DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Farmers Detained: ਡੱਲੇਵਾਲ ਤੇ ਪੰਧੇਰ ਸਣੇ 300 ਤੋਂ ਵੱਧ ਕਿਸਾਨ ਹਿਰਾਸਤ ’ਚ ਲਏ; ਬੁਲਡੋਜ਼ਰ ਐਕਸ਼ਨ ਮਗਰੋਂ ਸ਼ੰਭੂ ਤੇ ਖਨੌਰੀ ਬਾਰਡਰ ਖਾਲੀ ਕਰਵਾਏ

ਹਿਰਾਸਤ ’ਚ ਲਏ ਕਿਸਾਨ ਆਗੂਆਂ ਨੂੰ ਬਹਾਦਰਗੜ੍ਹ ਦੇ ਕਮਾਂਡੋ ਟਰੇਨਿੰਗ ਸੈਂਟਰ ’ਚ ਰੱਖਿਆ
  • fb
  • twitter
  • whatsapp
  • whatsapp
featured-img featured-img
ਪੰਜਾਬ ਪੁਲੀਸ ਵੱਲੋਂ ਹਿਰਾਸਤ ਵਿਚ ਲਏ ਗਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਧੇਰ। -ਵੀਡੀਓ ਗਰੈਬ
Advertisement

ਸਰਬਜੀਤ ਸਿੰਘ ਭੰਗੂ/ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਪਟਿਆਲਾ/ਚੰਡੀਗੜ੍ਹ, 19 ਮਾਰਚ

Advertisement

Farmers Detained ਪੁਲੀਸ ਨੇ ਚੰਡੀਗੜ੍ਹ ਵਿਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਵਾਪਸ ਸ਼ੰਭੂ ਤੇ ਖਨੌਰੀ ਮੋਰਚਿਆਂ ਉਤੇ ਪਰਤਦੇ ਸਮੇਂ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ਼, ਸਰਵਣ ਸਿੰਘ ਪੰਧੇਰ ਅਤੇ ਅਭਿਮਨਿਊ ਕੋਹਾੜ ਸਣੇ 300 ਤੋਂ ਵੱਧ ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਲੈਣ ਮਗਰੋਂ ਅੱਜ ਰਾਤੀਂ ਬੁਲਡੋਜ਼ਰ ਐਕਸ਼ਨ ਕਰਕੇ ਸ਼ੰਭੂ ਤੇ ਖਨੌਰੀ ਬਾਰਡਰ ਖਾਲੀ ਕਰਵਾ ਲਏ ਹਨ। ਪੁਲੀਸ ਨੇ ਕਿਸਾਨਾਂ ਵੱਲੋਂ ਬਣਾਈਆਂ ਸਟੇਜਾਂ ਢਾਹ ਦਿੱਤੀਆਂ ਤੇ ਤੰਬੂ ਪੁੱਟ ਸੁੱਟੇ।

ਐੱਸਐੱਸਪੀ ਨਾਨਕ ਸਿੰਘ ਵੱਲੋਂ ਖ਼ਬਰ ਏਜੰਸੀ ਏਐੱਨਆਈ ਨੂੰ ਦਿੱਤੇ ਬਿਆਨ ਮੁਤਾਬਕ ਸ਼ੰਭੂ ਤੇ ਢਾਬੀ ਗੁੱਜਰਾਂ ਬਾਰਡਰਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਿਊਟੀ ਮੈਜਿਸਟਰੇਟ ਦੀ ਮੌਜੂਦਗੀ ਵਿੱਚ ਕਿਸਾਨਾਂ ਵੱਲੋਂ ਬਣਾਈਆਂ ਸਟੇਜਾਂ ਢਾਹ ਕੇ ਢੁਕਵੀਂ ਚੇਤਾਵਨੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੜਕ ਨੂੰ ਸਾਫ਼ ਕਰਕੇ ਜਲਦੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਦੌਰਾਨ ਕਿਸਾਨਾਂ ਨੇ ਸਹਿਯੋਗ ਦਿੱਤਾ ਅਤੇ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਘਰ ਵਾਪਸ ਜਾਣ ਦੇ ਚਾਹਵਾਨਾਂ ਨੂੰ ਬੱਸਾਂ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲੀਸ ਵੀ ਜਲਦੀ ਕਾਰਵਾਈ ਸ਼ੁਰੂ ਕਰਕੇ ਬੈਰੀਕੇਡ ਹਟਾਏਗੀ।

ਇਸ ਤੋਂ ਪਹਿਲਾਂ ਪੰਧੇਰ ਨੂੰ ਜ਼ੀਰਕਪੁਰ ਬੈਰੀਅਰ ਤੋਂ ਜਦੋਂਕਿ ਡੱਲੇਵਾਲ, ਕਾਕਾ ਸਿੰਘ ਕੋਟੜਾ ਤੇ ਅਭਿਮੰਨਿਊ ਕੋਹਾੜ ਨੂੰ ਮੁਹਾਲੀ ਵਿਚ ਬੈਸਟੈੱਕ ਮਾਲ ਤੋਂ ਪੁਲੀਸ ਨੇ ਹਿਰਾਸਤ ਵਿਚ ਲਿਆ ਗਿਆ।

ਬਹਾਦਰਗੜ੍ਹ ਦਾ ਕਮਾਂਡੋ ਟਰੇਨਿੰਗ ਸੈਂਟਰ ਦੇ ਬਾਹਰ ਤਾਇਨਾਤ ਪੁਲੀਸ ਦੀ ਨਫ਼ਰੀ, ਜਿੱਥੇ ਹਿਰਾਸਤ ’ਚ ਲਏ ਕਿਸਾਨ ਆਗੂਆਂ ਨੂੰ ਰੱਖਿਆ ਗਿਆ ਹੈ। ਫੋਟੋ: ਰਾਜੇਸ਼ ਸੱਚਰ

ਡੱਲੇਵਾਲ ਨੂੰ ਛੱਡ ਕੇ ਕਿਸਾਨ ਆਗੂਆਂ ਨੂੰ ਪਟਿਆਲਾ ਨੇੜੇ ਕਸਬਾ ਬਹਾਦਰਗੜ੍ਹ ਦੇ ਕਮਾਂਡੋ ਟਰੇਨਿੰਗ ਸੈਂਟਰ ਲਿਜਾਇਆ ਗਿਆ, ਜਿਸ ਨੂੰ ਆਰਜ਼ੀ ਡਿਟੈਨਸ਼ਨ ਕੇਂਦਰ ਵਿਚ ਤਬਦੀਲ ਕੀਤਾ ਗਿਆ ਸੀ। ਕਿਸਾਨਾਂ ਖਿਲਾਫ਼ ਪੁਲੀਸ ਦੀ ਇਸ ਕਾਰਵਾਈ ਦਰਮਿਆਨ ਪਟਿਆਲਾ ਵਿਚ ਇੰਟਰਨੈੱਟ ਸੇਵਾਵਾਂ ਬੰਦ ਰਹੀਆਂ। ਸ਼ੰਭੂ ਤੇ ਖਨੌਰੀ, ਦੋਵਾਂ ਬਾਰਡਰਾਂ ’ਤੇ 500 ਦੇ ਕਰੀਬ ਕਿਸਾਨ ਸਨ ਜਦਕਿ ਪੁਲੀਸ ਦੀ ਨਫਰੀ 5000 ਦੇ ਕਰੀਬ ਸੀ।

ਕੇਂਦਰ ਤੇ ਕਿਸਾਨਾਂ ਦਰਮਿਆਨ ਜਾਰੀ ਗੱਲਬਾਤ ਨੂੰ ‘ਸਾਬੋਤਾਜ’ ਕਰਨ ਦੀ ਕੋਸ਼ਿਸ਼ : ਰਵਨੀਤ ਬਿੱਟੂ

ਭਾਜਪਾ ਆਗੂ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੁਲੀਸ ਕਾਰਵਾਈ ਦੀ ਨਿਖੇੇਧੀ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਕੇਂਦਰ ਤੇ ਕਿਸਾਨਾਂ ਦਰਮਿਆਨ ਜਾਰੀ ਗੱਲਬਾਤ ਨੂੰ ‘ਸਾਬੋਤਾਜ’ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।

ਚੰਨੀ ਤੇ ਵੜਿੰਗ ਵੱਲੋਂ ਪੁਲੀਸ ਕਾਰਵਾਈ ਦੀ ਨਿਖੇਧੀ

ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ‘ਆਪ’ ਸਰਕਾਰ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਦਬਾਅ ਅੱਗੇ ਝੁਕਦਿਆਂ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰਿਆ ਹੈ। ਲੁਧਿਆਣਾ ਤੋਂ ਸੰਸਦ ਮੈਂਬਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਵੀ ਕਿਸਾਨਾਂ ਖਿਲਾਫ਼ ਪੁਲੀਸ ਕਾਰਵਾਈ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪੰਜਾਬ ਅਸੈਂਬਲੀ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ‘ਆਪ’ ਤੇ ਭਾਜਪਾ ਇਕੋ ਸਿੱਕੇ ਦੇ ਦੋ ਪਹਿਲੂ ਹਨ।

ਕਾਰੋਬਾਰ ਤੇ ਰੁਜ਼ਗਾਰ ਲਈ ਹਾਈਵੇਅ ਬਹੁਤ ਅਹਿਮ: ‘ਆਪ’

‘ਆਪ’ ਆਗੂ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਪੰਜਾਬ ਅਸੈਂਂਬਲੀ ’ਚ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਹਮੇਸ਼ਾਂ ਕਿਸਾਨਾਂ ਦੀ ਹਮਾਇਤ ਕੀਤੀ ਹੈ, ਪਰ ਹਾਈਵੇ ਬੰਦ ਰਹਿਣ ਕਰਕੇ ਸੂਬੇ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਸੀ। ‘ਆਪ’ ਆਗੂਆਂ ਨੇ ਕਿਹਾ, ‘‘ਸਾਡੀ ਸਰਕਾਰ ਨੇ ਹਮੇਸ਼ਾਂ ਕਿਸਾਨਾਂ ਦੀ ਹਮਾਇਤ ਕੀਤੀ ਹੈ, ਪਰ ਸੂਬੇ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਕਾਰੋਬਾਰ ਤੇ ਰੁਜ਼ਗਾਰ ਲਈ ਹਾਈਵੇ ਬਹੁਤ ਅਹਿਮ ਹਨ।’’

ਧਰਨਿਆਂ ’ਚੋਂ ਨਿਕਲੀ ਸਰਕਾਰ ਹੀ ਜਮਹੂਰੀ ਕਦਰਾਂ ਕੀਮਤਾਂ ਨੂੰ ਦਬਾਉਣ ਦੇ ਰਾਹ ਪਈ: ਗਿਆਨੀ ਕੁਲਦੀਪ ਸਿੰਘ ਗੜਗੱਜ

ਅੰਮ੍ਰਿਤਸਰ(ਜਗਤਾਰ ਸਿੰਘ ਲਾਂਬਾ): ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਵੱਲੋਂ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਧੇਰ ਸਣੇ ਕਈ ਹੋਰਨਾਂ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈਣ ਦੀ ਕਾਰਵਾਈ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਪੰਜਾਬ ਪੁਲੀਸ ਸਟੇਟ ਬਣਨ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਪਰਿਵਾਰ ਲਈ ਤੇ ਸਮਾਜ ਦਾ ਢਿੱਡ ਭਰਨ ਲਈ ਕਿਰਤ ਕਰਦਾ ਹੈ, ਪਰ ਅੱਜ ਕਿਸਾਨਾਂ ਨਾਲ ਜੋ ਵਰਤਾਰਾ ਵਾਪਰ ਰਿਹਾ ਹੈ, ਉਹ ਕਿਸਾਨ, ਸਮਾਜ, ਮਨੁੱਖਤਾ ਅਤੇ ਲੋਕਤੰਤਰ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਕਰਕੇ ਆ ਰਹੇ ਕਿਸਾਨ ਆਗੂਆਂ ਨੂੰ ਜਿਸ ਤਰ੍ਹਾਂ ਪੁਲੀਸ ਵਲੋਂ ਹਿਰਾਸਤ ਵਿੱਚ ਲਿਆ ਗਿਆ ਤੇ ਧਰਨਾਕਾਰੀ ਕਿਸਾਨਾਂ ਖਿਲਾਫ਼ ਵੱਡਾ ਐਕਸ਼ਨ ਕਰਕੇ ਜਿਸ ਤਰ੍ਹਾਂ ਉਨ੍ਹਾਂ ਦੀਆਂ ਸਟੇਜਾਂ ਢਾਹੀਆਂ ਗਈਆਂ, ਉਹ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਧਰਨਿਆਂ ਵਿੱਚੋਂ ਨਿਕਲੀ ਸਰਕਾਰ ਹੀ ਅੱਜ ਜਮਹੂਰੀ ਕਦਰਾਂ ਕੀਮਤਾਂ ਨੂੰ ਦਬਾਉਣ ਦੇ ਰਾਹ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚ ਕਿਸਾਨਾਂ ਦੇ ਧਰਨੇ ਨਾਲ ਕੋਈ ਮਸਲਾ ਪੈਦਾ ਹੋ ਰਿਹਾ ਹੈ ਤਾਂ ਇਸ ਦਾ ਹੱਲ ਗੱਲਬਾਤ ਨਾਲ ਕੱਢਿਆ ਜਾਣਾ ਚਾਹੀਦਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਦਾ ਮਾਨਸਿਕ ਤਵਾਜ਼ਨ ਵਿਗੜਿਆ: ਹਰਸਿਮਰਤ ਕੌਰ ਬਾਦਲ

ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਖਿਲਾਫ਼ ਪੰਜਾਬ ਪੁਲੀਸ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ‘ਮਾਨਸਿਕ ਤਵਾਜ਼ਨ’ ਵਿਗੜ ਗਿਆ ਹੈ। ਉਨ੍ਹਾਂ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈਣ ਤੇ ਬੁਲਡੋਜ਼ਰ ਐਕਸ਼ਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਆਪਣਾ ਹੱਕ ਮੰਗ ਰਹੇ ਹਨ।

ਇਹ ਵੀ ਪੜ੍ਹੋ:

Punjab News: ਸ਼ੰਭੂ ਸਰਹੱਦ ਨੇੜੇ Internet ਮੁਅੱਤਲ, ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ’ਚ ਭਾਰੀ ਪੁਲੀਸ ਫੋਰਸ ਤਾਇਨਾਤ

Farmer Protest: ਕਿਸਾਨ ਆਗੂਆਂ ਦੀ ਕੇਂਦਰੀ ਮੰਤਰੀਆਂ ਨਾਲ ਤੀਜੇ ਗੇੜ ਦੀ ਗੱਲਬਾਤ ਵੀ ਰਹੀ ਬੇਸਿੱਟਾ

ਗ਼ੌਰਤਲਬ ਹੈ ਕਿ ਅੱਜ ਸਵੇਰੇ ਕਿਸਾਨ ਆਗੂਆਂ ਦੇ ਗੱਲਬਾਤ ਲਈ ਚੰਡੀਗੜ੍ਹ ਰਵਾਨਾ ਹੋਣ ਤੋਂ ਬਾਅਦ ਹੀ ਪੰਜਾਬ ਪੁਲੀਸ ਨੇ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਵਿਚ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਸੀ। ਬਨੂੜ ਨੇੜੇ ਨਾਕਾ ਲਾ ਕੇ ਪਟਿਆਲਾ ਵੱਲ ਜਾਣ ਵਾਲੇ ਲੋਕਾਂ ਨੂੰ ਰੋਕ ਦੇ ਪੁੱਛਗਿੱਛ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਸ਼ੰਭੂ ਬਾਰਡਰ ਨੇੜੇ ਇੰਟਰਨੈੱਟ ਸੇਵਾਵਾਂ ਬੰਦ ਕੀਤੇ ਜਾਣ ਦੀਆਂ ਰਿਪੋਰਟਾਂ ਵੀ ਆਈਆਂ।

ਸੰਗਰੂਰ ਤੋਂ ਗੁਰਦੀਪ ਸਿੰਘ ਲਾਲੀ ਦੀ ਰਿਪੋਰਟ ਮੁਤਾਬਕ ਸੰਗਰੂਰ ਨੇੜਲੇ ਪੁਲੀਸ ਟਰੇਨਿੰਗ ਸੈਂਟਰ ਲੱਡਾ ਕੋਠੀ ਵਿਖੇ ਬੁੱਧਵਾਰ ਸਵੇਰੇ ਕਈ ਜ਼ਿਲ੍ਹਿਆਂ ਦੀ ਇਕੱਠੀ ਹੋਈ ਪੁਲੀਸ ਫੋਰਸ ਦਾ ਵੱਡਾ ਕਾਫ਼ਲਾ ਸ਼ਾਮ ਵੇਲੇ ਲੱਡਾ ਕੋਠੀ ਤੋਂ ਖਨੌਰੀ ਬਾਰਡਰ ਵੱਲ ਰਵਾਨਾ ਹੋ ਗਿਆ ਸੀ। ਇਸ ਦੇ ਮੱਦੇਨਜ਼ਰ ਕਿਸਾਨ ਆਗੂਆਂ ਨੇ ਸ਼ੰਭੂ ਅਤੇ ਖਨੌਰੀ ਮੋਰਚਿਆਂ ਨੂੰ ਪੁਲੀਸ ਦੀ ਤਾਕਤ ਨਾਲ ਖਦੇੜੇ ਜਾਣ ਦਾ ਖ਼ਦਸ਼ਾ ਜਤਾਇਆ ਸੀ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਸੋਸ਼ਲ ਮੀਡੀਆ ਵੀਡੀਓ ਜਾਰੀ ਕਰ ਕੇ ਮਾਲਵੇ ਦੇ ਕਿਸਾਨਾਂ ਨੂੰ ਖਨੌਰੀ ਮੋਰਚੇ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪੁੱਜਣ ਦਾ ਸੱਦਾ ਦਿੱਤਾ ਸੀ।

ਡੱਲੇਵਾਲ, ਪੰਧੇਰ ਤੇ ਹੋਰ ਆਗੂਆਂ ਨੂੰ ਹਿਰਾਸਤ ’ਚ ਲੈਣ ਵਿਰੁੱਧ ਸੰਯੁਕਤ ਮੋਰਚੇ ਨੇ ਮੀਟਿੰਗ ਸੱਦੀ: ਰੁਲਦੂ ਸਿੰਘ

ਜੋਗਿੰਦਰ ਸਿੰਘ ਮਾਨ

ਕਿਸਾਨ ਆਗੂ ਰੁਲਦੂ ਸਿੰਘ
ਕਿਸਾਨ ਆਗੂ ਰੁਲਦੂ ਸਿੰਘ

ਮਾਨਸਾ: ਪੰਜਾਬ ਪੁਲੀਸ ਵੱਲੋਂ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਪ੍ਰਮੁੱਖ ਆਗੂਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਚੰਡੀਗੜ੍ਹ ਦੀ ਮੀਟਿੰਗ ਤੋਂ ਪਰਤਦਿਆਂ ਹਿਰਾਸਤ ਵਿੱਚ ਲੈ ਲਏ ਜਾਣ ਦੀ ਸੰਯੁਕਤ ਕਿਸਾਨ ਮੋਰਚਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਇਸ ਮਾਮਲੇ ਨਾਲ ਨਜਿੱਠਣ ਲਈ ਯੂਨੀਅਨ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਕਿਤੇ ਗੁਪਤ ਥਾਂ ’ਤੇ ਮੀਟਿੰਗ ਸੱਦ ਲਈ ਹੈ।

ਇਸ ਪੱਤਰਕਾਰ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਕਿਸਾਨ ਆਗੂ ਰੁਲਦੂ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਿਲੀ ਗੁਪਤ ਸੂਚਨਾ ਤੋਂ ਪਤਾ ਲੱਗਿਆ ਹੈ ਕਿ ਪੁਲੀਸ ਨੇ ਚੰਡੀਗੜ੍ਹ ਤੋਂ ਪਰਤਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਸਮੇਤ ਕੇਂਦਰੀ ਵਜ਼ੀਰਾਂ ਨਾਲ ਗੱਲਬਾਤ ਕਰਨ ਗਏ ਵੱਖ-ਵੱਖ ਜਥੇਬੰਦੀਆਂ ਦੇ ਸਾਰੇ 28 ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦੀ ਅਜਿਹੀ ਨੀਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਲਈ ਸਖ਼ਤ ਅੰਦੋਲਨ ਆਰੰਭ ਕਰਨ ਲਈ ਵਿਸ਼ੇਸ ਮੀਟਿੰਗ ਕੀਤੀ ਜਾ ਰਹੀ ਹੈ।

Advertisement
×