DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਹਿਰਾਮ ਨੇੜੇ ਮੁਕਾਬਲੇ ’ਚ ਲੋੜੀਂਦਾ ਗੈਂਗਸਟਰ ਜ਼ਖ਼ਮੀ

ਹਥਿਆਰਾਂ ਦੀ ਬਰਾਮਦਗੀ ਦੌਰਾਨ ਪੁਲੀਸ ’ਤੇ ਗੋਲੀ ਚਲਾਈ; ਪੁਲੀਸ ਨੇ ਦੋ ਦਿਨ ਪਹਿਲਾਂ ਜੈਪੁਰ ਤੋਂ ਪੰਜ ਹੋਰ ਸਾਥੀਆਂ ਸਮੇਤ ਹਿਰਾਸਤ ’ਚ ਲਿਆ ਸੀ
  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਫਗਵਾੜਾ ਨੇੜੇ ਬਹਿਰਾਮ ਇਲਾਕੇ ਵਿੱਚ ਪੁਲੀਸ ਨਾਲ ਮੁਕਾਬਲੇ ਵਿਚ ਲੋੜੀਂਦਾ ਗੈਂਗਸਟਰ ਸੋਨੂੰ ਉਰਫ਼ ਕਾਲੀ ਲੱਤ ਵਿਚ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੋਨੂੰ ਨੂੰ ਇੱਕ ਦਿਨ ਪਹਿਲਾਂ ਜੈਪੁਰ ਵਿੱਚ ਦੋ ਬਾਲਗ ਸਾਥੀਆਂ ਅਤੇ ਤਿੰਨ ਨਾਬਾਲਗਾਂ ਸਮੇਤ ਕਈ ਅਪਰਾਧਿਕ ਮਾਮਲਿਆਂ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਜਾਣਕਾਰੀ ਮੁਤਾਬਕ ਪੁਲੀਸ ਉਸ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਗਈ ਸੀ, ਜਿੱਥੇ ਮੁਕਾਬਲੇ ਦੌਰਾਨ ਉਹ ਜ਼ਖ਼ਮੀ ਹੋ ਗਿਆ।

ਪੁਲੀਸ ਮੁਤਾਬਕ ਕਪੂਰਥਲਾ ਜ਼ਿਲ੍ਹੇ ਦੇ ਆਲਮਗੀਰ ਦਾ ਰਹਿਣ ਵਾਲਾ ਸੋਨੂੰ, ਪਿਛਲੇ ਮਹੀਨੇ ਨਵਾਂਸ਼ਹਿਰ ਵਿੱਚ ਹੋਏ ਹੈਂਡ ਗ੍ਰਨੇਡ ਹਮਲੇ ਵਿੱਚ ਸ਼ਾਮਲ ਸੀ ਅਤੇ ਕਈ ਹੋਰ ਗੰਭੀਰ ਮਾਮਲਿਆਂ ਵਿੱਚ ਲੋੜੀਂਦਾ ਹੈ। ਪੁਲੀਸ ਦਾ ਦਾਅਵਾ ਹੈ ਕਿ ਸੋਨੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ 7 ਜੁਲਾਈ ਨੂੰ ਜਲੰਧਰ ਵਿੱਚ ਇੱਕ ਸ਼ਰਾਬ ਵਪਾਰੀ ਦੀ ਦੁਕਾਨ ਦੇ ਬਾਹਰ ਗ੍ਰਨੇਡ ਧਮਾਕਾ ਕੀਤਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਸਮੂਹ ਦੇ ਲਾਰੈਂਸ ਬਿਸ਼ਨੋਈ ਗਰੋਹ ਨਾਲ ਸਬੰਧ ਹਨ, ਜੋ ਕਿ ਵਿਦੇਸ਼ੀ ਹੈਂਡਲਰ ਜ਼ੀਸ਼ਾਨ ਅਖਤਰ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਿਹਾ ਹੈ, ਜੋ ਇਸ ਵੇਲੇ ਕੈਨੇਡਾ ਵਿੱਚ ਹੈ।

Advertisement

ਜਾਣਕਾਰੀ ਅਨੁਸਾਰ ਸੋਨੂ ਤੇ ਉਸ ਦੇ ਸਾਥੀਆਂ ਨੂੰ ਰਾਜਸਥਾਨ ਦੇ ਵਧੀਕ ਡਾਇਰੈਕਟਰ ਜਨਰਲ (ਅਪਰਾਧ) ਦਿਨੇਸ਼ ਐਮਐਨ ਦੀ ਮਦਦ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਏਜੀਟੀਐਫ ਦੇ ਵਧੀਕ ਐੱਸਪੀ ਸਿਧਾਂਤ ਸ਼ਰਮਾ ਦੀ ਨਿਗਰਾਨੀ ਹੇਠ, ਜੈਪੁਰ ਅਤੇ ਅਜਮੇਰ ਰੇਂਜ ਪੁਲੀਸ ਦੀਆਂ ਸਾਂਝੀਆਂ ਟੀਮਾਂ ਨੇ ਜੈਪੁਰ ਸ਼ਹਿਰ ਅਤੇ ਟੋਂਕ ਜ਼ਿਲ੍ਹੇ ਦੇ ਅਪਰਾਧਿਕ ਸਥਾਨਾਂ ਵਿੱਚ ਮਸ਼ਕੂਕਾਂ ਦਾ ਪਤਾ ਲਗਾਇਆ। ਮਗਰੋਂ ਛੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਮਸ਼ਕੂਕਾਂ ਨੂੰ ਪੰਜਾਬ ਦੇ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਹਵਾਲੇ ਕਰ ਦਿੱਤਾ ਗਿਆ।

ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਵੱਡੇ ਅਪਰਾਧਿਕ ਨੈੱਟਵਰਕ ਦਾ ਪਤਾ ਲੱਗਾ ਹੈ, ਜਿਸ ਵਿਚ ਜ਼ੀਸ਼ਾਨ ਅਖ਼ਤਰ, ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਅਤੇ ਉਨ੍ਹਾਂ ਦੇ ਸਹਿਯੋਗੀ ਮਨੂ ਅਗਵਾਨ ਅਤੇ ਗੋਪੀ ਨਵਾਸ਼ਹਿਰੀਆ ਸ਼ਾਮਲ ਹਨ। ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਦੇਸ਼ ਭਰ ਵਿੱਚ ਅਪਰਾਧਿਕ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਤਾਲਮੇਲ ਰੱਖਦੇ ਹਨ। ਉਹ ਹਿੰਸਕ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਅਕਸਰ ਸਥਾਨਕ ਨੌਜਵਾਨਾਂ ਨੂੰ ਵਰਗਲਾਉਂਦੇ ਸਨ। ਜ਼ੀਸ਼ਾਨ, ਜਿਸ ਨੇ ਮੁੰਬਈ ਵਿੱਚ ਹਾਈ-ਪ੍ਰੋਫਾਈਲ ਕਤਲ ਦੀ ਜ਼ਿੰਮੇਵਾਰੀ ਲਈ ਸੀ, ਉੱਤੇ ਪੰਜਾਬ ਵਿੱਚ ਵਰਤੇ ਜਾਣ ਵਾਲੇ ਗ੍ਰਨੇਡ ਸਪਲਾਈ ਕਰਨ ਦਾ ਦੋਸ਼ ਹੈ।

ਅਧਿਕਾਰੀਆਂ ਨੇ ਕਿਹਾ ਕਿ ਮਸ਼ਕੂਕਾਂ ਨੇ ਇੰਸਟਾਗ੍ਰਾਮ ਅਤੇ ਹੋਰ ਆਨਲਾਈਨ ਪਲੈਟਫਾਰਮਾਂ ਰਾਹੀਂ ਆਪਣੇ ਹੈਂਡਲਰਾਂ ਨਾਲ ਸੰਪਰਕ ਬਣਾਈ ਰੱਖਿਆ। ਖੁਫੀਆ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ 15 ਅਗਸਤ ਦੇ ਆਸਪਾਸ ਦਿੱਲੀ ਅਤੇ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇੱਕ ਹੋਰ ਵੱਡਾ ਹਮਲਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਪੁਲੀਸ ਨੇ ਸੁਰੱਖਿਆ ਉਪਾਅ ਤੇਜ਼ ਕਰ ਦਿੱਤੇ ਹਨ ਅਤੇ ਸਮੂਹ ਦੇ ਸੰਪਰਕਾਂ, ਫੰਡਿੰਗ ਸਰੋਤਾਂ ਅਤੇ ਕੰਮ ਕਰਨ ਦੇ ਤੌਰ ਤਰੀਕਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸੋਨੂੰ ਹਸਪਤਾਲ ਵਿੱਚ ਇਲਾਜ ਅਧੀਨ ਹੈ ਅਤੇ ਪੁਲੀਸ ਦੀ ਹਿਰਾਸਤ ਵਿੱਚ ਹੈ।

Advertisement
×