ਦੂਜੇ ਟੈਂਕਰ ’ਚ ਗੈਸ ਭਰਨ ਤੋਂ ਬਾਅਦ ਆਵਾਜਾਈ ਬਹਾਲ
ਹੁਸ਼ਿਆਰਪੁਰ ਰੋਡ ’ਤੇ ਸਥਿਤ ਕਠਾਰ ਨੇੜੇ ਐੱਲਪੀਜੀ ਗੈਸ ਨਾਲ ਭਰਿਆ ਟੈਂਕਰ ਪਲਟ ਗਿਆ ਸੀ ਜਿਸ ਦੀ ਗੈਸ ਦੂਜੇ ਟੈਂਕਰ ਵਿਚ ਤਬਦੀਲ ਕਰਨ ਤੋਂ ਬਾਅਦ ਅੱਜ ਇਲਾਕਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ। ਅੱਜ ਤੜਕੇ ਤੋਂ ਹੀ ਆਦਮਪੁਰ -ਹੁਸ਼ਿਆਰਪੁਰ ਹਾਈਵੇਅ ’ਤੇ ਜਲੰਧਰ-ਹੁਸ਼ਿਆਰਪੁਰ ਰੇਲ ਸੈਕਸ਼ਨ ਆਵਾਜਾਈ ਲਈ ਬੰਦ ਕਰ ਦਿੱਤਾ ਸੀ ਤੇ ਬਿਜਲੀ ਦੀ ਸਪਲਾਈ ਤੇ ਸਕੂਲ ਵੀ ਬੰਦ ਕਰ ਦਿੱਤੇ ਸਨ। ਬਠਿੰਡਾ ਤੋਂ ਆਏ ਦੂਜਾ ਟੈਂਕਰ ਤੇ ਹੋਰ ਮਸ਼ੀਨਰੀ ਨਾਲ ਟੈਂਕਰ ਵਿਚ ਗੈਸ ਤਬਦੀਲ ਕਰਨ ਤੋਂ ਬਾਅਦ (ਕਰੀਬ 16 ਘੰਟੇ ਬਾਅਦ) ਇਸ ਸੜਕ ’ਤੇ ਆਵਾਜਾਈ ਤੇ ਬਿਜਲੀ ਦੀ ਸਪਲਾਈ ਬਹਾਲ ਕੀਤੀ ਗਈ। ਇਸ ਮੌਕੇ ਪ੍ਰਸ਼ਾਸਨ ਵਲੋਂ ਪੂਰੀ ਚੌਕਸੀ ਵਰਤੀ ਗਈ। ਇਸ ਮੌਕੇ ਐਚ ਪੀ ਪੈਟਰੋਲੀਅਮ ਅਤੇ ਪੁਲੀਸ ਦੇ ਅਧਿਕਾਰੀ ਮੌਕੇ ’ਤੇ ਮੌਜੂਦ ਸਨ ਤੇ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਤੇ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ। ਜਾਣਕਾਰੀ ਅਨੁਸਾਰ ਟੈਂਕਰ ’ਚ 17 ਹਜ਼ਾਰ ਕਿਲੋ ਐੱਲਪੀਜੀ ਗੈਸ ਭਰੀ ਸੀ। ਅੱਜ ਜਲੰਧਰ-ਹੁਸ਼ਿਆਰਪੁਰ ਲਈ ਬਦਲਵਾਂ ਰੂਟ ਵਾਇਆ ਭੋਗਪੁਰ ਅਤੇ ਫਗਵਾੜਾ ਕੀਤਾ ਗਿਆ ਸੀ ਜਦਕਿ ਰੇਲ ਆਵਾਜਾਈ ਬੰਦ ਰਹੀ।