜ਼ਾ ਲਿਆ ਜਿਸ ਦੀ ਉਨ੍ਹਾਂ ਨੇ ਮਹੀਨਾਵਾਰ ਕਿਸ਼ਤ ਬੰਨ੍ਹ ਦਿੱਤੀ ਸੀ। ਪਹਿਲੀ ਕਿਸ਼ਤ ਮੇਰੀ ਮਾਂ ਨੇ ਮੋੜ ਦਿੱਤੀ। ਉਸ ਤੋਂ ਅਗਲੀ ਕਿਸ਼ਤ ਉਤਾਰਨ ਲਈ ਮੇਰੇ ਕੋਲ ਕੁਝ ਪੈਸੇ ਜੁੜੇ ਸਨ। ਉਹ ਉਹਦੇ ਨਾਲ ਮੁੜ ਗਈ। ਤੀਜੀ ਕਿਸ਼ਤ ਮੈਂ ਆਪਣੇ ਸਹੁਰੇ ਤੋਂ ਪੈਸੇ ਲੈ ਕੇ ਮੋੜ ਦਿੱਤੀ।
ਅਗਲੀ ਕਿਸ਼ਤ ਮੋੜਨ ਲਈ ਮੇਰੇ ਕੋਲ ਕੋਈ ਹੋਰ ਵਸੀਲਾ ਨਹੀਂ ਸੀ ਅਤੇ ਮਜਬੂਰੀਵੱਸ ਮੈਨੂੰ ਚੌਥੀ ਕਿਸ਼ਤ ਮੋੜਨ ਲਈ ਇਨ੍ਹਾਂ ਦੀ ਜੇਬ ਕੱਟਣ ਲਈ ਮਜਬੂਰ ਹੋਣਾ ਪਿਆ। ਇਨ੍ਹਾਂ ਦੇ ਕੱਪੜਿਆਂ ਵਿੱਚੋਂ ਚੋਰੀ ਹੋਏ ਪੈਸੇ ਜਿਨ੍ਹਾਂ ਦਾ ਇਨ੍ਹਾਂ ਨੂੰ ਕੱਪੜਿਆਂ ਵਿੱਚ ਪਏ ਹੋਣ ਦਾ ਪੱਕਾ ਪਤਾ ਸੀ, ਬਾਰੇ ਇਹ ਸ਼ਸ਼ੋਪੰਜ ਵਿੱਚ ਰਹਿਣ ਲੱਗੇ ਪਰ ਘਰ ਵਿੱਚ ਦੁਬਾਰਾ ਕਲੇਸ਼ ਦੇ ਡਰੋਂ ਇਹ ਚੁੱਪ ਰਹਿਣ ਲੱਗ ਪਏ। ਭੇਤ ਲੁਕਾਉਣ ਲਈ ਮੈਂ ਇਨ੍ਹਾਂ ਨੂੰ ਕਿਹਾ ਕਿ ਜਦ ਮੈਂ ਤੁਹਾਡੇ ਕੱਪੜੇ ਧੋਣ ਲਈ ਚੁੱਕੇ ਤਾਂ ਉਹ ਮੈਨੂੰ ਕਈ ਥਾਵਾਂ ਤੋਂ ਕੱਟੇ ਹੋਏ ਲੱਗੇ। ਮੈਨੂੰ ਪੂਰਾ ਯਕੀਨ ਹੈ ਕਿ ਕਿਸੇ ਭੂਤ ਚੁੜੇਲ ਨੇ ਤੁਹਾਡੇ ਕੱਪੜੇ ਕੱਟ ਦਿੱਤੇ ਹਨ। ਮੈਨੂੰ ਆਪਣੇ ਅੰਦਰਲਾ ਡਰ ਸਤਾਉਣ ਲੱਗਾ। ਅੰਦਰਲੇ ਡਰ ਕਾਰਨ ਮੇਰੀ ਜ਼ਿੰਦਗੀ ਵਿੱਚ ਉਥਲ ਪੁਥਲ ਮੱਚ ਗਿਆ। ਮੈਨੂੰ ਧੁੱਪ, ਛਾਂ, ਗਰਮੀ, ਸਰਦੀ ਦਾ ਕੋਈ ਪਤਾ ਨਹੀਂ ਸੀ ਲੱਗਦਾ। ਫਿਰ ਮੈਨੂੰ ਦੌਰਿਆਂ ਦਾ ਪ੍ਰਚਲਣ ਸ਼ੁਰੂ ਹੋ ਗਿਆ। ਪ੍ਰੇਸ਼ਾਨੀ ਵਿੱਚ ਮੈਂ ਕਦੇ ਕਦੇ ਸਿਰ ਵੀ ਘੁਮਾਉਣ ਲੱਗ ਗਈ ਸੀ ਕਿਉਂਕਿ ਅਗਲੀ ਕਿਸ਼ਤ ਵੀ ਨੇੜੇ ਹੀ ਆ ਚੁੱਕੀ ਸੀ। ਫਾਇਨਾਂਸ ਵਾਲੇ ਵੀ ਮੈਨੂੰ ਕਿਸ਼ਤ ਮੋੜਨ ਲਈ ਤਿੰਨ ਚਾਰ ਵਾਰ ਫੋਨ ਕਰ ਚੁੱਕੇ ਸਨ। ਉਨ੍ਹਾਂ ਨੂੰ ਸ਼ਾਇਦ ਸ਼ੱਕ ਸੀ ਕਿ ਮੈਂ ਉਨ੍ਹਾਂ ਦੀ ਕਿਸ਼ਤ ਮੋੜਨ ਲਈ ਪੈਸੇ ਆਪਣੇ ਪਤੀ ਦੇ ਚੋਰੀ ਕੀਤੇ ਹਨ ਜਿਸ ਕਰਕੇ ਉਹ ਮੈਨੂੰ ਗ਼ਲਤ ਵਰਤਣਾ ਚਾਹੁੰਦੇ ਸਨ। ਉਨ੍ਹਾਂ ਮੈਨੂੰ ਇਕੱਲੀ ਨੂੰ ਫਾਇਨਾਂਸ ਕੰਪਨੀ ਦੇ ਦਫ਼ਤਰ ਵਿੱਚ ਆਉਣ ਲਈ ਕਈ ਵਾਰ ਫੋਨ ਕੀਤਾ। ਇੱਕ ਪਤੀ ਦੇ ਚੋਰੀ ਕੀਤੇ ਪੈਸੇ, ਦੂਜਾ ਫਾਇਨਾਂਸ ਕੰਪਨੀ ਵੱਲੋਂ ਵਾਰ-ਵਾਰ ਫੋਨ ਆਉਣਾ, ਮੇਰਾ ਦਿਮਾਗ਼ ਇੰਨੇ ਬੋਝ ਨੂੰ ਝੱਲ ਨਾ ਸਕਿਆ ਅਤੇ ਮੈਂ ਹਾਈਪਰ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ। ਪ੍ਰੇਸ਼ਾਨੀ ਦੇ ਬੋਝ ਥੱਲੇ ਮੈਂ ਸਿਰ ਘੁਮਾਉਣਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਦੰਦਲਾਂ ਪੈਣ ਲੱਗ ਪਈਆਂ। ਇਸੇ ਦੌਰ ਵਿੱਚ ਮੈਂ ਥਾਂ-ਥਾਂ ਕਈ ਵਾਰ ਡਿੱਗਦੀ ਰਹੀ। ਮੇਰੀ ਹਾਲਤ ਵੇਖ ਕੇ ਮੈਨੂੰ ਫਿਰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਫਿਰ ਡਾਕਟਰਾਂ ਨੇ ਕਈ ਹਜ਼ਾਰ ਰੁਪਏ ਇਲਾਜ ਲਈ ਲੈ ਲਏ। ਮੈਨੂੰ ਕੋਈ ਖ਼ਾਸ ਫ਼ਰਕ ਨਹੀਂ ਪਿਆ। ਫਿਰ ਵੀਰ ਜੀ ਸਾਡੇ ਕਿਸੇ ਦੋਸਤ ਨੇ ਤੁਹਾਡੇ ਬਾਰੇ ਜਾਣਕਾਰੀ ਦਿੱਤੀ। ਮੈਂ ਹੁਣ ਤੁਹਾਡੇ ਕੋਲ ਆਈ ਹਾਂ। ਮੇਰੇ ਕੋਲ ਤੁਹਾਨੂੰ ਦੱਸਣ ਲਈ ਹੋਰ ਕੁਝ ਵੀ ਬਾਕੀ ਨਹੀਂ ਰਿਹਾ। ਮੇਰੀ ਜ਼ਿੰਦਗੀ ਤੁਹਾਡੇ ਹੱਥ ਹੈ। ਮੇਰੇ ਦੁੱਖਾਂ ਦਾ ਵੀ ਤੁਹਾਡੇ ਕੋਲ ਹੱਲ ਹੈ। ਕਿਰਪਾ ਕਰਕੇ ਤੁਸੀਂ ਜੇ ਕੁਝ ਕਰ ਸਕਦੇ ਹੋ ਤਾਂ ਕਰੋ ਪਰ ਮੇਰੇ ਘਰ ਦੁਬਾਰਾ ਕਲੇਸ਼ ਨਹੀਂ ਹੋਣਾ ਚਾਹੀਦਾ।’’
ਗੱਲ ਤਾਂ ਸਾਫ਼ ਹੋ ਗਈ ਸੀ ਪਰ ਮੇਰੇ ਲਈ ਇਹ ਹੁਣ ਮੁਸ਼ਕਿਲ ਕੰਮ ਸੀ ਕਿ ਭੈਣ ਦੇ ਕਹਿਣ ਮੁਤਾਬਿਕ ਤਾਂ ਉਸ ਦੇ ਪਤੀ ਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਣਾ ਚਾਹੀਦਾ ਸੀ। ਇਹ ਗੱਲ ਵੀ ਸਹੀ ਸੀ ਕਿ ਜਿੰਨੀ ਦੇਰ ਤੱਕ ਉਸ ਫਾਇਨਾਂਸ ਕੰਪਨੀ ਦੇ ਪੈਸੇ ਵਾਪਸ ਨਹੀਂ ਹੁੰਦੇ ਓਨੀ ਦੇਰ ਤੱਕ ਪੀੜਿਤ ਔਰਤ ਦਾ ਠੀਕ ਹੋਣਾ ਮੁਸ਼ਕਿਲ ਹੈ। ਇਸ ਲਈ ਫਾਇਨਾਂਸ ਕੰਪਨੀ ਦੇ ਪੈਸਿਆਂ ਦਾ ਕੀ ਕੀਤਾ ਜਾਵੇ? ਉਸ ਨੂੰ ਕਿਵੇਂ ਹੱਲ ਕੀਤਾ ਜਾਵੇ? ਇਸ ਲਈ ਮੈਂ ਉਸ ਭੈਣ ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਆਪੇ ਇਸ ਮਸਲੇ ਦਾ ਹੱਲ ਕਰਾਂਗਾ।
ਇਸ ਸਮੇਂ ਦੌਰਾਨ ਸਾਡਾ ਸਹਾਇਕ ਪੀਣ ਲਈ ਪਾਣੀ ਲੈ ਆਇਆ। ਅਸੀਂ ਪਾਣੀ ਪੀਤਾ। ਮੈਂ ਉਸ ਨੂੰ ਚਾਹ ਬਣਾਉਣ ਲਈ ਕਿਹਾ। ਇਸ ਦੌਰਾਨ ਅਸੀਂ ਰਸਮੀ ਗੱਲਾਂ ਕੀਤੀਆਂ। ਫਿਰ ਅਸੀਂ ਚਾਹ ਪੀਤੀ ਅਤੇ ਮੁੜ ਉਸ ਵਿਸ਼ੇ ਵੱਲ ਪਰਤੇ। ਇੰਨੇ ਕੁ ਸਮੇਂ ਦੌਰਾਨ ਉਹ ਨਾਰਮਲ ਹੋ ਗਈ ਸੀ। ਮੈਨੂੰ ਲੱਗਿਆ ਉਸ ਦੇ ਦਿਮਾਗ਼ ਤੋਂ ਕਾਫ਼ੀ ਬੋਝ ਉਤਰ ਗਿਆ ਸੀ ਅਤੇ ਹੁਣ ਉਹ ਆਪਣੇ ਆਪ ਨੂੰ ਹਲਕਾ ਹਲਕਾ ਮਹਿਸੂਸ ਕਰ ਰਹੀ ਸੀ।
‘‘ਮੈਂ ਤੁਹਾਡੇ ਪਤੀ ਨਾਲ ਆਪਣੇ ਢੰਗ ਨਾਲ ਗੱਲ ਕਰਾਂਗਾ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੁਹਾਡਾ ਪਤੀ ਤੁਹਾਡੇ ਨਾਲ ਪਿਆਰ ਨਾਲ ਪੇਸ਼ ਆਵੇਗਾ। ਆਪਾਂ ਉਸ ਤੋਂ ਲਿਖਤੀ ਵਾਅਦਾ ਲਵਾਂਗੇ। ਜੇਕਰ ਉਹ ਫਿਰ ਵੀ ਤੁਹਾਡੇ ਨਾਲ ਵਧੀਕੀ ਕਰੇਗਾ ਤਾਂ ਮੈਂ ਉਸ ਨੂੰ ਕਾਨੂੰਨ ਦਾ ਪਾਠ ਵੀ ਪੜ੍ਹਾਵਾਂਗਾ। ਮੇਰਾ ਫੋਨ ਨੰਬਰ ਨੋਟ ਕਰ ਲਉ। ਜੇਕਰ ਤੁਹਾਨੂੰ ਸਥਿਤੀ ਵਿਗੜਦੀ ਲੱਗੇ ਤਾਂ ਮੈਨੂੰ ਫੋਨ ਕਰ ਲੈਣਾ।’’ ਪੀੜਿਤ ਔਰਤ ਮੇਰੇ ਵਿਸ਼ਵਾਸ ਉੱਤੇ ਕਰ ਚੁੱਕੀ ਸੀ ਅਤੇ ਉਸ ਨੇ ਮੇਰੀ ਹਰ ਗੱਲ ਉੱਤੇ ਹਾਮੀ ਭਰਨੀ ਲਾਜ਼ਮੀ ਸਮਝੀ।
ਹੁਣ ਮੈਂ ਉਸਦੇ ਪਤੀ ਨੂੰ ਅੰਦਰ ਬੁਲਾਇਆ ਤੇ ਉਸ ਨੂੰ ਪੁੱਛਿਆ ਕਿ ਵੀਰ ਜਦੋਂ ਤੁਹਾਡੀ ਲੜਾਈ ਹੋਈ ਸੀ ਜਿਸ ਵਿੱਚ ਇਹਦੇ ਸੱਟਾਂ ਵੱਜੀਆਂ ਸੀ। ਉਸ ਸਮੇਂ ਜੋ ਖਰਚਾ ਆਇਆ ਸੀ ਉਹ ਕਿਸ ਨੇ ਦਿੱਤਾ। ਉਸ ਨੇ ਕਿਹਾ ਕਿ ਉਹ ਇਹਦੇ ਪੇਕਿਆਂ ਨੇ ਪੈਸੇ ਦਿੱਤੇ ਸਨ। ਮੈਂ ਅਗਲਾ ਸਵਾਲ ਕੀਤਾ, ‘‘ਵੀਰ, ਇਹ ਤੇਰੀ ਪਤਨੀ ਹੈ। ਜੀਵਨ ਸਾਥਣ ਹੈ। ਇਸ ਨੇ ਤੇਰੇ ਨਾਲ ਜਿਊਣ ਮਰਨ ਦੇ ਵਾਅਦੇ ਕੀਤੇ ਹਨ ਤਾਂ ਹੀ ਲਾਵਾਂ ਲਈਆਂ ਸਨ। ਤੇਰੇ ਬੱਚਿਆਂ ਦੀ ਮਾਂ ਹੈ। ਹੁਣ ਜਦੋਂ ਇਹ ਤੇਰੇ ਹੱਕ ਵਿੱਚ ਭੁਗਤ ਗਈ ਤਾਂ ਫਿਰ ਇਹਦੇ ਪੇਕੇ ਪੈਸੇ ਕਿਉਂ ਦੇਣਗੇ? ਉਹ ਗੁੱਸੇ ਨਾ ਹੋਣਗੇ!’’ ਉਹ ਕਹਿਣ ਲੱਗਾ, ‘‘ਹਾਂ ਜੀ, ਇਸ ਬਾਰੇ ਤਾਂ ਮੈ ਸੋਚਿਆ ਹੀ ਨਹੀਂ ਸੀ।’’ ਮੈਂ ਅਗਲਾ ਸਵਾਲ ਕੀਤਾ, ‘‘ਵੀਰ ਜੀ, ਕੀ ਤੁਸੀਂ ਹਰ ਮਹੀਨੇ ਹਜ਼ਾਰਾਂ ਰੁਪਏ ਡਾਕਟਰ ਨੂੰ ਦੇਣੇ ਤੇ ਇਸ ਨੂੰ ਇਸ ਤੋਂ ਵੀ ਵੱਧ ਬਿਮਾਰ ਦੇਖਣਾ ਚਾਹੁੰਦੇ ਹੋ ਜਾਂ ਇਸ ਨੂੰ ਤੰਦਰੁਸਤ ਦੇਖਣਾ ਚਾਹੁੰਦੇ ਹੋ।’’ ਉਸ ਨੇ ਕਿਹਾ, ‘‘ਮੈਂ ਹਜ਼ਾਰਾਂ ਰੁਪਏ ਡਾਕਟਰ ਨੂੰ ਕਿਉਂ ਦੇਵਾਂਗਾ। ਮੈਂ ਤਾਂ ਬਸ ਆਪਣੀ ਪਤਨੀ ਨੂੰ ਤੰਦਰੁਸਤ ਦੇਖਣਾ ਚਾਹੁੰਦਾ ਹਾਂ। ਇਹ ਮੇਰੀ ਜ਼ਿੰਦਗੀ ਹੈ। ਜੀਵਨ ਸਾਥਣ ਹੈ।’’ ਮੈਂ ਉਸ ਨੂੰ ਪਿਆਰ ਨਾਲ ਘਰ ਵਿੱਚ ਵਾਪਰੀ ਸਾਰੀ ਘਟਨਾ ਦੱਸੀ। ਉਹ ਸਾਰੀ ਗੱਲ ਸਮਝ ਗਿਆ ਅਤੇ ਘਟਨਾ ਦੌਰਾਨ ਚੜ੍ਹਿਆ ਕਰਜ਼ਾ ਉਤਾਰਨ ਲਈ ਸਹਿਮਤ ਹੋ ਗਿਆ। ਉਸ ਨੇ ਲਿਖਤੀ ਵਾਅਦਾ ਕੀਤਾ। ਇਹ ਵੇਖ ਕੇ ਉਸ ਦੀ ਪੀੜਤ ਪਤਨੀ ਦੇ ਚਿਹਰੇ ’ਤੇ ਖ਼ੁਸ਼ੀਆਂ ਪਰਤ ਆਈਆਂ ਮਹਿਸੂਸ ਹੁੰਦੀਆਂ ਸਨ। ਮੈਂ ਉਸ ਔਰਤ ਨੂੰ ਕਿਹਾ, ‘‘ਹੁਣ ਤੁਸੀਂ ਵੀ ਲਿਖਤੀ ਵਾਅਦਾ ਕਰੋ ਕਿ ਅੱਜ ਤੋਂ ਤੁਸੀਂ ਕਿਸੇ ਤਰ੍ਹਾਂ ਦਾ ਪਖੰਡ ਨਹੀਂ ਕਰੋਗੇ। ਕਿਸੇ ਤਰ੍ਹਾਂ ਦਾ ਸਿਰ ਨਹੀਂ ਘਮਾਉਗੇ ਅਤੇ ਨਾ ਹੀ ਪਰਿਵਾਰ ਨੂੰ ਕਿਸੇ ਮੁਸ਼ਕਿਲ ਵਿੱਚ ਪਾਉਗੇ।’’
ਇਸ ਤਰੀਕੇ ਨਾਲ ਇਹ ਕੇਸ ਹੱਲ ਹੋ ਗਿਆ ਤੇ ਉਹ ਭੈਣ ਮੇਰੇ ਕੋਲੋਂ ਹੱਸਦੀ ਹੱਸਦੀ ਬਾਹਰ ਜਾ ਰਹੀ ਸੀ। ਉਸ ਨੂੰ ਜਾਂਦੀ ਨੂੰ ਦੇਖ ਕੇ ਜਿਹੜੇ ਬੰਦੇ ਉਸ ਨੂੰ ਫੜ ਕੇ ਲਿਆਏ ਸੀ ਉਹ ਮੇਰੇ ਕੋਲ ਅੰਦਰ ਆਏ ਤੇ ਮੈਨੂੰ ਕਹਿਣ ਲੱਗੇ, ‘‘ਵੀਰ, ਅਸੀਂ ਤਾਂ ਇਸ ਨੂੰ ਮਸਾਂ ਲੈ ਕੇ ਆਂਦਾ ਸੀ। ਤੁਸੀਂ ਇਹਦੇ ’ਤੇ ਕੀ ਜਾਦੂ ਕਰ ਦਿੱਤਾ? ਇਸ ਤਰ੍ਹਾਂ ਜਾ ਰਹੀ ਹੈ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ।’’ ਮੈਂ ਉਨ੍ਹਾਂ ਨੂੰ ਕਿਹਾ, ‘‘ਵੀਰ ਜੀ, ਹੁਣ ਇਹ ਕਦੇ ਬਿਮਾਰ ਨਹੀਂ ਹੋਵੇਗੀ।’’ ਇਸ ਘਟਨਾ ਨੂੰ ਲਗਭਗ ਚਾਰ ਸਾਲ ਹੋ ਚੁੱਕੇ ਹਨ। ਉਸ ਭੈਣ ਦਾ ਫੋਨ ਹੁਣ ਵੀ ਕਦੇ ਕਦੇ ਆਉਂਦਾ ਤੇ ਹਰ ਵਾਰ ਉਸ ਦੇ ਇਹੋ ਬੋਲ ਕੰਨੀ ਪੈਂਦੇ ਹਨ, ‘‘ਵੀਰ ਜੀ, ਜੇਕਰ ਤੁਸੀਂ ਮੇਰੀ ਜ਼ਿੰਦਗੀ ਵਿੱਚ ਨਾ ਆਉਂਦੇ ਤਾਂ ਇਸ ਨਿਮਾਣੀ ਜਿਹੀ ਜ਼ਿੰਦਗੀ ਨੇ ਪਤਾ ਨਹੀਂ ਕਦੋਂ ਦੀ ਸਿਵਿਆਂ ਦੀ ਰਾਖ ਬਣ ਜਾਣਾ ਸੀ।’’
ਸੰਪਰਕ: 94171-03413
