DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੀਬੀਆਈ ਵੱਲੋਂ ਜਬਰ-ਜਨਾਹ ਤੇ ਹੱਤਿਆ ਕੇਸ ਦੀ ਜਾਂਚ ਸ਼ੁਰੂ

ਕੇਸ ਡਾਇਰੀ ਤੇ ਹੋਰ ਦਸਤਾਵੇਜ਼ ਕਬਜ਼ੇ ’ਚ ਲਏ; ਕੋਲਕਾਤਾ ਪੁਲੀਸ ਨੇ ਮੁਲਜ਼ਮ ਸੰਜੇ ਰਾਏ ਨੂੰ ਕੇਂਦਰੀ ਏਜੰਸੀ ਹਵਾਲੇ ਕੀਤਾ
  • fb
  • twitter
  • whatsapp
  • whatsapp
featured-img featured-img
ਕੋਲਕਾਤਾ ’ਚ ਡਾਕਟਰਾਂ ਦੀ ਹੜਤਾਲ ਕਾਰਨ ਹਸਪਤਾਲ ਦੇ ਬਾਹਰ ਮਰੀਜ਼ਾਂ ਨਾਲ ਪ੍ਰੇਸ਼ਾਨ ਹੁੰਦੇ ਹੋਏ ਪਰਿਵਾਰ ਦੇ ਜੀਅ। -ਫੋਟੋ: ਪੀਟੀਆਈ
Advertisement

ਕੋਲਕਾਤਾ, 14 ਅਗਸਤ

ਪੱਛਮੀ ਬੰਗਾਲ ਦੇ ਸਰਕਾਰੀ ਹਸਪਤਾਲ ਵਿਚ ਟਰੇਨੀ ਮਹਿਲਾ ਡਾਕਟਰ ਨਾਲ ਜਬਰ-ਜਨਾਹ ਤੇ ਹੱਤਿਆ ਕੇਸ ਦੀ ਜਾਂਚ ਲਈ ਸੀਬੀਆਈ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਅੱਜ ਸਵੇਰੇ ਕੋਲਕਾਤਾ ਪਹੁੰਚ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਟੀਮ, ਜਿਸ ਵਿਚ ਮੈਡੀਕਲ ਤੇ ਫੋਰੈਂਸਿਕ ਮਾਹਿਰ ਸ਼ਾਮਲ ਹਨ, ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਸੈਮੀਨਾਰ ਹਾਲ ਵਿਚ ਗਈ, ਜਿੱਥੋਂ 9 ਅਗਸਤ ਨੂੰ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ। ਕੇਂਦਰੀ ਏਜੰਸੀ ਦੇ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਸੀਬੀਆਈ ਅਧਿਕਾਰੀਆਂ ਦੀਆਂ ਤਿੰਨ ਟੀਮਾਂ ਬਣਾਈਆਂ ਗਈਆਂ ਹਨ।

Advertisement

ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ, ‘‘ਇਕ ਟੀਮ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਜਾ ਕੇ ਗਵਾਹਾਂ ਤੇ ਉਸ ਰਾਤ ਡਿਊਟੀ ’ਤੇ ਮੌਜੂਦ ਡਾਕਟਰਾਂ ਨਾਲ ਗੱਲ ਕਰੇਗੀ। ਦੂਜੀ ਟੀਮ ਗ੍ਰਿਫ਼ਤਾਰ ਕੀਤੇ ਨਗਰਪਾਲਿਕਾ ਵਲੰਟੀਅਰ ਦਾ ਮੈਡੀਕਲ ਕਰਵਾਉਣ ਮਗਰੋਂ ਰਿਮਾਂਡ ਹਾਸਲ ਕਰਨ ਲਈ ਉਸ ਨੂੰ ਸਥਾਨਕ ਕੋਰਟ ਵਿਚ ਪੇਸ਼ ਕਰੇਗੀ। ਜਦੋਂਕਿ ਤੀਜੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਕੋਲਕਾਤਾ ਪੁਲੀਸ ਨਾਲ ਤਾਲਮੇਲ ਕਰੇਗੀ।’’ ਕਾਬਿਲੇਗੌਰ ਹੈ ਕਿ ਕਲਕੱਤਾ ਹਾਈ ਕੋਰਟ ਨੇ ਮੰਗਲਵਾਰ ਨੂੰ ਇਹ ਕੇਸ ਕੋਲਕਾਤਾ ਪੁਲੀਸ ਤੋਂ ਲੈ ਕੇ ਕੇਂਦਰੀ ਏਜੰਸੀ ਹਵਾਲੇ ਕਰ ਦਿੱਤਾ ਸੀ। ਸੀਬੀਆਈ ਵਿਚਲੇ ਇਕ ਸੂਤਰ ਨੇ ਕਿਹਾ ਕਿ ਏਜੰਸੀ ਨੇ ਡਾਕਟਰ ਨਾਲ ਕਥਿਤ ਜਬਰ ਜਨਾਹ ਤੇ ਹੱਤਿਆ ਮਾਮਲੇ ਵਿਚ ਨਵੀਂ ਦਿੱਲੀ ’ਚ ਭਾਰਤੀ ਨਿਆਂਏ ਸੰਹਿਤਾ (ਬੀਐੱਨਐੱਸ) ਤਹਿਤ ਕੇਸ ਦਰਜ ਕੀਤਾ ਸੀ।’’ ਕੇਂਦਰੀ ਏਜੰਸੀ ਵਿਚਲੇ ਇਕ ਹੋਰ ਸੂਤਰ ਨੇ ਕਿਹਾ, ‘‘ਸਾਡੇ ਅਧਿਕਾਰੀਆਂ ਵੱਲੋਂ ਪੀੜਤ ਮਹਿਲਾ ਡਾਕਟਰ ਤੇ ਉਸ ਦਿਨ ਡਿਊਟੀ ’ਤੇ ਮੌਜੂਦ ਡਾਕਟਰਾਂ ਦਾ ਕਾਲ ਰਿਕਾਰਡ ਮੰਗਿਆ ਜਾਵੇਗਾ। ਉਨ੍ਹਾਂ ਵੱਲੋਂ ਸਥਾਨਕ ਕੋਰਟ ਵਿਚ ਐੱਫਆਈਆਰ ਦਾਖ਼ਲ ਕੀਤੀ ਜਾ ਸਕਦੀ ਹੈ।’’

ਉਧਰ ਕੋਲਕਾਤਾ ਪੁਲੀਸ ਨੇ ਇਸ ਕੇਸ ਵਿਚ ਗ੍ਰਿਫ਼ਤਾਰ ਕੀਤੇ ਸੰਜੇ ਰਾਏ ਦਾ ਸਰਕਾਰੀ ਐੱਸਐੱਸਕੇਐੱਮ ਹਸਪਤਾਲ ’ਚੋਂ ਮੈਡੀਕਲ ਕਰਵਾਉਣ ਉਪਰੰਤ ਉਸ ਨੂੰ ਸੀਬੀਆਈ ਹਵਾਲੇ ਕਰ ਦਿੱਤਾ ਹੈ। ਤਾਲਾ ਪੁਲੀਸ ਸਟੇਸ਼ਨ ਪੁੱਜੇ ਦੋ ਸੀਬੀਆਈ ਅਧਿਕਾਰੀਆਂ ਨੇ ਕੋਲਕਾਤਾ ਪੁਲੀਸ ਦੀ ਜਾਂਚ ਨਾਲ ਜੁੜੇ ਦਸਤਾਵੇਜ਼ ਆਪਣੇ ਕਬਜ਼ੇ ਵਿਚ ਲੈ ਲਏ ਹਨ। ਹਾਈ ਕੋਰਟ ਨੇ ਮੰਗਲਵਾਰ ਨੂੰ ਸੁਣਾਏ ਫੈਸਲੇ ਵਿਚ ਕੋਲਕਾਤਾ ਪੁਲੀਸ ਨੂੰ 14 ਅਗਸਤ ਸਵੇਰੇ 10 ਵਜੇ ਤੱਕ ਕੇਸ ਡਾਇਰੀ ਸੀਬੀਆਈ ਨੂੰ ਸੌਂਪਣ ਦੀ ਹਦਾਇਤ ਕੀਤੀ ਸੀ।

ਉਧਰ ਅਸਾਮ ਦੇ ਸਿਲਚਰ ਮੈਡੀਕਲ ਕਾਲਜ ਤੇ ਹਸਪਤਾਲ ਨੇ ਮਹਿਲਾ ਡਾਕਟਰਾਂ ਤੇ ਹੋਰ ਸਟਾਫ਼ ਮੈਂਬਰਾਂ ਲਈ ਜਾਰੀ ਐਡਵਾਈਜ਼ਰੀ ਰੱਦ ਕਰ ਦਿੱਤੀ ਹੈ। ਹਸਪਤਾਲ ਦੇ ਪ੍ਰਿੰਸੀਪਲ ਕਮ ਮੁੱਖ ਨਿਗਰਾਨ ਡਾ. ਭਾਸਕਰ ਗੁਪਤਾ ਵੱਲੋਂ ਜਾਰੀ ਐਡਵਾਈਜ਼ਰੀ ਵਿਚ ਮਹਿਲਾ ਡਾਕਟਰਾਂ ਤੇ ਸਟਾਫ਼ ਨੂੰ ਰਾਤ ਸਮੇਂ ਸੁੰਨੀਆਂ ਤੇ ਉਜਾੜ ਥਾਵਾਂ ’ਤੇ ਇਕੱਲਿਆਂ ਜਾਣ ਤੋਂ ਵਰਜਿਆ ਗਿਆ ਸੀ। ਗੁਪਤਾ ਨੇ ਕਿਹਾ ਕਿ ਪਹਿਲਾਂ ਜਾਰੀ ਐਡਵਾਈਜ਼ਰੀ ਰੱਦ ਕੀਤੀ ਜਾਂਦੀ ਹੈ ਤੇ ਨਵੀਂ ਸੇਧ ਛੇਤੀ ਜਾਰੀ ਕੀਤੀ ਜਾਵੇਗੀ।

ਇਸ ਦੌਰਾਨ ਦਿੱਲੀ ਦੇ ਏਮਸ ਤੇ ਸਫ਼ਦਰਜੰਗ ਸਣੇ ਕੌਮੀ ਰਾਜਧਾਨੀ ਦੇ ਕਈ ਹਸਪਤਾਲਾਂ ਵਿਚ ਡਾਕਟਰਾਂ ਤੇ ਹੋਰ ਸਟਾਫ਼ ਨੇ ਹੜਤਾਲ ਜਾਰੀ ਰੱਖੀ। ਏਮਜ਼ ਦੀ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ, ਵੀਐੱਮਐੱਮਸੀ ਤੇ ਸਫ਼ਦਰਜੰਗ ਹਸਪਤਾਲ, ਰਾਮ ਮਨੋਹਰ ਲੋਹੀਆ ਤੇ ਇੰਦਰਾ ਗਾਂਧੀ ਹਸਪਤਾਲ ਵਿਚ ਅੱਜ ਤੀਜੇ ਦਿਨ ਵੀ ਹੜਤਾਲ ਰਹੀ। ਓਪੀਡੀ, ਓਟੀਜ਼ ਤੇ ਹੋਰ ਵਾਰਡ ਬੰਦ ਰਹੇ। ਉਧਰ ਉੜੀਸਾ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਅਸਾਮ, ਰਾਜਸਥਾਨ, ਝਾਰਖੰਡ, ਪਟਨਾ, ਕੋਲਕਾਤਾ, ਗੁਹਾਟੀ, ਹੈਦਰਾਬਾਦ ਤੇ ਮੁੰਬਈ ਵਿਚ ਵੀ ਡਾਕਟਰਾਂ ਤੇ ਹੋਰ ਸਟਾਫ਼ ਨੇ ਰੋਸ ਮੁਜ਼ਾਹਰਿਆਂ ਤੇ ਹੜਤਾਲ ਦਾ ਅਮਲ ਜਾਰੀ ਰੱਖਿਆ।

ਫੈਡਰੇਸ਼ਨ ਆਫ਼ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਫੋਰਡਾ) ਨੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨਾਲ ਮੰਗਲਵਾਰ ਨੂੰ ਹੋਈ ਬੈਠਕ ਮਗਰੋਂ ਆਪਣੀ ਹੜਤਾਲ ਵਾਪਸ ਲੈ ਲਈ। ਐਸੋਸੀਏਸ਼ਨ ਨੇ ਕਿਹਾ ਕਿ ਮਰੀਜ਼ਾਂ ਦੇ ਹਿੱਤ ਵਿਚ ਇਹ ਫੈਸਲਾ ਲਿਆ ਗਿਆ ਹੈ।

ਉਧਰ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਆਪਣੇ ਕੌਮੀ ਪ੍ਰਧਾਨ ਡਾ. ਆਰਵੀ ਅਸ਼ੋਕਨ ਦੀ ਅਗਵਾਈ ਹੇਠ ਅੱਜ ਬਲਾਤਕਾਰ ਤੇ ਕਤਲ ਕੇਸ ਦੀ ਪੀੜਤਾ ਜੂਨੀਅਰ ਡਾਕਟਰ ਦੇ ਮਾਪਿਆਂ ਨਾਲ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਮੁਲਾਕਾਤ ਕੀਤੀ। -ਪੀਟੀਆਈ

ਪੀੜਤਾ ਨੂੰ ਇਨਸਾਫ਼ ਦੇਣ ਦੀ ਥਾਂ ਮੁਲਜ਼ਮ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ: ਰਾਹੁਲ

ਨਵੀਂ ਦਿੱਲੀ/ਕੋਲਕਾਤਾ:

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪੱਛਮੀ ਬੰਗਾਲ ’ਚ ਟਰੇਨੀ ਮਹਿਲਾ ਡਾਕਟਰ ਨਾਲ ਬਲਾਤਕਾਰ ਤੇ ਕਤਲ ਮਾਮਲੇ ਵਿਚ ਪੀੜਤਾ ਨੂੰ ਇਨਸਾਫ਼ ਦੇਣ ਦੀ ਥਾਂ ਮੁਲਜ਼ਮ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜੋ ਹਸਪਤਾਲ ਤੇ ਸਥਾਨਕ ਪ੍ਰਸ਼ਾਸਨ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਇਸ ਘਟਨਾ ਨੂੰ ਲੈ ਕੇ ਸਦਮੇ ਵਿਚ ਹੈ ਤੇ ਡਾਕਟਰ ਭਾਈਚਾਰਾ ਤੇ ਮਹਿਲਾਵਾਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਗਾਂਧੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਪੀੜਤਾ ਨੂੰ ਇਨਸਾਫ਼ ਦੇਣ ਦੀ ਥਾਂ ਮੁਲਜ਼ਮ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਜੋ ਹਸਪਤਾਲ ਤੇ ਸਥਾਨਕ ਪ੍ਰਸ਼ਾਸਨ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ। ਅਜਿਹੀ ਘਟਨਾ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਜੇ ਡਾਕਟਰ ਮੈਡੀਕਲ ਕਾਲਜ ਜਿਹੀ ਥਾਂ ’ਤੇ ਸੁਰੱਖਿਅਤ ਨਹੀਂ ਤਾਂ ਫਿਰ ਮਾਪੇ ਆਪਣੀਆਂ ਧੀਆਂ ਨੂੰ ਪੜ੍ਹਨ ਲਈ ਬਾਹਰ ਕਿਵੇਂ ਭੇਜ ਸਕਦੇ ਹਨ? ਨਿਰਭਯਾ ਕੇਸ ਮਗਰੋਂ ਬਣਾਏ ਸਖ਼ਤ ਕਾਨੂੰਨ ਅਜਿਹੇ ਅਪਰਾਧਾਂ ਨੂੰ ਰੋਕਣ ਵਿਚ ਅਸਫਲ ਕਿਉਂ ਹਨ?’’ ਉਨ੍ਹਾਂ ਕਿਹਾ ਕਿ ਹਰੇਕ ਪਾਰਟੀ, ਸਮਾਜ ਦੇ ਹਰੇਕ ਵਰਗ ਨੂੰ ਮਹਿਲਾਵਾਂ ਖਿਲਾਫ਼ ਹਾਥਰਸ ਤੋਂ ਉਨਾਓ ਤੇ ਕਠੂਆ ਤੋਂ ਕੋਲਕਾਤਾ ਤੱਕ ਲਗਾਤਾਰ ਵਧ ਰਹੀਆਂ ਅਜਿਹੀਆਂ ਘਟਨਾਵਾਂ ਖਿਲਾਫ਼ ਗੰਭੀਰ ਵਿਚਾਰ ਚਰਚਾ ਦੇ ਨਾਲ ਠੋਸ ਕਦਮ ਚੁੱਕਣੇ ਹੋਣਗੇ। ਗਾਂਧੀ ਨੇ ਕਿਹਾ, ‘‘ਮੈਂ ਪੀੜਤ ਪਰਿਵਾਰ ਦੀ ਇਸ ਅਸਹਿ ਪੀੜ ਵਿਚ ਉਨ੍ਹਾਂ ਦੇ ਨਾਲ ਖੜ੍ਹਾ ਹਾਂ। ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਇਨਸਾਫ਼ ਮਿਲਣਾ ਚਾਹੀਦਾ ਹੈ ਤੇ ਦੋਸ਼ੀਆਂ ਨੂੰ ਅਜਿਹੀ ਸਜ਼ਾ ਦਿੱਤੀ ਜਾਵੇ ਜੋ ਸਮਾਜ ਲਈ ਇਕ ਮਿਸਾਲ ਹੋਵੇ।’’ ਇਸ ਦੌਰਾਨ ਬੰਗਾਲ ਨਾਲ ਸਬੰਧਤ ਸੀਨੀਅਰ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਦਾਅਵਾ ਕੀਤਾ ਕਿ ਟੀਐੱਮਸੀ ਦੇ ਰਾਜ ਵਿਚ ਸੂਬੇ ’ਚ ਅਮਨ ਕਾਨੂੰਨ ਦੀ ਸਥਿਤੀ ਹੇਠਲੇ ਪੱਧਰ ’ਤੇ ਪੁੱਜ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। -ਪੀਟੀਆਈ

ਮੁਲਜ਼ਮ ਦਾ ਪੱਖ ਪੂਰ ਰਹੀ ਹੈ ਮਮਤਾ: ਭਾਜਪਾ

ਨਵੀਂ ਦਿੱਲੀ:

ਭਾਜਪਾ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਬਲਾਤਕਾਰ ਤੇ ਕਤਲ ਕੇਸ ਦੇ ਮੁਲਜ਼ਮ ਦਾ ਪੱਖ ਪੂਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਭਾਜਪਾ ਦੇ ਕੌਮੀ ਤਰਜਮਾਨ ਗੌਰਵ ਭਾਟੀਆ ਨੇ ਦਾਅਵਾ ਕੀਤਾ ਕਿ ਮਮਤਾ ਬੈਨਰਜੀ ਜੇ ਮੁੱਖ ਮੰਤਰੀ ਬਣੇ ਰਹਿੰਦੇ ਹਨ ਤਾਂ ਪੱਛਮੀ ਬੰਗਾਲ ਦੀ ਕੋਈ ਵੀ ਮਹਿਲਾ ਸੁਰੱਖਿਅਤ ਮਹਿਸੂਸ ਨਹੀਂ ਕਰੇਗੀ। ਭਾਟੀਆ ਨੇ ਪੱਤਰਕਾਰਾਂ ਨੂੰ ਕਿਹਾ, ‘‘ਤੁਸੀਂ (ਬੈਨਰਜੀ) ਆਪਣਾ ਬੁਨਿਆਦੀ ਫ਼ਰਜ਼ ਬਾਖੂਬੀ ਨਹੀਂ ਨਿਭਾਇਆ। ਤੁਹਾਨੂੰ ਫੌਰੀ ਅਸਤੀਫ਼ਾ ਦੇਣਾ ਚਾਹੀਦਾ ਹੈ।’’ ਉਨ੍ਹਾਂ ਮੁੱਖ ਮੰਤਰੀ ਨੂੰ ‘ਨਿਰਮਮਤਾ’ ਨਾਲ ਸੰਬੋਧਨ ਕੀਤਾ। ਉਨ੍ਹਾਂ ਭਰੋਸਾ ਜਤਾਇਆ ਕਿ ਸੀਬੀਆਈ ਇਸ ਮਾਮਲੇ ਦੀ ਮੁਕੰਮਲ ਜਾਂਚ ਯਕੀਨੀ ਬਣਾਏਗੀ ਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲੇਗੀ। -ਪੀਟੀਆਈ

ਮਮਤਾ ਵੱਲੋਂ ਮੁਜ਼ਾਹਰਾਕਾਰੀ ਡਾਕਟਰਾਂ ਨੂੰ ਕੰਮ ’ਤੇ ਪਰਤਣ ਦੀ ਅਪੀਲ

ਕੋਲਕਾਤਾ:

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁਜ਼ਾਹਰਾਕਾਰੀ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਡਿਊਟੀਆਂ ’ਤੇ ਮੁੜ ਆਉਣ ਕਿਉਂਕਿ ਸਿਹਤ ਸੰਭਾਲ ਨਾਲ ਜੁੜੀਆਂ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਮੁੱਖ ਮੰਤਰੀ ਨੇ ਟਰੇਨੀ ਡਾਕਟਰ ਦੇ ਕਥਿਤ ਬਲਾਤਕਾਰ ਤੇ ਕਤਲ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੇ ਕਲਕੱਤਾ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਪਾਰਟੀ ਵੱਲੋਂ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਘਟਨਾ ਦੇ ਸਿਆਸੀਕਰਨ ਤੇ ਇਸ ਨੂੰ ਹੋਰ ਹਵਾ ਦੇਣ ਲਈ ਵਿਰੋਧੀ ਧਿਰਾਂ ਸੀਪੀਆਈ (ਐੱਮ) ਤੇ ਭਾਜਪਾ ਨੂੰ ਭੰਡਿਆ। -ਪੀਟੀਆਈ

Advertisement
×