DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨੀਪੁਰ ਦੇ ਮੰਤਰੀ ਦੀ ਰਿਹਾਇਸ਼ ’ਤੇ ਗ੍ਰਨੇਡ ਹਮਲਾ, ਇੰਟਰਨੈੱਟ ਬਹਾਲ

ਅਜੇ ਤੱਕ ਨਹੀਂ ਲਈ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ; ਅੱਜ ਤੋਂ ਖੁੱਲ੍ਹਣਗੇ ਸਕੂਲ, ਕਾਲਜ ਅਤੇ ਤਕਨੀਕੀ ਸੰਸਥਾਵਾਂ
  • fb
  • twitter
  • whatsapp
  • whatsapp
featured-img featured-img
ਮਨੀਪੁਰ ਦੇ ਮੁੱਖ ਮੰਤਰੀ ਐੱਨ.ਬੀਰੇਨ ਸਿੰਘ ਮੀਡੀਆ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਇੰਫਾਲ, 16 ਸਤੰਬਰ

ਮਨੀਪੁਰ ਦੇ ਉਖਰੂਲ ਜ਼ਿਲ੍ਹੇ ਵਿੱਚ ਸਥਿਤ ਸੂਬੇ ਦੇ ਮੰਤਰੀ ਕਾਸ਼ਿਮ ਵਸ਼ੂਮ ਦੀ ਰਿਹਾਇਸ਼ ’ਤੇ ਮਸ਼ਕੂਕ ਅਤਿਵਾਦੀਆਂ ਨੇ ਗ੍ਰਨੇਡ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਸੰਪਤੀ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਮਨੀਪੁਰ ਸਰਕਾਰ ਨੇ ਵਾਦੀ ਦੇ ਪੰਜ ਜ਼ਿਲ੍ਹਿਆਂ ਵਿੱਚ ਇੰਟਰਨੈੱਟ ’ਤੇ ਲੱਗੀ ਰੋਕ ਅੱਜ ਤੁਰੰਤ ਹਟਾ ਦਿੱਤੀ ਹੈ। ਮੰਗਲਵਾਰ ਤੋਂ ਸਾਰੇ ਸਕੂਲ ਤੇ ਕਾਲਜ ਖੋਲ੍ਹਣ ਦਾ ਫੈਸਲਾ ਵੀ ਲਿਆ ਗਿਆ ਹੈ।

Advertisement

ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਨਿਚਰਵਾਰ ਦੇਰ ਰਾਤ ਮੰਤਰੀ ਦੇ ਘਰ ’ਤੇ ਹੋਏ ਗ੍ਰਨੇਡ ਹਮਲੇ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਮੰਤਰੀ ਵਸ਼ੂਮ ਨੇ ਦੱਸਿਆ ਕਿ ਜਦੋਂ ਗ੍ਰਨੇਡ ਧਮਾਕਾ ਹੋਇਆ ਤਾਂ ਉਹ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਘਰ ’ਚ ਮੌਜੂਦ ਨਹੀਂ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗ੍ਰਨੇਡ ਧਮਾਕੇ ਨਾਲ ਮੰਤਰੀ ਦੇ ਘਰ ਦੀਆਂ ਕੰਧਾਂ ਅਤੇ ਕੁਝ ਹਿੱਸੇ ਨੁਕਸਾਨੇ ਗਏ ਹਨ। ਅਧਿਕਾਰੀ ਨੇ ਕਿਹਾ, ‘ਗ੍ਰਨੇਡ ਹਮਲੇ ਤੋਂ ਬਾਅਦ ਉਸ ਦੇ ਕੁਝ ਟੁੱਕੜੇ ਬਰਾਮਦ ਕਰ ਲਏ ਗਏ ਹਨ ਅਤੇ ਸੁਰੱਖਿਆ ਲਈ ਸਖ਼ਤ ਕਦਮ ਉਠਾਏ ਗਏ ਹਨ।’ ਅਧਿਕਾਰੀ ਨੇ ਦੱਸਿਆ ਕਿ ਜਾਂਚ ਲਈ ਆਸ-ਪਾਸ ਦੇ ਇਲਾਕਿਆਂ ਦੀ ਸੀਸੀਟੀਵੀ ਫੁਟੇਜ ਦੇਖੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਵਸ਼ੂਮ, ਨਾਗਾ ਪੀਪਲਜ਼ ਫ਼ਰੰਟ (ਐੱਨਪੀਐੱਫ) ਦੇ ਵਿਧਾਇਕ ਹਨ, ਜੋ ਕਿ ਸੂਬੇ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਸਹਿਯੋਗੀ ਪਾਰਟੀ ਹੈ। ਇਸ ਵਿਚਾਲੇ, ਤਾਂਗਖੁਲ ਨਾਗਾ ਜਾਤੀ ਦੀ ਚੋਟੀ ਦੀ ਜਥੇਬੰਦੀ ਤਾਂਗਖੁਲ ਨਾਗਾ ਲਾਂਗ ਨੇ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਪੁਲੀਸ ਨੂੰ ਅਪਰਾਧੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਅਪੀਲ ਕੀਤੀ ਹੈ। ਉਧਰ, ਕਮਿਸ਼ਨਰ (ਗ੍ਰਹਿ) ਐੱਨ ਅਸ਼ੋਕ ਕੁਮਾਰ ਨੇ ਕਿਹਾ ਕਿ ਸਰਕਾਰ ਨੇ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਇੰਟਰਨੈੱਟ ’ਤੇ ਲੱਗੀ ਰੋਕ ਹਟਾਉਣ ਦਾ ਫੈਸਲਾ ਲਿਆ ਹੈ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਨੇ ਮਨੀਪੁਰ ਵਿੱਚ ਇੰਟਰਨੈੱਟ ’ਤੇ ਲੱਗੀ ਕਿਸੇ ਵੀ ਤਰ੍ਹਾਂ ਦੀ ਰੋਕ ਹਟਾਉਣ ਦਾ ਫੈਸਲਾ ਲਿਆ ਹੈ। ਇਹਤਿਆਤੀ ਉਪਾਅ ਤਹਿਤ 10 ਸਤੰਬਰ ਨੂੰ ਜਨਹਿੱਤ ਵਿੱਚ ਇੰਟਰਨੈੱਟ ’ਤੇ ਰੋਕ ਲਗਾ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ 13 ਸਤੰਬਰ ਨੂੰ ਬਰਾਡਬੈਂਡ ਸੇਵਾਵਾਂ ਤੋਂ ਸ਼ਰਤਾਂ ਸਣੇ ਰੋਕ ਹਟਾ ਦਿੱਤੀ ਸੀ। ਇਸੇ ਦੌਰਾਨ, ਉਚੇਰੀ ਤੇ ਤਕਨੀਕੀ ਸਿੱਖਿਆ ਵਿਭਾਗ ਅਤੇ ਸਿੱਖਿਆ ਡਾਇਰੈਕਟੋਰੇਟ ਵੱਲੋਂ ਦੋ ਵੱਖ-ਵੱਖ ਹੁਕਮਾਂ ਵਿੱਚ ਮੰਗਲਵਾਰ ਤੋਂ ਸਾਰੇ ਸਕੂਲ, ਕਾਲਜ ਅਤੇ ਤਕਨੀਕੀ ਸੰਸਥਾਵਾਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। -ਪੀਟੀਆਈ/ਆਈਏਐੱਨਐੱਸ

Advertisement
×