DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਰਾਕ ਦੇ ਨਰਕ ਤੋਂ ਘਰ ਵਾਪਸੀ ; ਪੰਜਾਬ ਦੀ ਬੇਟੀ ਨੇ ਸੁਣਾਈ ਦਰਦ ਭਰੀ ਦਾਸਤਾਨ !

ਸਿਰਫ਼ ਇੱਕ ਵਾਰ ਖਾਣਾ, ਡੰਡੇ ਟੁੱਟਣ ਤੱਕ ਕੁੱਟਮਾਰ, 20 ਤੋਂ ਵੱਧ ਕੁੜੀਆਂ ਅਜੇ ਵੀ ਉੱਥੇ ਕੈਦ

  • fb
  • twitter
  • whatsapp
  • whatsapp
featured-img featured-img
ਇਰਾਕ ਤੋਂ ਵਾਪਸ ਆਈ ਕੁੜੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਹੱਡਬੀਤੀ ਦੱਸਦੀ ਹੋਈ। ਫੋਟੋ: ਮਹਿਤਾ
Advertisement

ਖਾੜੀ ਦੇਸ਼ਾਂ ਵਿੱਚ ਪੰਜਾਬੀ ਕੁੜੀਆਂ ਨਾਲ ਹੋ ਰਿਹਾ ਸ਼ੋਸ਼ਣ ਰੁਕਣ ਦਾ ਨਾਮ ਨਹੀਂ ਲੈ ਰਿਹਾ। ਮੋਗਾ ਜ਼ਿਲ੍ਹੇ ਦੀ ਇੱਕ ਬੇਟੀ, ਜੋ ਹਾਲ ਹੀ ਵਿੱਚ ਇਰਾਕ ਦੀ ਦਹਿਸ਼ਤ ਭਰੀ ਜ਼ਿੰਦਗੀ ਵਿੱਚੋਂ ਬਚ ਕੇ ਵਾਪਸ ਪਰਤੀ ਹੈ, ਨੇ ਆਪਣੀ ਹੱਡਬੀਤੀ ਬਿਆਨ ਕੀਤੀ।

ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚ ਕੇ ਉਸ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਕੋਸ਼ਿਸ਼ ਨਾਲ ਉਹ ਸੁਰੱਖਿਅਤ ਤਰੀਕੇ ਨਾਲ ਆਪਣੇ ਪਰਿਵਾਰ ਕੋਲ ਵਾਪਸ ਆ ਸਕੀ।

Advertisement

ਪੀੜਤ ਲੜਕੀ ਨੇ ਦੱਸਿਆ ਕਿ ਜਗਰਾਉ ਦੇ ਇੱਕ ਟਰੈਵਲ ਏਜੰਟ ਨੇ ਪੇਂਡੂ ਇਲਾਕਿਆਂ ਵਿੱਚ ਆਪਣਾ ਜਾਲ ਫੈਲਾਇਆ ਹੋਇਆ ਹੈ। ਉਹ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਨੂੰ ਵਿਦੇਸ਼ਾਂ ਵਿੱਚ ‘ਚੰਗੀ ਨੌਕਰੀ’ ਦੇ ਸੁਪਨੇ ਦਿਖਾ ਕੇ ਇਰਾਕ ਭੇਜਦਾ ਹੈ। ਉਸ ਨੇ ਖੁਲਾਸਾ ਕੀਤਾ ਕਿ ਉਸ ਵਰਗੀਆਂ 20 ਤੋਂ 25 ਕੁੜੀਆਂ ਹਜੇ ਵੀ ਉੱਥੇ ਫਸੀਆਂ ਹੋਈਆਂ ਹਨ।

Advertisement

ਪੀੜਤਾ ਨੇ ਦੱਸਿਆ ਕਿ ਉਹ 8 ਜਨਵਰੀ 2024 ਨੂੰ ਇਰਾਕ ਲਈ ਰਵਾਨਾ ਹੋਈ ਸੀ। ਪਹਿਲਾਂ ਉਸ ਨੂੰ ਦੁਬਈ ਅਤੇ ਫਿਰ ਇਰਾਕ ਲਿਜਾਇਆ ਗਿਆ। ਟਰੈਵਲ ਏਜੰਟ ਨੇ ਸਿਲਾਈ ਦੇ ਕੰਮ, ਹਫ਼ਤੇ ਦੀ ਛੁੱਟੀ ਅਤੇ ਘਰ ਨਾਲ ਗੱਲ ਕਰਨ ਦੀ ਸਹੂਲਤ ਦਾ ਵਾਅਦਾ ਕੀਤਾ ਸੀ, ਪਰ ਉੱਥੇ ਪਹੁੰਚਣ ’ਤੇ ਸਭ ਕੁਝ ਉਲਟ ਸੀ। ਉਸ ਨੂੰ ਸਿਲਾਈ ਦੀ ਥਾਂ ਘਰੇਲੂ ਕੰਮ ‘ਚ ਭੇਜ ਦਿੱਤਾ ਗਿਆ। ਘਰ ਦੇ ਮਾਲਕ ਨੇ ਉਸ ‘ਤੇ ਮਾੜੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ, ਅਣਚਾਹੇ ਸੰਬੰਧ ਬਣਾਉਣ ਦੀ ਕੋਸ਼ਿਸ਼ ਅਤੇ ਇੱਕ ਦਿਨ ਇਤਰਾਜ਼ਯੋਗ ਹਾਲਤ ਵਿਚ ਉਸਦੇ ਕਮਰੇ ਵਿੱਚ ਦਾਖਲ ਹੋ ਕੇ ਦੁਰਵਿਵਹਾਰ ਦੀ ਕੋਸ਼ਿਸ਼ ਕੀਤੀ।

ਪੀੜਤਾ ਨੇ ਹਿੰਮਤ ਕਰਦਿਆਂ ਉਸ ਦੀ ਵੀਡੀਓ ਬਣਾਈ ਅਤੇ ਪੁਲੀਸ ਨੂੰ ਸ਼ਿਕਾਇਤ ਕੀਤੀ। ਇਸ ਦੇ ਬਾਅਦ ਟਰੈਵਲ ਏਜੰਟ ਅਤੇ ਉਸ ਦੀ ਘਰਵਾਲੀ ਦੀ ਸ਼ਹਿ ’ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਪੀੜਤ ਨੇ ਰੋਂਦਿਆਂ ਦੱਸਿਆ, “ ਉਹ ਮੈਨੂੰ ਉਦੋਂ ਤੱਕ ਮਾਰਦੇ ਰਹੇ ਜਦੋਂ ਤੱਕ ਡੰਡਾ ਟੁੱਟ ਨਹੀਂ ਗਿਆ।”

ਇਸ ਸਾਰੀ ਜ਼ਿਆਦਤੀ ਦਾ ਉਸ ’ਤੇ ਇੰਨਾ ਅਸਰ ਹੋਇਆ ਕਿ ਉਹ ਦੋ ਮਹੀਨਿਆਂ ਤੱਕ ਡਿਪਰੈਸ਼ਨ ਵਿੱਚ ਰਹੀ। ਉਸ ਨੇ 10 ਅਗਸਤ 2025 ਨੂੰ ਸੋਸ਼ਲ ਮੀਡੀਆ ਰਾਹੀਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ। ਸੰਤ ਸੀਚੇਵਾਲ ਨੇੇ ਤੁਰੰਤ ਕਾਰਵਾਈ ਕੀਤੀ ਅਤੇ 28 ਸਤੰਬਰ ਨੂੰ ਉਹ ਸੁਰੱਖਿਅਤ ਤਰੀਕੇ ਨਾਲ ਪੰਜਾਬ ਵਾਪਸ ਆ ਗਈ। ਵਾਪਸੀ ਤੋਂ ਬਾਅਦ ਵੀ ਉਹ ਪੂਰੇ ਮਹੀਨੇ ਤੱਕ ਸਦਮੇ ਵਿੱਚ ਰਹੀ। ਉਸ ਨੇ ਕਿਹਾ ਕਿ ਇਰਾਕ ਵਿੱਚ ਗੁਜ਼ਾਰੇ ਉਹ ਦਿਨ ਕਦੇ ਵੀ ਭੁੱਲੇ ਨਹੀਂ ਜਾ ਸਕਦੇ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਬੇਟੀ ਹਿੰਮਤ ਦੀ ਮਿਸਾਲ ਹੈ, ਜਿਸ ਨੇ ਆਪਣੇ ਹੱਕਾਂ ਲਈ ਖ਼ੁਦ ਲੜਾਈ ਲੜੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਫਸੀਆਂ ਹੋਰ ਕੁੜੀਆਂ ਨੂੰ ਵੀ ਹਿੰਮਤ ਕਰਨੀ ਚਾਹੀਦੀ ਹੈ ਅਤੇ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ। ਕਿਉਂਕਿ ਇਹ ਜਾਲ ਪੇਂਡੂ ਇਲਾਕਿਆਂ ਵਿੱਚ ਖਤਰਨਾਕ ਤਰੀਕੇ ਨਾਲ ਫੈਲ ਚੁੱਕਾ ਹੈ ਅਤੇ ਗਰੀਬ ਪਰਿਵਾਰਾਂ ਦੀਆਂ ਬੇਟੀਆਂ ਨੂੰ ਨਰਕ ਵੱਲ ਧੱਕ ਰਿਹਾ ਹੈ।

Advertisement
×