ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ, 15 ਦਸੰਬਰ
Farmer Protest: ਪੰਜਾਬ ਪੁਲੀਸ ਮੁਖੀ (DGP) ਗੌਰਵ ਯਾਦਵ ਨੇ ਅੱਜ ਪਟਿਆਲਾ ਜ਼ਿਲ੍ਹੇ ਅਧੀਨ ਪੈਂਦੇ ਢਾਬੀ ਗੁਜਰਾਂ/ਖਨੌਰੀ ਬਾਰਡਰ 'ਤੇ 20 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਪੁੁੱਜੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਡਾਇਰੈਕਟਰ ਮਯੰਕ ਮਿਸ਼ਰਾ ਵੀ ਮੌਜੂਦ ਸਨ। ਇਸ ਤੋਂ ਇਲਾਵਾ ਪਟਿਆਲਾ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਐਸਐਸਪੀ ਡਾ. ਨਾਨਕ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਰਹੇ।
ਉਨ੍ਹਾਂ ਦਾ ਕਹਿਣਾ ਸੀ ਕਿ ਉਹ ਅੱਜ ਇੱਥੇ ਜਿੱਥੇ ਡੀਜੀਪੀ ਹੋਣ ਨਾਤੇ ਆਏ ਹਨ ਕਿਉਂਕਿ ਉਨ੍ਹਾਂ ਨੂੰ ਖ਼ਾਸ ਤੌਰ ’ਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਵੀ ਇੱਥੇ ਭੇਜਿਆ ਗਿਆ ਹੈ। ਡੀਜੀਪੀ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਕਿਸਾਨੀ ਮਸਲੇ ਦੇ ਹੱਲ ਲਈ ਕੇਂਦਰ ਸਰਕਾਰ ਨਾਲ ਵੀ ਰਾਬਤਾ ਸਾਧਿਆ ਹੋਇਆ ਹੈ। ਉਨ੍ਹਾਂ ਕਿਸਾਨਾਂ ਅਤੇ ਕੇਂਦਰ ਦਰਮਿਆਨ ਜਲਦੀ ਕੋਈ ਉਸਾਰੂ ਗੱਲਬਾਤ ਸ਼ੁਰੂ ਹੋਣ ਦੀ ਸੰਭਾਵਨਾ ਵੀ ਜਤਾਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਜੀਪੀ ਸ੍ਰੀ ਗੌਰਵ ਯਾਦਵ ਦਾ ਕਹਿਣਾ ਸੀ ਕਿ ਸ੍ਰੀ ਡੱਲੇਵਾਲ ਹੋਣਹਾਰ, ਸੁਲਝੇ ਅਤੇ ਸੀਨੀਅਰ ਨੇਤਾ ਹਨ, ਜਿਸ ਕਰ ਕੇ ਕਿਸਾਨੀ ਮੰਗਾਂ ਦੀ ਪੂਰਤੀ ਲਈ ਜਾਰੀ ਇਸ ਸੰਘਰਸ਼ ਨੂੰ ਨੇਪਰੇ ਚੜ੍ਹਾਉਣ ਲਈ ਸ੍ਰੀ ਡੱਲੇਵਾਲ ਵਰਗੇ ਸੁਲਝੇ ਕਿਸਾਨ ਆਗੂਆਂ ਦੀ ਅਗਵਾਈ ਦੀ ਦੇਸ਼, ਪੰਜਾਬ ਅਤੇ ਖ਼ਾਸਕਰ ਕਿਸਾਨੀ ਨੂੰ ਬਹੁਤ ਜ਼ਰੂਰਤ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪੁਲੀਸ ਨਹੀਂ ਚਾਹੁੰਦੀ ਕਿ ਸ੍ਰੀ ਡੱਲੇਵਾਲ ਦਾ ਮਰਨ ਵਰਤ ਤੁੜਵਾਉਣ ਲਈ ਕੋਈ ਜ਼ੋਰ-ਜ਼ਬਰਦਸਤੀ ਕੀਤੀ ਜਾਵੇ। ਇਸ ਕਰਕੇ ਹੀ ਉਹ ਅੱਜ ਇੱਥੇ ਉਚੇਚੇ ਤੌਰ 'ਤੇ ਸ੍ਰੀ ਡੱਲੇਵਾਲ ਨੂੰ ਮਰਨ ਵਰਤ ਤਿਆਗਣ ਦੀ ਅਪੀਲ ਕਰਨ ਆਏ ਹਨ, ਤਾਂ ਜੋ ਉਨ੍ਹਾਂ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ। ਉਨ੍ਹਾਂ ਹੋਰ ਕਿਹਾ ਕਿ ਇਸ ਤੋਂ ਇਲਾਵਾ ਸੁਪਰੀਮ ਕੋਰਟ ਵੱਲੋਂ ਵੀ ਸ੍ਰੀ ਡੱਲੇਵਾਲ ਦਾ ਪੂਰਾ ਖਿਆਲ ਰੱਖਣ ਦੀ ਹਦਾਇਤ ਪੰਜਾਬ ਤੇ ਕੇਂਦਰ ਸਰਕਾਰਾਂ ਨੂੰ ਕੀਤੀ ਗਈ ਹੈ, ਜਿਸ ਦੇ ਚਲਦਿਆਂ ਡਾਕਟਰੀ ਟੀਮ ਵੱਲੋਂ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਰਿਹਾ ਹੈ ਤੇ ਇਸੇ ਸਭ ਕਾਸੇ ਦਾ ਮੁਆਇਨਾ ਲੈਣਵੀ ਉਹ ਇਥੇ ਪੁੱਜੇ ਹਨ।
ਸ੍ਰੀ ਡੱਲੇਵਾਲ ਨਾਲ ਮੁਲਾਕਾਤ ਤੋਂ ਬਾਅਦ ਡੀਜੀਪੀ ਨੇ ਮੋਰਚੇ ਵਿੱਚ ਸ਼ਾਮਿਲ ਸੀਨੀਅਰ ਕਿਸਾਨ ਆਗੂਆਂ ਕਾਕਾ ਸਿੰਘ ਕੋਟੜਾ ਤੇ ਹੋਰਨਾਂ ਨਾਲ ਵੀ ਮੀਟਿੰਗ ਕੀਤੀ। ਖ਼ਬਰ ਲਿਖੇ ਜਾਣ ਤੱਕ ਇਹ ਮੀਟਿੰਗ ਜਾਰੀ ਸੀ।ਦੱਸਣਯੋਗ ਹੈ ਕਿ ਡੱਲੇਵਾਲ ਕਿਸਾਨ ਮੰਗਾਂ ਨੂੰ ਲੈ ਕੇ ਬੀਤੀ 26 ਨਵੰਬਰ ਤੋਂ ਇਥੇ ਮਰਨ ਵਰਤ ਉਤੇ ਬੈਠੇ ਹਨ। ਉਨ੍ਹਾਂ ਦੇ ਮਰਨ ਵਰਤ ਨੂੰ 20 ਦਿਨ ਹੋ ਚੁੱਕੇ ਹਨ ਤੇ ਇਸ ਕਾਰਨ ਉਨ੍ਹਾਂ ਦੀ ਸਿਹਤ ਵਿਚ ਲਗਾਤਾਰ ਨਿਘਾਰ ਆ ਰਿਹਾ ਹੈ।
ਇਹ ਵੀ ਪੜ੍ਹੋ:
Farmer Protest: ਮੰਗਾਂ ਦੀ ਪੂਰਤੀ ਲਈ Pandher ਵੱਲੋਂ ਕਿਸਾਨ ਜਥੇਬੰਦੀਆਂ ਨੂੰ ਚਿੱਠੀ ਲਿਖ ਕੇ ਮੁੜ ਇਕਜੁੱਟਤਾ ਦਾ ਸੱਦਾ
ਹਰਿਆਣਾ ਪੁਲੀਸ ਨੇ ਤੀਜੇ ਜਥੇ ਦਾ ਵੀ ਰਾਹ ਡੱਕਿਆ
ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਜਾਨ ਵੱਧ ਕੀਮਤੀ ਸੀ: ਡੱਲੇਵਾਲ
ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਵੀ ਉਨ੍ਹਾਂ ਦੀ ਜਾਨ ਨੂੰ ‘ਬੇਹੱਦ ਕੀਮਤੀ’ ਕਰਾਰ ਦਿੰਦਿਆਂ ਉਨ੍ਹਾਂ ਦੀ ਸਿਹਤ ਵਿਚ ਨਿਘਾਰ ਉਤੇ ਫ਼ਿਕਰਮੰਦੀ ਦਾ ਇਜ਼ਾਹਰ ਕੀਤਾ ਸੀ। ਸਿਖਰਲੀ ਅਦਾਲਤ ਨੇ ਦੋਵਾਂ ਪੰਜਾਬ ਤੇ ਕੇਂਦਰ ਸਰਕਾਰਾਂ ਨੂੰ ਉਨ੍ਹਾਂ ਨੂੰ ਮਿਲਣ ਤੇ ਆਪਣਾ ਮਰਨ ਵਰਤ ਖ਼ਤਮ ਕਰਨ ਵਾਸਤੇ ਮਨਾਉਣ ਲਈ ਕਿਹਾ ਸੀ।ਸਮਝਿਆ ਜਾਦਾ ਹੈ ਕਿ ਸੂਬਾ ਤੇ ਕੇਂਦਰ ਸਰਕਾਰਾਂ ਦੇ ਅਧਿਕਾਰੀ ਇਸੇ ਸਬੰਧ ਵਿਚ ਡੱਲੇਵਾਲ ਨੂੰ ਮਿਲਣ ਤੇ ਉਨ੍ਹਾਂ ਨੂੰ ਆਪਣਾ ਮਰਨ ਵਰਤ ਖ਼ਤਮ ਕਰਨ ਵਾਸਤੇ ਰਾਜ਼ੀ ਕਰਨ ਲਈ ਇਥੇ ਆਏ ਹਨ।
ਮੰਗਾਂ ਦੀ ਪੂਰਤੀ ਤੱਕ ਮਰਨ ਵਰਤ ਜਾਰੀ ਰੱਖਣ ਲਈ ਬਜ਼ਿੱਦ ਹਨ ਡੱਲੇਵਾਲ
![]()
ਦੂਜੇ ਪਾਸੇ ਡੱਲੇਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਰਨ ਵਰਤ ਕਿਸਾਨ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜੇ ਸਰਕਾਰਾਂ ਉਨ੍ਹਾਂ ਦਾ ਮਰਨ ਵਰਤ ਖ਼ਤਮ ਕਰਾਉਣਾ ਚਾਹੁੰਦੀਆਂ ਹਨ ਤਾਂ ਫ਼ੌਰੀ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹ ਆਪਣੀ ਜਾਨ ਦੀ ਕੁਰਬਾਨੀ ਲਈ ਤਿਆਰ ਹਨ।