ਨਾਸਾ-ਇਸਰੋ ਦਾ ਉਪ ਗ੍ਰਹਿ ‘ਨਿਸਾਰ’ 30 ਨੂੰ ਹੋਵੇਗਾ ਲਾਂਚ
ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਨਾਸਾ-ਇਸਰੋ ਦਾ ਸਾਂਝਾ ਉਪ ਗ੍ਰਹਿ ‘ਨਿਸਾਰ’ 30 ਜੁਲਾਈ ਨੂੰ ਸ਼ਾਮ 5.40 ਵਜੇ ਲਾਂਚ ਕੀਤਾ ਜਾਵੇਗਾ। ਪੁਲਾੜ ਏਜੰਸੀ ਨੇ ਅੱਜ ਇਹ ਜਾਣਕਾਰੀ ਦਿੱਤੀ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਮੁਤਾਬਕ, ਜੀਐੱਸਐੱਲਵੀ-ਐੱਫ16 ਸਿੰਥੈਟਿਕ ਅਪਰਚਰ ਰਾਡਾਰ (ਨਿਸਾਰ) ਉਪ ਗ੍ਰਹਿ ਨੂੰ 743 ਕਿਲੋਮੀਟਰ ਦੂਰ ਸੂਰਜੀ ਸਮਕਾਲੀ ਪੰਧ ’ਚ ਸਥਾਪਤ ਕਰੇਗਾ ਅਤੇ ਇਸ ਦਾ ਝੁਕਾਅ 98.4 ਡਿਗਰੀ ਹੋਵੇਗਾ। ਇਸਰੋ ਨੇ ਇਕ ਬਿਆਨ ਵਿੱਚ ਦੱਸਿਆ ਕਿ ਨਿਸਾਰ ਪਹਿਲੀ ਵਾਰ ਸਵੀਪਐੱਸਏਆਰ ਤਕਨਾਲੋਜੀ ਦਾ ਇਸਤੇਮਾਲ ਕਰੇਗਾ, ਜਿਸ ਤਹਿਤ 242 ਕਿਲੋਮੀਟਰ ਦੇ ਦਾਇਰੇ ਵਿੱਚ ਧਰਤੀ ਦੀ ਨਿਗਰਾਨੀ ਕਰੇਗਾ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਉਪ ਗ੍ਰਹਿ ਪੂਰੀ ਦੁਨੀਆ ਦੀ ਨਿਗਰਾਨੀ ਕਰੇਗਾ ਅਤੇ ਹਰੇਕ 12 ਦਿਨਾਂ ਵਿੱਚ ਮੌਸਮ, ਦਿਨ ਤੇ ਰਾਤ ਦੇ ਅੰਕੜੇ ਅਤੇ ਜਾਣਕਾਰੀ ਮੁਹੱਈਆ ਕਰਵਾਏਗਾ, ਜਿਸ ਨਾਲ ਕਈ ਖੇਤਰਾਂ ’ਚ ਇਸ ਦਾ ਇਸਤੇਮਾਲ ਕੀਤਾ ਜਾ ਸਕੇਗਾ। ਪੁਲਾੜ ਏਜੰਸੀ ਮੁਤਾਬਕ, ਨਿਸਾਰ ਉਪ ਗ੍ਰਹਿ ਧਰਤੀ ਦੀ ਸਤਹਿ ’ਤੇ ਹੋਣ ਵਾਲੇ ਬਦਲਾਵਾਂ ਜਿਵੇਂ ਕਿ ਦਰੱਖਤਾਂ ਅਤੇ ਵਨਸਪਤੀ ਵਿੱਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਅਤੇ ਇੱਥੇ ਹੋਣ ਵਾਲੇ ਹਰੇਕ ਛੋਟੇ-ਛੋਟੇ ਬਦਲਾਵਾਂ ਦਾ ਵੀ ਪਤਾ ਲਗਾ ਸਕਦਾ ਹੈ।