DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਮੂ ਕਸ਼ਮੀਰ ਪੁਲੀਸ ਤੋਂ ਅਮਨ-ਕਾਨੂੰਨ ਦੀ ਬਹਾਲੀ ਦਾ ਬੁਨਿਆਦੀ ਕੰਮ ਲਿਆ ਜਾਵੇ: ਵੋਹਰਾ

‘ਸੁਰੱੱਖਿਆ ਬਲ ਵਾਪਸ ਸੱਦਣ’ ਤੇ ‘ਅਫਸਪਾ’ ਹਟਾਉਣ ਸਬੰਧੀ ਬਿਆਨ ਲਈ ਕੇਂਦਰੀ ਗ੍ਰਹਿ ਮੰਤਰੀ ਦੀ ਸ਼ਲਾਘਾ
  • fb
  • twitter
  • whatsapp
  • whatsapp
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 27 ਮਾਰਚ

Advertisement

ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨ.ਐੱਨ.ਵੋਹਰਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚੋਂ ‘ਸੁਰੱਖਿਆ ਬਲ ਵਾਪਸ ਬੁਲਾਉਣ, ਹਥਿਆਰਬੰਦ ਬਲਾਂ ਨੂੰ ਵਿਸ਼ੇਸ਼ ਤਾਕਤਾਂ ਦਿੰਦਾ ਐਕਟ (ਅਫਸਪਾ) ਵਾਪਸ ਲੈਣ ਤੇ ਅਮਨ ਕਾਨੂੰਨ ਦੀ ਸਥਿਤੀ ਜੰਮੂ ਕਸ਼ਮੀਰ ਪੁਲੀਸ ਹੱਥ ਦੇਣ ਸਬੰਧੀ ਬਿਆਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ਲਾਘਾ ਕੀਤੀ ਹੈ। ਸ੍ਰੀ ਵੋਹਰਾ ਨੇ ਕਿਹਾ, ‘‘ਜੰਮੂ ਕਸ਼ਮੀਰ ਪੁਲੀਸ ਤੋਂ ਅਮਨ-ਕਾਨੂੰਨ ਦੀ ਬਹਾਲੀ ਦਾ ਬੁਨਿਆਦੀ ਕੰਮ ਲਿਆ ਜਾਵੇ ਤੇ ਫੌਜ ਨੂੰ ਇਸ ਜ਼ਿੰਮੇਵਾਰੀ ਤੋਂ ਮੁਕਤ ਕਰਕੇ ਉਸ ਦੇ ਅਸਲ ਫ਼ਰਜ਼ਾਂ ਲਈ ਵਾਪਸ ਭੇਜਿਆ ਜਾਵੇ।’’

ਸ੍ਰੀ ਸ਼ਾਹ ਨੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਅਧਾਰਿਤ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਦਾਅਵਾ ਕੀਤਾ ਸੀ ਕਿ ਉਪਰੋਕਤ ਪੇਸ਼ਕਦਮੀ ਸਰਕਾਰ ਦੇ ਵਿਚਾਰਅਧੀਨ ਹੈ। ਸ੍ਰੀ ਵੋਹਰਾ, ਜੋ ਸੂਬੇ ਨੂੰ ਦੋ ਹਿੱਸਿਆਂ ਵਿਚ ਵੰਡਣ ਤੇ ਇਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਤਬਦੀਲ ਕਰਨ ਤੋਂ ਪਹਿਲਾਂ 2008 ਤੋਂ 2018 ਦੇ ਅਰਸੇ ਦੌਰਾਨ ਜੰਮੂ ਕਸ਼ਮੀਰ ਦੇ ਰਾਜਪਾਲ ਵੀ ਰਹੇ ਹਨ, ਨੇ ਜੰਮੂ ਕਸ਼ਮੀਰ ਵਿਚੋਂ ‘ਅਫਸਪਾ’ ਹਟਾਉਣ ਸਬੰਧੀ ਸ਼ਾਹ ਦੇ ਵਿਚਾਰ ਦਾ ਸਵਾਗਤ ਕੀਤਾ ਹੈ। ਉਨ੍ਹਾਂ ਆਸ ਜਤਾਈ ਕਿ ਕੇਂਦਰ ਸਰਕਾਰ ਇਸੇ ਪਹੁੰਚ ਨੂੰ ਅਪਣਾਉਂਦਿਆਂ ਦੇਸ਼ ਦੇ ਹੋਰਨਾਂ ਹਿੱਸਿਆਂ, ਜਿੱਥੇ ਲੰਮੇ ਸਮੇਂ ਤੋਂ ਸਲਾਮਤੀ ਦਸਤਿਆਂ ਤੋਂ ਅੰਦਰੂਨੀ ਸੁਰੱਖਿਆ ਦਾ ਕੰਮ ਲਿਆ ਜਾ ਰਿਹਾ ਹੈ, ਵਿਚੋਂ ਵੀ ਫੌਜ ਵਾਪਸ ਬੁਲਾਏਗੀ।

ਸ੍ਰੀ ਵੋਹਰਾ, ਜੋ ਕੌਮੀ ਸੁਰੱਖਿਆ ਦੇ ਵੱਡੇ ਹਮਾਇਤੀ ਰਹੇ ਹਨ, 1962 ਦੀ ਭਾਰਤ ਚੀਨ ਜੰਗ ਤੋਂ ਬਾਅਦ ਹਿਮਾਲਿਆ ਦੇ ਸਰਹੱਦੀ ਇਲਾਕਿਆਂ ਵਿਚ ਸੇਵਾਵਾਂ ਨਿਭਾਉਣ ਮਗਰੋਂ ਪੰਜਾਬ ਦੇ ਗ੍ਰਹਿ ਸਕੱਤਰ ਵੀ ਰਹੇ। ਉਨ੍ਹਾਂ ਇਹ ਜ਼ਿੰਮੇਵਾਰੀ ਅਜਿਹੇ ਮੌਕੇ ਸੰਭਾਲੀ ਜਦੋਂ ਪੰਜਾਬ ਅਪਰੇਸ਼ਨ ਬਲੂਸਟਾਰ ਤੋਂ ਬਾਅਦ ਗੰਭੀਰ ਗੜਬੜੀਆਂ ਦੇ ਦੌਰ ’ਚੋਂ ਲੰਘ ਰਿਹਾ ਸੀ। ਸ੍ਰੀ ਵੋਹਰਾ ਬਾਅਦ ਵਿਚ ਕੇਂਦਰ ਸਰਕਾਰ ’ਚ ਰੱਖਿਆ ਸਕੱਤਰ ਤੇ ਗ੍ਰਹਿ ਸਕੱਤਰ ਦੇ ਅਹੁਦਿਆਂ ’ਤੇ ਵੀ ਰਹੇ। ਸਰਕਾਰੀ ਜ਼ਿੰਮੇਵਾਰੀਆਂ ਤੋਂ ਫ਼ਾਰਗ ਹੋਣ ਮਗਰੋਂ ਸ੍ਰੀ ਵੋਹਰਾ ਕੌਮੀ ਸੁਰੱਖਿਆ ਨੀਤੀ ਐਲਾਨੇ ਜਾਣ ਦੀ ਲੋੜ ਦੀ ਜ਼ੋਰਦਾਰ ਢੰਗ ਨਾਲ ਵਕਾਲਤ ਕਰਦੇ ਰਹੇ ਹਨ। ਇਸ ਨੀਤੀ ਦਾ ਮੁੱਖ ਮਕਸਦ ਕੇਂਦਰ ਤੇ ਰਾਜਾਂ ਵਿਚਾਲੇ ਇਸ ਅਰਥਪੂਰਨ ਸਮਝ ਨੂੰ ਵਿਕਸਤ ਕਰਨਾ ਹੈ ਕਿ ਰਾਜ ਸਰਕਾਰਾਂ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਦੀ ਆਪਣੀ ਪ੍ਰਮੁੱਖ ਜ਼ਿੰਮੇਵਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਮਹੱਤਵਪੂਰਨ ਫਰਜ਼ ਸਿਰਫ਼ ਬਹੁਤ ਹੀ ਅਸਧਾਰਨ ਹਾਲਤ ਵਿੱਚ ਫੌਜ ਨੂੰ ਸੌਂਪਿਆ ਜਾ ਸਕਦਾ ਹੈ।

ਸ੍ਰੀ ਵੋਹਰਾ ਫੌਜ ਨੂੰ ਦੇਸ਼ ਦੀ ਪ੍ਰਾਦੇਸ਼ਕ ਅਖੰਡਤਾ ਦੀ ਰਾਖੀ ਦੇ ਬੁਨਿਆਦੀ ਫ਼ਰਜ਼ ਤੋਂ ਲਾਂਭੇ ਕਰਕੇ ਹੋੋਰ ਕੰਮਾਂ ਵਿਚ ਲਾਉਣ ਕਰਕੇ ਹੋਣ ਵਾਲੇ ਨੁਕਸਾਨਾਂ ’ਤੇ ਵੀ ਲਗਾਤਾਰ ਜ਼ੋਰ ਦਿੰਦੇ ਰਹੇ ਹਨ। ਸ੍ਰੀ ਵੋਹਰਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜੰਮੂ ਕਸ਼ਮੀਰ ਦੇ ਮੀਡੀਆ ਗਰੁੱਪ ਨੂੰ ਦਿੱਤੀ ਇੰਟਰਵਿਊ ਦੌਰਾਨ ਕੀਤੇ ਦਾਅਵਿਆਂ ਦੇ ਸੰਦਰਭ ਵਿਚ ਬੋਲ ਰਹੇ ਸਨ।

ਸ੍ਰੀ ਸ਼ਾਹ ਨੇ ਕਿਹਾ ਸੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚੋਂ ਫੌਜਾਂ ਵਾਪਸ ਸੱਦਣ ਤੇ ਅਮਨ ਤੇ ਕਾਨੂੰਨ ਦੀ ਸਥਿਤੀ ਜੰਮੂ ਕਸ਼ਮੀਰ ਪੁਲੀਸ ’ਤੇ ਛੱਡਣ ਦੀ ਯੋਜਨਾ ਕੇਂਦਰ ਦੇ ਵਿਚਾਰਧੀਨ ਹੈ। ਸ੍ਰੀ ਸ਼ਾਹ ਨੇ ਕਿਹਾ ਸੀ, ‘‘ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਪੁਲੀਸ ’ਤੇ ਯਕੀਨ ਨਹੀਂ ਕੀਤਾ ਜਾਂਦਾ ਸੀ ਪਰ ਅੱਜ ਉਹ ਸਾਰੇ ਅਪਰੇਸ਼ਨਾਂ ਦੀ ਮੋਹਰੇ ਹੋ ਕੇ ਅਗਵਾਈ ਕਰ ਰਹੇ ਹਨ। ਅਸੀਂ ਅਫ਼ਸਪਾ ਹਟਾਉਣ ਬਾਰੇ ਵੀ ਸੋਚਾਂਗੇ।’’

ਦੇਰ ਆਏ ਦਰੁਸਤ ਆਏ: ਮਹਿਬੂਬਾ ਮੁਫ਼ਤੀ

ਸ੍ਰੀਨਗਰ: ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਜੰਮੂ ਕਸ਼ਮੀਰ ਵਿਚੋਂ ‘ਅਫਸਪਾ’ ਹਟਾਉਣ ਬਾਰੇ ਤਜਵੀਜ਼ ਕੇਂਦਰ ਸਰਕਾਰ ਦੇ ਵਿਚਾਰਧੀਨ ਹੋਣ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦਾ ਸਵਾਗਤ ਕਰਦਿਆਂ ਕਿਹਾ, ‘ਦੇਰ ਆਏ ਦਰੁਸਤ ਆਏ’। ਉਨ੍ਹਾਂ ਆਸ ਜਤਾਈ ਕਿ ਦੇਸ਼ ਵਿਚ ਸਾਲਾਨਾ ਦੋ ਕਰੋੜ ਨੌਕਰੀਆਂ ਦੇਣ ਦੇ ਭਾਜਪਾ ਦੇ ਵਾਅਦੇ ਵਾਂਗ ਇਹ ਦਾਅਵਾ ਵੀ ‘ਜੁਮਲੇਬਾਜ਼ੀ’ ਸਾਬਤ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲੀ ਪੇਸ਼ਕਦਮੀ ਵਜੋਂ ਕੇਂਦਰ ਸਰਕਾਰ ਜੇਲ੍ਹਾਂ ਵਿਚ ‘ਬਿਨਾਂ ਕਿਸੇ ਦੋਸ਼ ਤੋਂ’ ਡੱਕੇ ਪੱਤਰਕਾਰਾਂ ਤੇ ਕਸ਼ਮੀਰੀਆਂ ਨੂੰ ਰਿਹਾਅ ਕਰ ਸਕਦੀ ਹੈ। ਸਾਬਕਾ ਮੁੱਖ ਮੰਤਰੀ ਨੇ ਐੱਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਪੀਡੀਪੀ ‘ਅਫ਼ਸਪਾ’ ਜਿਹਾ ਸਖ਼ਤ ਕਾਨੂੰਨ ਵਾਪਸ ਲਏ ਜਾਣ ਦੇ ਨਾਲ ਫੌਜਾਂ ਦੀ ਵਾਪਸੀ ਦੀ ਵੀ ਲਗਾਤਾਰ ਮੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਏਜੰਡੇ ਦਾ ਅਹਿਮ ਹਿੱਸਾ ਸੀ, ਜਿਸ ਬਾਰੇ ਭਾਜਪਾ ਨੇ ਸਹਿਮਤੀ ਦਿੱਤੀ ਸੀ। -ਪੀਟੀਆਈ

ਚੋਣਾਂ ਕਰਕੇ ‘ਅਫ਼ਸਪਾ’ ਹਟਾਉਣ ਦਾ ਵਾਅਦਾ ਕੀਤੈ: ਉਮਰ ਅਬਦੁੱਲਾ

ਸ੍ਰੀਨਗਰ: ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲਾ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚੋਂ ‘ਅਫ਼ਸਪਾ’ ਹਟਾਉਣ ਦਾ ਵਾਅਦਾ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤਾ ਗਿਆ ਹੈ। ਅਬਦੁੱਲਾ ਨੇ ਖੌ਼ਫ਼ ਜਤਾਇਆ ਕਿ ਲੱਦਾਖ ਦੇ ਲੋਕਾਂ ਨਾਲ ਛੇਵੇਂ ਸ਼ਡਿਊਲ ਨੂੰ ਲੈ ਕੇ ਕੀਤੇ ਵਾਅਦੇ ਵਾਂਗ ਇਥੋਂ (ਜੰਮੂ ਕਸ਼ਮੀਰ) ਦੇ ਲੋਕਾਂ ਨੂੰ ਵੀ ਠੱਗਿਆ ਜਾਵੇਗਾ। ਅਬਦੁੱਲਾ ਨੇ ਬਡਗਾਮ ਜ਼ਿਲ੍ਹੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ 2011 ਤੋਂ ਇਸ ਦਿਨ ਦੀ ਉਡੀਕ ਕਰ ਰਿਹਾ ਸੀ। ਅਸੀਂ ‘ਅਫ਼ਸਪਾ’ ਹਟਾਉਣ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਹਨ, ਪਰ ਮੈਨੂੰ ਡਰ ਹੈ ਕਿ ਚੋਣਾਂ ਹੋਣ ਕਰਕੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਛੇਵੇਂ ਸ਼ਡਿਊਲ ਦੇ ਵਾਅਦੇ ’ਤੇ ਗੁਮਰਾਹ ਕੀਤਾ ਤੇ ਠੱਗਿਆ ਜਾਵੇਗਾ।’’ -ਪੀਟੀਆਈ

Advertisement
×