ਡਾਕ ਐਤਵਾਰ ਦੀ
ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅੰਕ
ਐਤਵਾਰ 23 ਨਵੰਬਰ ਦਾ ਦਸਤਕ ਅੰਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੀ। ਉਨ੍ਹਾਂ ਦੀ ਸ਼ਹਾਦਤ ਜਿੱਥੇ ਅਜੋਕੇ ਸਮਾਜ ਨੂੰ ਸਮਾਜਿਕ ਅਤੇ ਧਾਰਮਿਕ ਸੇਧਾਂ ਪ੍ਰਦਾਨ ਕਰਦੀ ਹੈ, ਉੱਥੇ ਨਾਲ ਹੀ ਮਨੁੱਖ ਦੇ ਮੌਲਿਕ ਅਧਿਕਾਰਾਂ ਦੀ ਨਿਸ਼ਾਨਦੇਹੀ ਵੀ ਕਰਦੀ ਹੈ। ਅੰਕ ਪੜ੍ਹ ਕੇ ਮਨ ਇੱਕ ਅਦੁੱਤੀ ਰੰਗ ਵਿੱਚ ਰੰਗਿਆ ਗਿਆ।
ਗੁਰਚਰਨ ਸਿੰਘ ਗੁਣੀਕੇ, ਪਟਿਆਲਾ
ਦਿਲਚਸਪ ਤੇ ਰੌਚਕ ਗੱਲਾਂ ਪੜ੍ਹੀਆਂ
ਐਤਵਾਰ 30 ਨਵੰਬਰ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਗੀਤਕਾਰ ਸ਼ਮਸ਼ੇਰ ਸਿੰਘ ਸੰਧੂ ਨੇ ਆਪਣੇ ਲੇਖ ‘ਬਾਤਾਂ ਧਰਮਿੰਦਰ ਦੀਆਂ’ ਵਿੱਚ ਬਹੁਤ ਦਿਲਚਸਪ ਤੇ ਰੌਚਕ ਬਿਰਤਾਂਤ ਪੇਸ਼ ਕੀਤਾ ਹੈ। ਉਨ੍ਹਾਂ ਧਰਮਿੰਦਰ ਦੇ ਬਚਪਨ ਦੀ ਸ਼ਖ਼ਸੀਅਤ ਦੇ ਕਈ ਪੱਖ ਲਿਖੇ ਹਨ। ਪੜ੍ਹ ਕੇ ਬਹੁਤ ਚੰਗਾ ਲੱਗਿਆ। ਧਰਮਿੰਦਰ ਦੇ ਬਚਪਨ ਦੀ ਗਰੁੱਪ ਤਸਵੀਰ ਵੇਖ ਕੇ ਉਸ ਦੇ ਹਾਣੀਆਂ ਦੀ ਜਾਣਕਾਰੀ ਮਿਲੀ। ਧਰਮਿੰਦਰ ਸਾਡੀਆਂ ਫਿਲਮਾਂ ਦਾ ਚਰਚਿਤ ਅਦਾਕਾਰ ਸੀ। ਉਸ ਨੇ ਫਿਲਮਾਂ ’ਚ ਬਹੁਤ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਉਸ ਦੀਆਂ ਭੂਮਿਕਾਵਾਂ ਦਰਸ਼ਕਾਂ ਨੂੰ ਜ਼ੁਬਾਨੀ ਯਾਦ ਹਨ। ਉਸ ਦੇ ਜਾਣ ਨਾਲ ਬੌਲੀਵੁਡ ਨੂੰ ਬਹੁਤ ਘਾਟਾ ਪਿਆ ਹੈ। ਧਰਮਿੰਦਰ ਭਾਰਤੀ ਫਿਲਮਾਂ ਦਾ ਗਹਿਣਾ ਸੀ। ਸਾਡੇ ਪ੍ਰਸਿੱਧ ਕਹਾਣੀਕਾਰ ਨਵਤੇਜ ਸਿੰਘ ਦੀ ਕਹਾਣੀ ਕਲਾ ਦੀ ਚਰਚਾ ਸੁਕੀਰਤ ਨੇ ਕੀਤੀ ਹੈ। ਨਵਤੇਜ ਸਿੰਘ ਪੰਜਾਬੀ ਕਹਾਣੀ ਦੇ ਅਹਿਮ ਹਸਤਾਖਰ ਸਨ। ਨਵਤੇਜ ਸਿੰਘ ਦੀ ਕਹਾਣੀ ‘ਮਨੁੱਖ ਦੇ ਪਿਉ’ ਮੈਂ ਦਸਵੀਂ ਵਿੱਚ ਪੜ੍ਹੀ ਸੀ। ਉਸ ਦੀ ਕਹਾਣੀ ਵਿੱਚ ਮਨੋਵਿਗਿਆਨਕ ਤੱਤ ਹਨ। ‘ਬਾਸਮਤੀ ਦੀ ਮਹਿਕ’ ਨਵਤੇਜ ਸਿੰੰਘ ਦਾ ਚਰਚਿਤ ਕਹਾਣੀ ਸੰਗ੍ਰਹਿ ਹੈ। ਆਪਣੇ ਸਤਿਕਾਰਤ ਪਿਤਾ ਵੱਡੇ ਸਾਹਿਤਕਾਰ ਤੇ ਵਾਰਤਕ ਦੇ ਪਿਤਾਮਾ ਗੁਰਬਖਸ਼ ਸਿੰਘ ‘ਪ੍ਰੀਤਲੜੀ’ ਤੋਂ ਨਵਤੇਜ ਸਿੰਘ ਨੂੰ ਸਾਹਿਤਕ ਮਾਹੌਲ ਮਿਲਿਆ। ਲੇਖ ਵਿੱਚ ਲਾਈਆਂ ਤਸਵੀਰਾਂ ਯਾਦਗਾਰੀ ਹਨ। ਇਸ ਅੰਕ ਵਿੱਚ ਪੰਜਾਬੀ ਸੂਬੇ ਦੀ ਦਿਲੋਂ ਹਮਾਇਤ ਕਰਨ ਵਾਲੀਆਂ ਵੱਡੀਆਂ ਸ਼ਖ਼ਸੀਅਤਾਂ ਦਾ ਜ਼ਿਕਰ ਪ੍ਰੋ. ਪ੍ਰੀਤਮ ਸਿੰਘ ਨੇ ਆਪਣੇ ਲੇਖ ਵਿੱਚ ਕੀਤਾ ਹੈ। ਬਹੁਤੇ ਲੋਕ ਪੰਜਾਬੀ ਸੂਬੇ ਨੂੰ ਅਕਾਲੀਆਂ ਦੀ ਸੋਚ ਮੰਨਦੇ ਹਨ। ਭਾਸ਼ਾ ’ਤੇ ਆਧਾਰਿਤ ਪੰਜਾਬੀ ਭਾਸ਼ਾਈ ਸੂਬਾ ਬਣਨਾ ਸਮੇਂ ਦੀ ਲੋੜ ਸੀ। ਕੇਂਦਰ ਨੇ ਪੰਜਾਬੀ ਸੂਬੇ ਦੀ ਵਾਜਬ ਮੰਗ ਨੂੰ ਲੰਮਾ ਸਮਾਂ ਲਮਕਾਈ ਰੱਖਿਆ। ਮੇਰੇ ਪਿਤਾ ਜੀ ਇਸ ਮੋਰਚੇ ਵਿੱਚ ਜੇਲ੍ਹ ਗਏ ਸਨ। ਜੇਕਰ 1966 ਵਿੱਚ ਪੰਜਾਬ ਦਾ ਪੰਜਾਬੀ ਦੇ ਆਧਾਰ ’ਤੇ ਪੁਨਰਗਠਨ ਹੋਇਆ ਵੀ ਤਾਂ ਕਈ ਪੰਜਾਬੀ ਬੋਲਦੇ ਇਲਾਕੇ ਹਰਿਆਣੇ ਵਿੱਚ ਪਾ ਦਿੱਤੇ ਗਏ ਅਤੇ ਚੰਡੀਗੜ੍ਹ ਨੂੰ ਵੀ ਪੰਜਾਬ ਦੇ ਹਵਾਲੇ ਨਹੀਂ ਕੀਤਾ ਗਿਆ। ਇਹ ਧੱਕੇਸ਼ਾਹੀ ਅਜੇ ਵੀ ਜਾਰੀ ਹੈ। ਕਿੰਨੀ ਹਨੇਰਗਰਦੀ ਹੈ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਚੰਡੀਗੜ੍ਹ ਪੰਜਾਬ ਨੂੰ ਨਾ ਮਿਲੇ। ਇਹ ਲੋਕਤੰਤਰ ਦੀ ਰੂਹ ਕਤਲ ਕਰਨ ਵਾਲੀ ਗੱਲ ਹੈ। ਕੇਂਦਰ ਪੰਜਾਬ ਨਾਲ ਇਹ ਧੱਕੇ ਕਦੋਂ ਦੂਰ ਕਰੇਗਾ? ਹੁਣ ਤਾਂ ਪੀੜ੍ਹੀਆਂ ਵੀ ਬਦਲ ਗਈਆਂ ਹਨ।
ਪ੍ਰਿੰ. ਗੁਰਮੀਤ ਸਿੰਘ, ਫ਼ਾਜ਼ਿਲਕਾ
ਅਲਵਿਦਾ ਧਰਮਿੰਦਰ ਭਾ’ਜੀ
ਐਤਵਾਰ, 30 ਨਵੰਬਰ ਦੇ ਅੰਕ ਦਸਤਕ ਵਿੱਚ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਦਾ ਛਪਿਆ ਲੇਖ ‘ਬਾਤਾਂ ਧਰਮਿੰਦਰ ਦੀਆਂ’ ਅਤੇ ਡਾ. ਸਤਿਆਵਾਨ ਸੌਰਭ ਦਾ ਛਪਿਆ ਲੇਖ ‘ਧਰਮਿੰਦਰ: ਇੱਕ ਯੁਗ ਨੂੰ ਅਲਵਿਦਾ’ ਪੜ੍ਹ ਕੇ ਆਨੰਦ ਆ ਗਿਆ। ਸ਼ਮਸ਼ੇਰ ਸਿੰਘ ਸੰਧੂ ਨੇ ਆਪਣੇ ਲੇਖ ਵਿੱਚ ਹੀਮੈਨ ਧਰਮਿੰਦਰ ਦੇ ਬਚਪਨ ਅਤੇ ਸਕੂਲ ਸਮੇਂ ਦੀਆਂ ਯਾਦਾਂ ਨੂੰ ਬਾਖ਼ੂਬੀ ਪੇਸ਼ ਕੀਤਾ ਹੈ। ਧਰਮਿੰਦਰ ਦਾ ਪੰਜਾਬ ਦੀ ਮਿੱਟੀ ਨਾਲ ਕਿੰਨਾ ਮੋਹ ਸੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਨ ਅਤੇ ਮੁੰਬਈ ਵਿੱਚ ਰਹਿਣ ਦੇ ਬਾਵਜੂਦ ਧਰਮਿੰਦਰ ਬਹੁਤ ਵਧੀਆ ਪੰਜਾਬੀ ਬੋਲਦਾ ਸੀ। ਪੰਜਾਬੀ ਗੀਤਕਾਰਾਂ ਅਤੇ ਗਾਇਕਾਂ ਦਾ ਕਦਰਦਾਨ ਸੀ। ਉਹ ਪੰਜਾਬ ਨੂੰ ਨਹੀਂ ਸੀ ਭੁੱਲਿਆ, ਸਮੇਂ ਸਮੇਂ ’ਤੇ ਸੱਭਿਆਚਾਰ ਪ੍ਰੋਗਰਾਮਾਂ ਵਿੱਚ ਹਾਜ਼ਰੀ ਲਵਾਉਂਦਾ ਹੋਇਆ ਆਪਣੇ ਪਿੰਡ ਸਾਹਨੇਵਾਲ ਨਾਲ ਜੁੜਿਆ ਰਿਹਾ। ਉਸ ਦੀ ਸਾਦਗੀ ਅਤੇ ਲਿਆਕਤ ਨੇ ਉਸ ਨੂੰ ਮਹਾਨ ਅਤੇ ਕਦੇ ਨਾ ਭੁੱਲਣ ਵਾਲੇ ਅਦਾਕਾਰਾਂ ਵਿੱਚ ਸ਼ੁਮਾਰ ਕੀਤਾ। ਅਜੋਕੇ ਕਲਾਕਾਰ ਅਤੇ ਅਦਾਕਾਰ, ਜੋ ਥੋੜ੍ਹੀ ਜਿਹੀ ਪ੍ਰਸਿੱਧੀ ਨਾਲ ਹੀ ਆਪਣੇ ਵਿਰਸੇ ਅਤੇ ਸੱਭਿਆਚਾਰ ਤੋਂ ਦੂਰ ਹੋ ਜਾਂਦੇ ਹਨ, ਨੂੰ ਧਰਮਿੰਦਰ ਭਾ’ਜੀ ਦੀ ਜ਼ਿੰਦਗੀ ਤੋਂ ਸੇਧ ਲੈਣੀ ਚਾਹੀਦੀ ਹੈ। ਸਰੀਰਕ ਰੂਪ ਵਿੱਚ ਤਾਂ ਭਾਵੇਂ ਪੰਜਾਬ ਦਾ ਪੁੱਤਰ ਧਰਮਿੰਦਰ ਸਾਡੇ ਕੋਲੋਂ ਦੂਰ ਹੋ ਗਿਆ ਹੈ ਪਰ ਆਪਣੀ ਕਲਾ ਦੇ ਰੂਪ ਉਹ ਵਿੱਚ ਹਮੇਸ਼ਾ ਸਾਡੇ ਵਿਚਕਾਰ ਜਿਊਂਦਾ ਰਹੇਗਾ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)
ਬੇਅੰਤ ਸਿੰਘ ਕਤਲ ਦਾ ਸੱਚ
16 ਨਵੰਬਰ ਦੇ ‘ਦਸਤਕ’ ਪੰਨੇ ’ਤੇ ਅਮਰਜੀਤ ਸਿੰਘ ਵੜੈਚ ਨੇ ਬੇਅੰਤ ਸਿੰਘ ਸਰਕਾਰ ਸਮੇਂ ਲੋਕ ਸੰਪਰਕ ਅਧਿਕਾਰੀ ਰਹਿ ਚੁੱਕੇ ਉਜਾਗਰ ਸਿੰਘ ਵੱਲੋਂ ਲਿਖੀ ਪੁਸਤਕ ‘ਬੇਅੰਤ ਸਿੰਘ ਕਤਲ ਦਾ ਅਸਲ ਸੱਚ’ ਬਾਰੇ ਲੇਖ ਲਿਖਿਆ ਹੈ। ਸਤੰਬਰ 1995 ਵਿੱਚ ਹੀ ਪਤਾ ਲੱਗ ਗਿਆ ਸੀ ਕਿ ਇਹ ਕਤਲ ਕਿਵੇਂ ਅਤੇ ਕਿਨ੍ਹਾਂ ਨੇ ਕੀਤਾ ਹੈ। ਇਸ ਹਮਲੇ ਲਈ ਵਰਤੀ ਗਈ ਕਾਰ ਨੂੰ ਰੰਗ ਬਦਲ ਕੇ ਚਿੱਟਾ ਸਰਕਾਰੀ ਰੰਗ ਕਰਨ ਵਾਲਿਆਂ ਨੇ ਆਪ ਹੀ ਪੁਲੀਸ ਨੂੰ ਸੂਚਿਤ ਕੀਤਾ ਕਿ ਉਹ ਕੌਣ ਸਨ। ਉਨ੍ਹਾਂ ਵਿੱਚੋਂ ਦਿਲਾਵਰ ਸਿੰਘ ਪੁਲੀਸ ਮੁਲਾਜ਼ਮ ਨੇ ਹੀ ਆਪਣੇ ਆਪ ਨੂੰ ਮਨੁੱਖੀ ਬੰਬ ਵਜੋਂ ਵਰਤਿਆ ਸੀ, ਭਾਵ ਮਰਨ ਵਾਲੇ ਸਾਰੇ ਮਨੁੱਖੀ ਬੰਬ ਨਾਲ ਮਰੇ ਸਨ ਨਾ ਕਿ ਕਾਰ ਬੰਬ ਧਮਾਕੇ ਨਾਲ। ਖਾੜਕੂਆਂ ਦੇ ਕਈ ਗਰੁੱਪ ਹੋਣ ਕਰਕੇ ਹੋ ਸਕਦਾ ਹੈ ਹੋਰ ਵੀ ਕਈ ਗਰੁੱਪ ਅਜਿਹਾ ਕਰਨਾ ਚਾਹੁੰਦੇ ਹੋਣ। ਲੇਖਕ 1995 ਦੀ ਘਟਨਾ ਨੂੰ 30 ਸਾਲ ਦੀ ਬਜਾਇ 33 ਸਾਲ ਕਹਿ ਰਿਹਾ ਹੈ। ਸਤੀਸ਼ ਜੈਕਬ ਅਤੇ ਮਾਰਕ ਟੱਲੀ ਅਨੁਸਾਰ ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਦਰਮਿਆਨ ਧੜੇਬੰਦੀ ਅਤੇ ਅਕਾਲੀਆਂ ਦੀ ਦੋਗ਼ਲੀ ਨੀਤੀ ਪੰਜਾਬ ਨੂੰ ਕਾਲੇ ਦੌਰ ਵਿੱਚ ਧੱਕਣ ਲਈ ਜ਼ਿੰਮੇਵਾਰ ਸੀ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
