ਬਦਲਾਪੁਰ ਕੇਸ: ਹਾਈ ਕੋਰਟ ਨੇ ਮੁਲਜ਼ਮ ਦੀ ਹਿਰਾਸਤੀ ਮੌਤ ਸਬੰਧੀ ਜਾਂਚ ਰਿਪੋਰਟ ਮੰਗੀ
ਮੁੰਬਈ, 3 ਅਕਤੂਬਰ ਬੰਬੇ ਹਾਈ ਕੋਰਟ ਨੇ ਅੱਜ ਮੈਜਿਸਰਟੇਰਟ ਨੂੰ ਬਦਲਾਪੁਰ ਸਕੂਲ ਜਿਨਸੀ ਸ਼ੋਸ਼ਣ ਕੇਸ ਦੇ ਮੁਲਜ਼ਮ ਅਕਸ਼ੈ ਸ਼ਿੰਦੇ ਦੀ ਹਿਰਾਸਤ ’ਚ ਮੌਤ ਸਬੰਧੀ ਜਾਂਚ ਰਿਪੋਰਟ 18 ਨਵੰਬਰ ਤੱਕ ਜਮ੍ਹਾਂ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ। ਜਸਟਿਸ ਰੇਵਤੀ ਦੇਰੇ ਅਤੇ ਜਸਟਿਸ...
ਮੁੰਬਈ, 3 ਅਕਤੂਬਰ
ਬੰਬੇ ਹਾਈ ਕੋਰਟ ਨੇ ਅੱਜ ਮੈਜਿਸਰਟੇਰਟ ਨੂੰ ਬਦਲਾਪੁਰ ਸਕੂਲ ਜਿਨਸੀ ਸ਼ੋਸ਼ਣ ਕੇਸ ਦੇ ਮੁਲਜ਼ਮ ਅਕਸ਼ੈ ਸ਼ਿੰਦੇ ਦੀ ਹਿਰਾਸਤ ’ਚ ਮੌਤ ਸਬੰਧੀ ਜਾਂਚ ਰਿਪੋਰਟ 18 ਨਵੰਬਰ ਤੱਕ ਜਮ੍ਹਾਂ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ।
ਜਸਟਿਸ ਰੇਵਤੀ ਦੇਰੇ ਅਤੇ ਜਸਟਿਸ ਪ੍ਰਿਥਵੀਰਾਜ ਚਵਾਨ ਦੇ ਡਿਵੀਜ਼ਨ ਬੈਂਚ ਨੇ ਕੇਸ ਸਬੰਧੀ ਸਾਰੇ ਸਬੂਤ ਇਕੱਠੇ ਕਰਨ, ਸੁਰੱਖਿਅਤ ਕਰਨ ਅਤੇ ਸਬੂਤਾਂ ਦੀ ਫੌਰੈਂਸਿਕ ਮਾਹਿਰਾਂ ਤੋਂ ਜਾਂਚ ਕਰਵਾਉਣ ਦਾ ਹੁਕਮ ਵੀ ਦਿੱਤਾ। ਬੈਂਚ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਪੁਲੀਸ ਇਸ ਘਟਨਾ ਜਿਸ ਵਿੱਚ ਮੁਲਜ਼ਮ ਮਾਰਿਆ ਗਿਆ ਸੀ, ਦੀ ਜਾਂਚ ’ਚ ਠੋਸ ਫੌਰੈਂਸਿਕ ਸਬੂਤ ਵੀ ਸ਼ਾਮਲ ਕਰੇ। ਐਡਵੋਕੇਟ ਜਨਰਲ ਬੀਰੇਂਦਰ ਸਰਾਫ ਨੇ ਕਿਹਾ ਕਿ ਸਾਰੇ ਸਬੰਧਤ ਦਸਤਾਵੇਜ਼ ਮੈਜਿਸਟਰੇਟ ਨੂੰ ਭੇਜ ਦਿੱਤੇ ਗਏ ਹਨ। ਹਾਈ ਕੋਰਟ ਨੇ ਕਿਹਾ, ‘ਜਾਂਚ ਰਿਪੋਰਟ ਸਾਡੇ ਸਾਹਮਣੇ 18 ਨਵੰਬਰ ਨੂੰ ਪੇਸ਼ ਕੀਤੀ ਜਾਵੇ। ਅਦਾਲਤ ਨੇ ਇਹ ਨਿਰਦੇਸ਼ ਮੁਲਜ਼ਮ ਪਿਤਾ ਵੱਲੋਂ ਦਾਇਰ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਵਾਲੀ ਅਪੀਲ ’ਤੇ ਸੁਣਵਾਈ ਕਰਦਿਆਂ ਦਿੱਤਾ। ਕੇਸ ਦੀ ਜਾਂਚ ਫਿਲਹਾਲ ਸੀਆਈਡੀ ਵੱਲੋਂ ਕੀਤੀ ਜਾ ਰਹੀ ਹੈ। ਬਦਲਾਪੁਰ ਦੇ ਸਕੂਲ ’ਚ ਕਿੰਡਰਗਾਰਟਨ ਦੀਆਂ ਦੋ ਵਿਦਿਆਰਥਣਾਂ ਨਾਲ ਕਥਿਤ ਜਿਨਸੀ ਸੋਸ਼ਣ ਦੀ ਘਟਨਾ ਅਗਸਤ ਮਹੀਨੇ ਵਾਪਰੀ ਸੀ। ਇਸ ਕੇਸ ’ਚ ਇੱਕ ਮੁਲਜ਼ਮ ਅਕਸ਼ੈ ਸ਼ਿੰਦੇ (24) ਲੰਘੀ 23 ਸਤੰਬਰ ਨੂੰ ਠਾਣੇ ਵਿੱਚ ਮੁੰਬਰਾ ਬਾਈਪਾਸ ਨੇੜੇ ਪੁਲੀਸ ਨਾਲ ਕਥਿਤ ਮੁਕਾਬਲੇ ’ਚ ਮਾਰਿਆ ਗਿਆ ਸੀ। -ਪੀਟੀਆਈ