ਪੌਂਗ ਡੈਮ ਤੋਂ ਛੱਡਿਆ ਪਾਣੀ; ਕਈ ਇਲਾਕੇ ਹੜ੍ਹ ਦੇ ਖਤਰੇ ਹੇਠ
ਪੌਂਗ ਡੈਮ ਤੋਂ ਛੱਡੇ ਪਾਣੀ ਕਾਰਨ ਬਿਆਸ ਦਰਿਆ ਸਿੱਖਰਾ ’ਤੇ ਹੈ ਤੇ ਇਸ ਦਾ ਸਿੱਧਾ ਅਸਰ ਪਵਿੱਤਰ ਕਾਲੀ ਵੇਈ ਤੇ ਚਿੱਟੀ ਵੇਈ ’ਤੇ ਪੈ ਰਿਹਾ ਹੈ। ਦੋਹਾਂ ਵੇਈਆਂ ਵਿੱਚ ਪਾਣੀ ਨੱਕੋ-ਨੱਕ ਹੋਣ ਨਾਲ ਸੜਕਾਂ ’ਤੇ ਓਵਰਫਲੋ ਹੋ ਕੇ ਨੀਵੇਂ ਥਾਂ ਵਾਲੀਆਂ ਝੋਨੇ ਦੀਆਂ ਫਸਲਾਂ ਨੂੰ ਤਬਾਹ ਕਰ ਰਿਹਾ ਹੈ। ਤੇਜ਼ ਧਾਰਾਂ ਨਾਲ ਖੇਤਾਂ ਦੇ ਬੰਨ ਟੁੱਟ ਰਹੇ ਹਨ ਤੇ ਸੜਕਾਂ ਦੇ ਕਿਨਾਰੇ ਵੀ ਖਿਸਕ ਰਹੇ ਹਨ, ਜਿਸ ਨਾਲ ਲੋਕਾਂ ਵਿੱਚ ਖੌਫ ਹੈ।
ਸਤਲੁਜ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਬਹੁਤ ਵਧ ਗਿਆ ਹੈ। ਗਿੱਦੜਪਿੰਡੀ ਦੇ ਬ੍ਰਿਟਿਸ਼ ਸਮੇਂ ਦੇ ਰੇਲਵੇ ਪੁੱਲ ਨੂੰ ਪਾਣੀ ਛੂਹਣ ਕਾਰਨ ਫਿਰੋਜ਼ਪੁਰ-ਜਲੰਧਰ ਰੇਲਵੇ ਟ੍ਰੈਫਿਕ ਰੁਕਣ ਦਾ ਖ਼ਤਰਾ ਹੈ। ਸੁਲਤਾਨਪੁਰ ਲੋਧੀ ਹਲਕੇ ਦੇ 15–20 ਪਿੰਡ ਹੜ੍ਹ ਦੇ ਖਤਰੇ ਹੇਠ ਹਨ। ਇਥੇ ਕਿਸਾਨਾਂ ਨੇ ਆਪ ਹੀ ਆਰਜੀ ਬੰਨ ਬਣਾਕੇ ਫਸਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਗੈਰ-ਹਾਜ਼ਰ ਹੈ।
ਚਿੱਟੀ ਵੇਈ ਓਵਰਫਲੋ ਹੋਣ ਨਾਲ ਕਪੂਰਥਲਾ-ਕਾਲਾ ਸੰਘਿਆ ਰੋਡ ਬੰਦ ਹੋ ਚੁੱਕਾ ਹੈ। ਕਾਲੀ ਵੇਈ, ਜਿਸ ਦਾ ਸਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੈ, ਵੀ ਖਤਰਨਾਕ ਰੂਪ ਧਾਰ ਚੁੱਕੀ ਹੈ। ਨਿਰਮਲ ਕੁਟੀਆ ਨੇੜੇ ਲੱਕੜ ਦਾ ਪੁੱਲ ’ਤੇ ਪਲਟੂਨ ਪੁਲ ਸੁਰੱਖਿਆ ਲਈ ਬੰਦ ਕਰ ਦਿੱਤੇ ਗਏ ਹਨ। ਜੇ ਬਾਰਿਸ਼ ਜਾਰੀ ਰਹੀ ਤਾਂ ਪਾਣੀ ਸ਼ਹਿਰ ਵੱਲ ਦਾਖ਼ਲ ਹੋਣ ਦਾ ਖ਼ਤਰਾ ਹੈ।
ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਇਸ਼ਨਾਨ ਘਾਟ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਹਨ। ਨਵੀਂ ਲੰਗਰ ਇਮਾਰਤ ਤੇ ਬਹੁ-ਮੰਜਲਾ ਸਰਾਂ ਦੇ ਨੇੜੇ ਵੀ ਪਾਣੀ ਪਹੁੰਚ ਗਿਆ ਹੈ। ਵੇਈ ਨਾਲ ਲੱਗੀਆਂ ਸਾਰੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ। 2023 ਵਰਗੇ ਹਾਲਾਤ ਦੁਬਾਰਾ ਬਣ ਚੁੱਕੇ ਹਨ ਤੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।