DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਦਲਾਪੁਰ ਕਾਂਡ: ਮੁਲਜ਼ਮ ਦਾ ਰਿਮਾਂਡ 26 ਤੱਕ ਵਧਾਇਆ

ਰੇਲਵੇ ਸਟੇਸ਼ਨ ’ਤੇ ਹੋਈ ਹਿੰਸਾ ਲਈ ਚਾਰ ਐੱਫਆਈਆਰਜ਼ ਦਰਜ, 72 ਵਿਅਕਤੀ ਗ੍ਰਿਫ਼ਤਾਰ
  • fb
  • twitter
  • whatsapp
  • whatsapp
featured-img featured-img
ਬਦਲਾਪੁਰ ਵਿੱਚ ਸਕੂਲ ਦੇ ਬਾਹਰ ਧਰਨੇ ’ਤੇ ਬੈਠੇ ਸ਼ਿਵ ਸੈਨਾ (ਯੂਬੀਟੀ) ਦੇ ਆਗੂ ਤੇ ਵਰਕਰ। -ਫੋਟੋ: ਪੀਟੀਆਈ
Advertisement

ਠਾਣੇ/ਮੁੰਬਈ, 21 ਅਗਸਤ

ਸਥਾਨਕ ਕੋਰਟ ਨੇ ਬਦਲਾਪੁਰ ਦੇ ਇਕ ਸਕੂਲ ਵਿਚ ਦੋ ਬੱਚੀਆਂ ਨਾਲ ਕਥਿਤ ਜਿਨਸੀ ਛੇੜਛਾੜ ਦੇ ਮੁਲਜ਼ਮ ਦਾ ਪੁਲੀਸ ਰਿਮਾਂਡ 26 ਅਗਸਤ ਤੱਕ ਵਧਾ ਦਿੱਤਾ ਹੈ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੀਨੀਅਰ ਆਈਪੀਐੱਸ ਅਧਿਕਾਰੀ ਆਰਤੀ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਸਕੂਲ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਉਧਰ ਵਿਰੋਧੀ ਧਿਰਾਂ ਦੇ ਗੱਠਜੋੜ ਮਹਾ ਵਿਕਾਸ ਅਗਾੜੀ ਨੇ 24 ਅਗਸਤ ਨੂੰ ‘ਮਹਾਰਾਸ਼ਟਰ ਬੰਦ’ ਦਾ ਸੱਦਾ ਦਿੱਤਾ ਹੈ। ਬਦਲਾਪੁਰ ਰੇਲਵੇ ਸਟੇਸ਼ਨ ਉੱਤੇ ਮੰਗਲਵਾਰ ਨੂੰ ਹੋਈ ਹਿੰਸਾ ਦੇ ਸਬੰਧ ਵਿਚ ਚਾਰ ਐੱਫਆਈਆਰ ਦਰਜ ਕਰਕੇ 72 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰੋਸ ਮੁਜ਼ਾਹਰਿਆਂ ਦੌਰਾਨ ਰੇਲਵੇ ਸਟੇਸ਼ਨ ਤੇ ਬਦਲਾਪੁਰ ਦੇ ਹੋਰਨਾਂ ਹਿੱਸਿਆਂ ਵਿਚ ਪੱਥਰਬਾਜ਼ੀ ਦੀਆਂ ਘਟਨਾਵਾਂ ਵਿਚ ਘੱਟੋ-ਘੱਟ 17 ਪੁਲੀਸ ਮੁਲਾਜ਼ਮ ਤੇ ਰੇਲਵੇ ਪੁਲੀਸ ਦੇ ਅੱਠ ਜਵਾਨ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਖਿਲਾਫ਼ ਭਖੇ ਰੋਹ ਮਗਰੋਂ ਬਦਲਾਪੁਰ ਵਿਚ ਇੰਟਰਨੈੱਟ ਸੇਵਾਵਾਂ ਅੱਜ ਵੀ ਮੁਅੱਤਲ ਰਹੀਆਂ।

Advertisement

ਬਦਲਾਪੁਰ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਅੱਜ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਰਹੇ ਤੇ ਹਾਲਾਤ ਹੌਲੀ ਹੌਲੀ ਆਮ ਵਾਂਗ ਹੋਣ ਲੱਗੇ ਹਨ। ਡੀਸੀਪੀ ਸੁਧਾਕਰ ਪਥਾਰੇ ਨੇ ਕਿਹਾ ਕਿ ਰੋਸ ਮੁਜ਼ਾਹਰਿਆਂ ਤੇ ਉਸ ਮਗਰੋਂ ਭੜਕੀ ਹਿੰਸਾ ਕਰਕੇ ਇਹਤਿਆਤ ਵਜੋਂ ਕਸਬੇ ਵਿਚ ਇੰਟਰਨੈੱਟ ਸੇਵਾਵਾਂ ਬੰਦ ਰਹੀਆਂ। ਸੀਨੀਅਰ ਵਕੀਲ ਉੱਜਵਲ ਨਿਕਮ, ਜਿਨ੍ਹਾਂ ਨੂੰ ਜਿਨਸੀ ਸ਼ੋਸ਼ਣ ਕੇਸ ਵਿਚ ਵਿਸ਼ੇਸ਼ ਸਰਕਾਰੀ ਵਕੀਲ ਨਿਯੁੁਕਤ ਕੀਤਾ ਗਿਆ ਹੈ, ਨੇ ਪੁਲੀਸ ਵੱਲੋਂ ਐੱਫਆਈਆਰ ਦਰਜ ਕਰਨ ਵਿਚ ਕੀਤੀ ਦੇਰੀ ਦੀ ਨਿਖੇਧੀ ਕੀਤੀ ਹੈ। ਮਹਾਰਾਸ਼ਟਰ ਕਾਂਗਰਸ ਦੀ ਪ੍ਰਧਾਨ ਵਰਸ਼ਾ ਗਾਇਕਵਾੜ ਨੇ ਸੂਬਾ ਸਕੱਤਰੇਤ ਮੰਤਰਾਲਿਆ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਬਦਲਾਪੁਰ ਸਕੂਲ ਦੀ ਉਪਰੋਕਤ ਘਟਨਾ ਦੇ ਹਵਾਲੇ ਨਾਲ ‘ਸ਼ਕਤੀ ਬਿੱਲ’ ਪਾਸ ਕੀਤੇ ਜਾਣ ਤੇ ਇਸ ਨੂੰ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਮਹਾ ਵਿਕਾਸ ਅਗਾੜੀ ਸਰਕਾਰ ਦੇ ਕਾਰਜਕਾਲ ਦੌਰਾਨ ਪਾਸ ਕੀਤਾ ਇਹ ਬਿੱਲ ਬਦਲਾਪੁਰ ਕੇਸ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ ਕਾਫ਼ੀ ਹੈ।

ਉਧਰ ਬਾਲ ਹੱਕਾਂ ਦੀ ਰਾਖੀ ਬਾਰੇ ਮਹਾਰਾਸ਼ਟਰ ਸਟੇਟ ਕਮਿਸ਼ਨ ਦੀ ਚੇਅਰਪਰਸਨ ਸੁਸੀਬੇਨ ਸ਼ਾਹ ਨੇ ਦਾਅਵਾ ਕੀਤਾ ਬਦਲਾਪੁਰ ਸਕੂਲ ਪ੍ਰਬੰਧਨ ਵੱਲੋਂ ਬੱਚੀਆਂ ਨਾਲ ਕਥਿਤ ਜਿਨਸੀ ਛੇੜਛਾੜ ਸਬੰਧੀ ਸ਼ਿਕਾਇਤ ਪੁਲੀਸ ਕੋਲ ਦਰਜ ਕਰਨ ਵਿਚ ਪੀੜਤ ਮਾਪਿਆਂ ਦੀ ਮਦਦ ਕਰਨ ਦੀ ਥਾਂ ਅਪਰਾਧ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਨ ਨੇ ਜੇ ਪੁਲੀਸ ਨੂੰ ਸਹੀ ਜਾਣਕਾਰੀ ਦਿੱਤੀ ਹੁੰਦੀ ਤਾਂ ਬਦਲਾਪੁਰ ਵਿਚ ਹਾਲਾਤ ਕੁਝ ਹੋਰ ਹੁੰਦੇ। -ਪੀਟੀਆਈ

ਸਰਕਾਰਾਂ ਮਹਿਲਾਵਾਂ ਵਾਸਤੇ ਸੁਰੱਖਿਅਤ ਵਾਤਾਵਰਨ ਯਕੀਨੀ ਬਣਾਉਣ ਲਈ ਕਦਮ ਚੁੱਕਣ: ਰਾਹੁਲ

ਨਵੀਂ ਦਿੱਲੀ:

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਬਦਲਾਪੁਰ ਜਿਨਸੀ ਛੇੇੜਛਾੜ ਘਟਨਾ ਦੇ ਹਵਾਲੇ ਨਾਲ ਅੱਜ ਕਿਹਾ ਕਿ ਇਹ ਘਟਨਾ ‘ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਇਕ ਸਮਾਜ ਵਜੋਂ ਅਸੀਂ ਕਿੱਧਰ ਨੂੰ ਜਾ ਰਹੇ ਹਾਂ।’ ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰਾਂ ਤੇ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਮਿਲ ਬੈਠ ਕੇ ਫੈਸਲਾ ਕਰਨ ਕਿ ਮਹਿਲਾਵਾਂ ਨੂੰ ਸੁਰੱਖਿਅਤ ਵਾਤਾਵਰਨ ਦੇਣ ਲਈ ਕਿਹੜੇੇ ਕਦਮ ਚੁੱਕਣੇ ਚਾਹੀਦੇ ਹਨ। ਗਾਂਧੀ ਨੇ ਕਿਹਾ, ‘‘ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਬਾਅਦ ਮਹਾਰਾਸ਼ਟਰ ਵਿਚ ਧੀਆਂ ਖਿਲਾਫ਼ ਸ਼ਰਮਨਾਕ ਅਪਰਾਧ, ਸਾਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਇਕ ਸਮਾਜ ਵਜੋਂ ਅਸੀਂ ਕਿੱਧਰ ਨੂੰ ਵੱਧ ਰਹੇ ਹਾਂ? ਬਦਲਾਪੁਰ ਵਿਚ ਦੋ ਬੱਚੀਆਂ ਖਿਲਾਫ਼ ਅਪਰਾਧ ਮਗਰੋਂ ਪਹਿਲੇ ਕਦਮ ਵਜੋਂ ਉਨ੍ਹਾਂ ਨੂੰ ਨਿਆਂ ਦੇਣਾ ਚਾਹੀਦਾ ਸੀ, ਜੋ ਉਦੋਂ ਤੱਕ ਨਹੀਂ ਦਿੱਤਾ ਗਿਆ ਜਦੋਂ ਤੱਕ ਲੋਕ ਨਿਆਂ ਲਈ ਸੜਕਾਂ ’ਤੇ ਨਹੀਂ ਉਤਰ ਆਏ। ਕੀ ਹੁਣ ਸਾਨੂੰ ਐੱਫਆਈਆਰ ਰਜਿਸਟਰ ਕਰਨ ਲਈ ਵੀ ਮੁਜ਼ਾਹਰਾ ਕਰਨਾ ਹੋਵੇਗਾ? ਪੀੜਤਾਂ ਲਈ ਪੁਲੀਸ ਥਾਣੇ ਤੱਕ ਜਾਣਾ ਇੰਨਾ ਮੁਸ਼ਕਲ ਕਿਉਂ ਹੋ ਗਿਆ ਹੈ?’’ -ਪੀਟੀਆਈ

ਸੂਲੇ ਵੱਲੋਂ ਫੜਨਵੀਸ ਦੇ ਅਸਤੀਫ਼ੇ ਦੀ ਮੰਗ

ਪੁਣੇ:

ਐੱਨਸੀਪੀ (ਐੱਸਪੀ) ਆਗੂ ਸੁਪ੍ਰਿਆ ਸੂਲੇ ਨੇ ਬਦਲਾਪੁਰ ਜਿਨਸੀ ਛੇੜਛਾੜ ਕੇਸ ਲਈ ਮਹਾਰਾਸ਼ਟਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਅਸਤੀਫੇ ਦੀ ਮੰਗ ਕੀਤੀ ਹੈ। ਸੁਲੇ ਨੇ ਦੋਸ਼ ਲਾਇਆ ਕਿ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਮਹਿਲਾਵਾਂ ਦੀ ਸੁਰੱਖਿਆ ਦੇ ਮੁੱਦੇ ’ਤੇ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਿੰਦੇ ਸਰਕਾਰ ਕਥਿਤ ਪਾਰਟੀਆਂ ਵਿਚ ਰੁੱਝੀ ਹੈ ਤੇ ਇਸ ਕੋਲ ਆਮ ਆਦਮੀ ਲਈ ਸਮਾਂ ਨਹੀਂ ਹੈ। ਉਧਰ ਮੁੱਖ ਮੰਤਰੀ ਸ਼ਿੰਦੇ ਨੇ ਦਾਅਵਾ ਕੀਤਾ ਕਿ ਬਦਲਾਪੁਰ ਵਿਚ ਦੋ ਬੱਚੀਆਂ ਨਾਲ ਕਥਿਤ ਜਿਨਸੀ ਛੇੜਛਾੜ ਨੂੰ ਲੈ ਕੇ ਹੋ ਰਹੇ ਮੁਜ਼ਾਹਰੇ ਸਿਆਸਤ ਤੋਂ ਪ੍ਰੇਰਿਤ ਹਨ। ਉਨ੍ਹਾਂ ਕਿਹਾ ਕਿ ਬਹੁਗਿਣਤੀ ਮੁਜ਼ਾਹਰਾਕਾਰੀ ਬਾਹਰਲੇ ਲੋਕ ਹਨ। -ਪੀਟੀਆਈ

Advertisement
×