DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News - Farmer Protest: ਸ਼ੰਭੂ ਧਰਨੇ ਤੋਂ ਇਕ ਦਿਨ ਪਹਿਲਾਂ ਕਿਸਾਨ ਆਗੂ ਡੱਲੇਵਾਲ ਤੇ ਸਾਥੀ ਘਰਾਂ ’ਚ ਨਜ਼ਰਬੰਦ

Punjab News - Farmer Protest: Jagjit Dallewal and other farmer leaders put under house arrest by Punjab Police
  • fb
  • twitter
  • whatsapp
  • whatsapp
Advertisement

ਨਿੱਜੀ ਪੱਤਰ ਪ੍ਰੇਰਕ

ਫਰੀਦਕੋਟ, 5 ਮਈ

Advertisement

ਜ਼ਿਲ੍ਹਾ ਪੁਲੀਸ ਨੇ ਅੱਜ ਸਵੇਰੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਉਨ੍ਹਾਂ ਦੇ 10 ਸਾਥੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਹੈ। ਜਗਜੀਤ ਸਿੰਘ ਡੱਲੇਵਾਲ ਨੇ 6 ਮਈ ਨੂੰ ਸ਼ੰਭੂ ਥਾਣੇ ਅੱਗੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਸੀ।

ਇਸ ਧਰਨੇ ਤੋਂ ਪਹਿਲਾਂ ਹੀ ਅੱਜ ਪੁਲੀਸ ਨੇ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ, ਲਾਲ ਸਿੰਘ ਗੋਲੇਵਾਲਾ, ਇੰਦਰਜੀਤ ਸਿੰਘ ਘਣੀਆਂ, ਬਲਦੇਵ ਸਿੰਘ ਅਤੇ ਕੁਝ ਹੋਰ ਕਿਸਾਨਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ।

ਕਿਸਾਨ ਆਗੂ ਲਾਲ ਸਿੰਘ ਗੋਲੇਵਾਲਾ ਨੇ ਇਸ ਨਜ਼ਰਬੰਦੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲੀਸ ਦੀ ਅਜਿਹੀ ਕਾਰਵਾਈ ਨਾਲ ਕਿਸਾਨਾਂ ਦਾ ਅੰਦੋਲਨ ਰੁਕਣ ਵਾਲਾ ਨਹੀਂ ਅਤੇ ਉਨ੍ਹਾਂ ਦੇ ਸਾਥੀ ਕਿਸਾਨ ਸ਼ੰਭੂ ਥਾਣੇ ਅੱਗੇ ਹਰ ਹਾਲਤ ਵਿੱਚ ਧਰਨਾ ਦੇਣਗੇ।

ਪੁਲੀਸ ਨੇ ਕਿਸਾਨ ਆਗੂਆਂ ਦੇ ਘਰਾਂ ਨੂੰ ਜਾਂਦੇ ਰਸਤੇ ਕੀਤੇ ਸੀਲ

ਮਹੇਸ਼ ਸ਼ਰਮਾ

ਮੰਡੀ ਅਹਿਮਦਗੜ੍ਹ: ਮਾਲੇਰਕੋਟਲਾ ਤੇ ਲੁਧਿਆਣਾ ਜ਼ਿਲ੍ਹਿਆਂ ਵਿਚ ਪੈਂਦੇ ਇਸ ਇਲਾਕੇ ਦੀ ਪੁਲੀਸ ਅੱਜ ਤੜਕਸਾਰ ਪੱਬਾਂ ਭਾਰ ਦੇਖੀ ਗਈ ਜਦੋਂ ਕਿ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਨੇ ਮੁੱਖ ਮਾਰਗਾਂ ਉੱਪਰ ਨਾਕੇ ਲਗਾਉਣ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਕਿਸਾਨ ਆਗੂਆਂ ਦੇ ਘਰਾਂ ਨੂੰ ਜਾਂਦੇ ਰਸਤੇ ਲਗਭਗ ਸੀਲ ਕਰ ਦਿੱਤੇ।

ਭਾਵੇਂ ਪ੍ਰਸ਼ਾਸਨ ਨੇ ਅੱਜ ਤੜਕਸਾਰ ਕੀਤੀ ਇਸ ਕਾਰਵਾਈ ਨੂੰ ਰੁਟੀਨ ਅਮਲ ਦੱਸਿਆ ਹੈ ਪਰ ਸੂਤਰ ਦੱਸਦੇ ਹਨ ਕਿ ਮੰਗਲਵਾਰ ਨੂੰ ਸ਼ੰਭੂ ਥਾਣੇ ਅੱਗੇ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਕਿਸਾਨ ਆਗੂਆਂ ਵੱਲੋਂ ਇੱਕ ਦਿਨ ਪਹਿਲਾਂ ਹੀ ਕੂਚ ਕਰਨ ਦੀਆਂ ਖਬਰਾਂ ਮਿਲਣ ਤੋਂ ਬਾਅਦ ਅੱਜ ਦੀ ਕਾਰਵਾਈ ਕੀਤੀ ਗਈ ਹੈ।

ਪੁਲੀਸ ਵੱਲੋਂ ਅਹਿਮਦਗੜ੍ਹ ਵਿਖੇ ਰਾਏਕੋਟ ਰੋਡ ’ਤੇ ਲਾਇਆ ਗਿਆ ਨਾਕਾ।

ਨਾਲ ਹੀ ਉਂਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਘਰ ਵਿੱਚ ਹੀ ਨਜ਼ਰਬੰਦ ਕੀਤੇ ਜਾਣ ਸਬੰਧੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਪੁਲੀਸ ਅਧਿਕਾਰੀਆਂ ਵੱਲੋਂ ਇਸ ਖੇਤਰ ਦੇ ਕਰੀਬ ਦਸ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਰੱਖਣ ਲਈ ਲੋੜੀਂਦੇ ਇੰਤਜ਼ਾਮ ਕਰ ਦਿੱਤੇ ਗਏ ਹਨ।

ਇਸ ਇਲਾਕੇ ਵਿੱਚ ਨਾਕਿਆਂ ਦੀ ਨਿਗਰਾਨੀ ਕਰ ਰਹੇ ਡੀਐਸਪੀ (ਸਪੈਸ਼ਲ) ਨੇ ਕਿਹਾ ਕਿ ਲੁਧਿਆਣਾ-ਮਾਲੇਰਕੋਟਲਾ, ਮਾਲੇਰਕੋਟਲਾ-ਖੰਨਾ, ਅਹਿਮਦਗੜ੍ਹ-ਰਾਏਕੋਟ ਅਤੇ ਕੁੱਪ-ਪਾਇਲ ਸੜਕਾਂ 'ਤੇ ਵਿਸ਼ੇਸ਼ ਨਾਕੇ ਲਗਾਏ ਗਏ ਹਨ ਪਰ ਉਨ੍ਹਾਂ ਕਿਸੇ ਵੀ ਕਿਸਾਨ ਆਗੂ ਨੂੰ ਨਜ਼ਰਬੰਦ ਕੀਤੇ ਜਾਣ ਦੀ ਗੱਲ ਤੋਂ ਟਾਲਾ ਵੱਟ ਲਿਆ।

ਉੱਧਰ ਐਸਕੇਐਮ (ਗੈਰ-ਰਾਜਨੀਤਿਕ) ਆਗੂ ਜਗਜੀਤ ਡੱਲੇਵਾਲ ਨੂੰ ਤੜਕੇ 4 ਵਜੇ ਦੇ ਕਰੀਬ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ ਜਿਸ ਬਾਰੇ ਡੱਲੇਵਾਲ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪਾਏ ਹਨ।

ਬੀਤੇ ਸ਼ਨਿੱਚਰਵਾਰ ਨੂੰ ਕਿਸਾਨ ਮਜ਼ਦੂਰ ਮੋਰਚਾ (ਭਾਰਤ) ਅਤੇ ਐਸਕੇਐਮ (ਗੈਰ-ਰਾਜਨੀਤਿਕ) ਨੇ ਮੰਗਲਵਾਰ 6 ਮਈ ਨੂੰ ਸ਼ੰਭੂ ਪੁਲੀਸ ਸਟੇਸ਼ਨ ਦੇ ਬਾਹਰ ਵਿਰੋਧ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਸਰਕਾਰ 'ਤੇ ਹਾਲ ਹੀ ਵਿੱਚ ਹੋਏ ਕਿਸਾਨ ਅੰਦੋਲਨ ਦੌਰਾਨ ਦਮਨਕਾਰੀ ਉਪਾਅ ਵਰਤਣ ਦਾ ਦੋਸ਼ ਲਗਾਇਆ ਗਿਆ ਸੀ ਅਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਸੀ।

ਬਠਿੰਡਾ 'ਚ ਕਿਸਾਨ ਆਗੂਆਂ ਦੇ ਘਰਾਂ 'ਤੇ ਪੁਲੀਸ ਦੀ ਛਾਪੇਮਾਰੀ, ਕਈ ਗ੍ਰਿਫਤਾਰ

ਮਨੋਜ ਸ਼ਰਮਾ

ਬਠਿੰਡਾ: ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਅੱਜ ਬਠਿੰਡਾ ਜ਼ਿਲ੍ਹੇ 'ਚ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂ) ਨਾਲ ਸਬੰਧਤ ਕਿਸਾਨ ਆਗੂਆਂ ਦੇ ਘਰਾਂ 'ਤੇ ਪੁਲੀਸ ਵੱਲੋਂ ਭਾਰੀ 'ਚ ਫੋਰਸ ਲੈ ਕੇ ਛਾਪੇਮਾਰੀ ਕੀਤੀ ਗਈ।

ਜਾਣਕਾਰੀ ਅਨੁਸਾਰ, ਕਾਕਾ ਸਿੰਘ ਕੋਟੜਾ (ਜ਼ਿਲ੍ਹਾ ਜਨਰਲ ਸਕੱਤਰ, ਪੰਜਾਬ) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਕਿਸੇ ਅਣਜਾਣ ਥਾਂ 'ਤੇ ਲਿਜਾਇਆ ਗਿਆ ਹੈ। ਇਸੇ ਤਰ੍ਹਾਂ ਹੀ ਰੇਸ਼ਮ ਸਿੰਘ ਯਾਤਰੀ (ਜ਼ਿਲ੍ਹਾ ਸਕੱਤਰ, ਬਠਿੰਡਾ) ਦੇ ਘਰ 'ਤੇ ਵੀ ਤੜਕੇ 3 ਵਜੇ 5 ਪੁਲੀਸ ਵਾਹਨਾਂ ਵਿਚ 2 ਡੀਐਸਪੀਜ਼, ਐਸਐਚਓ ਅਤੇ ਲੇਡੀ ਪੁਲੀਸ ਦੀ ਅਗਵਾਈ ਹੇਠ ਛਾਪਾ ਮਾਰਿਆ ਗਿਆ।

ਪੁਲੀਸ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ।

ਇਸ ਦੇ ਬਾਵਜੂਦ ਯਾਤਰੀ ਰੂਪੋਸ਼ ਹੋ ਕੇ ਪੁਲੀਸ ਦੀ ਗ੍ਰਿਫਤਾਰੀ ਤੋਂ ਬਚਣ ਵਿਚ ਕਾਮਯਾਬ ਰਹੇ। ਇਸ ਦੇ ਨਾਲ ਹੀ ਬਲਦੇਵ ਸਿੰਘ ਸਦੋਹਾ (ਜ਼ਿਲ੍ਹਾ ਪ੍ਰਧਾਨ) ਅਤੇ ਮਖਤਿਆਰ ਸਿੰਘ ਰਾਜਗੜ੍ਹ ਕੁੱਬੇ ਦੇ ਘਰਾਂ 'ਤੇ ਵੀ ਪੁਲੀਸ ਦੀ ਚਲਾਈ ਕਾਰਵਾਈ ਦੌਰਾਨ ਮਖਤਿਆਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਥਾਣੇ 'ਚ ਰੱਖ ਲਿਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂ) ਵੱਲੋਂ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ।

ਆਗੂਆਂ ਨੇ ਦੋਸ਼ ਲਾਇਆ, ‘‘ਜੋ ਮੁੱਖ ਮੰਤਰੀ ਆਪਣੇ ਆਪ ਨੂੰ ਕਿਸਾਨਾਂ ਦਾ ਮਸੀਹਾ ਦੱਸਦਾ ਸੀ, ਉਹੀ ਅੱਜ ਕਿਸਾਨਾਂ ਉੱਤੇ ਜਬਰ ਕਰ ਰਿਹਾ ਹੈ। ਇਹ ਲੋਕਤੰਤਰ ਤੇ ਕਿਸਾਨੀ ਆਵਾਜ਼ ਨੂੰ ਦਰੜਨ ਦੀ ਕੋਸ਼ਿਸ਼ ਹੈ।"

Advertisement
×