DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਜਟ ’ਚ ਵਿਰੋਧੀ ਪਾਰਟੀਆਂ ਵਾਲੇ ਸੂਬਿਆਂ ਨਾਲ ਭੇਦਭਾਵ ਖ਼ਿਲਾਫ਼ ਮੁਜ਼ਾਹਰਾ

‘ਇੰਡੀਆ’ ਗੱਠਜੋੜ ਦੇ ਸੰਸਦ ਮੈਂਬਰਾਂ ਨੇ ਸੰਸਦੀ ਕੰਪਲੈਕਸ ਵਿੱਚ ਕੀਤਾ ਪ੍ਰਦਰਸ਼ਨ
  • fb
  • twitter
  • whatsapp
  • whatsapp
featured-img featured-img
ਸੰਸਦ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ‘ਇੰਡੀਆ’ ਗੱਠਜੋੜ ਦੇ ਮੈਂਬਰ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 24 ਜੁਲਾਈ

‘ਇੰਡੀਆ’ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ ਸੰਸਦ ਮੈਂਬਰਾਂ ਵੱਲੋਂ ਅੱਜ ਸੰਸਦੀ ਕੰਪਲੈਕਸ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਕੇਂਦਰੀ ਬਜਟ ਵਿੱਚ ਵਿਰੋਧੀ ਪਾਰਟੀਆਂ ਦੇ ਸ਼ਾਸਨ ਵਾਲੇ ਸੂਬਿਆਂ ਨਾਲ ਕੀਤੇ ਗਏ ਕਥਿਤ ਭੇਦਭਾਵ ਖ਼ਿਲਾਫ਼ ਵਿਰੋਧੀ ਧਿਰ ਵੱਲੋਂ ਸੰਸਦ ਭਵਨ ਕੰਪਲੈਕਸ ਵਿੱਚ ਇਹ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਬਜਟ ਭਾਰਤ ਦੇ ਸੰਘੀ ਢਾਂਚੇ ਦੀ ਪਵਿੱਤਰਤਾ ’ਤੇ ਹਮਲਾ ਹੈ।

Advertisement

ਇਸ ਰੋਸ ਪ੍ਰਦਰਸ਼ਨ ਵਿੱਚ ਰਾਹੁਲ ਗਾਂਧੀ ਤੋਂ ਇਲਾਵਾ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਤੋਂ ਇਲਾਵਾ ਕਾਂਗਰਸ, ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਡੀਐੱਮਕੇ ਅਤੇ ਖੱਬੀਆਂ ਪਾਰਟੀਆਂ ਦੇ ਕਈ ਸੰਸਦ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ। ਇਹ ਮੁਜ਼ਾਹਰਾ ਸੰਸਦ ਦੇ ਮਕਰ ਦੁਆਰ ਨੂੰ ਜਾਂਦੇ ਰਸਤੇ ’ਤੇ ਹੋਇਆ। ਬਜਟ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਖੜਗੇ ਨੇ ਕਿਹਾ, ‘‘ਇਹ ਬਜਟ ਲੋਕ ਵਿਰੋਧੀ ਹੈ, ਕਿਸੇ ਨੂੰ ਨਿਆਂ ਨਹੀਂ ਮਿਲਿਆ ਹੈ। ਉਨ੍ਹਾਂ ਵਿਸ਼ੇਸ਼ ਪੈਕੇਜ ਦੀ ਗੱਲ ਕੀਤੀ ਹੈ ਪਰ ਵਿਸ਼ੇਸ਼ ਦਰਜਾ ਨਹੀਂ ਦਿੱਤਾ ਗਿਆ ਹੈ। ਇਹ ਇਕ ਧੋਖੇਬਾਜ਼ ਬਜਟ ਹੈ ਅਤੇ ਲੋਕਾਂ ਨਾਲ ਅਨਿਆਂ ਹੈ।’’ ਆਪਣੇ ਵੱਟਸਐਪ ਚੈਨਲ ’ਤੇ ਪ੍ਰਦਰਸ਼ਨ ਦੀ ਇਕ ਤਸਵੀਰ ਸਾਂਝੀ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘‘ਅੱਜ, ‘ਇੰਡੀਆ’ ਜਨਬੰਧਨ ਦੇ ਸੰਸਦ ਮੈਂਬਰਾਂ ਦੇ ਨਾਲ ਸੰਸਦ ਦੇ ਕੰਪਲੈਕਸ ਵਿੱਚ ਐੱਨਡੀਏ ਦੇ ‘ਕੁਰਸੀ ਬਚਾਓ ਬਜਟ’ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ।’’ ਰਾਹੁਲ ਗਾਂਧੀ ਨੇ ਆਪਣੇ ਵੱਟਸਐੱਪ ਚੈਨਲ ’ਤੇ ਹਿੰਦੀ ਵਿੱਚ ਪਾਈ ਇਕ ਪੋਸਟ ਵਿੱਚ ਕਿਹਾ, ‘‘ਇਹ ਬਜਟ ਭਾਰਤ ਦੇ ਸੰਘੀ ਢਾਂਚੇ ਦੀ ਪਵਿੱਤਰਤਾ ’ਤੇ ਹਮਲਾ ਹੈ। ਸੱਤਾ ਦੇ ਲਾਲਚ ਵਿੱਚ ਦੇਸ਼ ਦੇ ਹੋਰ ਸੂਬਿਆਂ ਨੂੰ ਅਣਗੌਲਿਆਂ ਅਤੇ ਵਿਤਕਰਾ ਕੀਤਾ ਗਿਆ ਹੈ। ਭਾਰਤ ਦੇ ਹਰੇਕ ਸੂਬੇ ਨੂੰ ਬਰਾਬਰ ਨਿਆਂ ਦਿਵਾਉਣ ਲਈ ‘ਇੰਡੀਆ’ ਗੱਠਜੋੜ ਇਸੇ ਤਰ੍ਹਾਂ ਆਪਣੀ ਆਵਾਜ਼ ਉਠਾਉਂਦਾ ਰਹੇਗਾ।’’ ਸਪਾ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਉਨ੍ਹਾਂ ਦੇ ਸੂਬੇ ਉੱਤਰ ਪ੍ਰਦੇਸ਼ ਨਾਲ ਵਿਤਕਰਾ ਕੀਤਾ ਗਿਆ ਹੈ। ਉਨ੍ਹਾਂ ਨੇ ਨੌਕਰੀਆਂ ਖੋਹ ਲਈਆਂ ਅਤੇ ਹੁਣ ਅਪਰੈਂਟਿਸਸ਼ਿਪ ਬਾਰੇ ਗੱਲ ਕਰ ਰਹੇ ਹਨ। ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਵੀ ਬਜਟ ਨੂੰ ਭੰਡਦਿਆਂ ਕਿਹਾ ਕਿ ਨੌਜਵਾਨਾਂ ਨਾਲ ਝੂਠੇ ਵਾਅਦੇ ਕੀਤੇ ਗਏ ਹਨ। ਪ੍ਰਦਰਸ਼ਨ ਕਰ ਰਹੇ ਸੰਸਦ ਮੈਂਬਰਾਂ ਨੇ ਹੱਥਾਂ ਵਿੱਚ ਤਖ਼ਤੀਆਂ ਚੁੱਕੀਆਂ ਹੋਈਆਂ ਸਨ ਜਿਨ੍ਹਾਂ ’ਤੇ ਲਿਖਿਆ ਹੋਇਆ ਸੀ, ‘‘ਅਸੀਂ ਭਾਰਤ ਦਾ ਬਜਟ ਚਾਹੁੰਦੇ ਹਾਂ, ਐੱਨਡੀਏ ਦਾ ਨਹੀਂ’ ਅਤੇ ‘ਬਜਟ ਵਿੱਚ ਐੱਨਡੀਏ ਨੇ ਭਾਰਤ ਨੂੰ ਧੋਖਾ ਦਿੱਤਾ।’ -ਪੀਟੀਆਈ

Advertisement
×