ਕਬੱਡੀ ਖਿਡਾਰੀ ਤੋਂ ਡਰੱਗ ਸਰਗਨੇ ਬਣੇ ਰਣਜੀਤ ਜੀਤਾ ਮੌੜ ਦੀ ਦਿਲ ਦਾ ਦੌਰਾ ਪੈਣ ਨਾਲ ਮੌ
Kabaddi player-turned-drug lord Ranjit Jeeta Maur dies of heart attack
ਦੀਪਕਮਲ ਕੌਰ
ਜਲੰਧਰ, 18 ਮਾਰਚ
ਡਰੱਗ ਸਰਗਨੇ ਰਣਜੀਤ ਸਿੰਘ ਜੀਤਾ ਮੌੜ ਦਾ ਦੇਹਾਂਤ ਹੋ ਗਿਆ ਹੈ। ਉਹ ਕਪੂਰਥਲਾ ਦੇ ਪਿੰਡ ਕਾਲਾ ਸੰਘਿਆਂ ਦਾ ਰਹਿਣ ਵਾਲਾ ਸੀ। ਉਸ ਨੂੰ ਕੱਲ੍ਹ ਦੇਰ ਸ਼ਾਮ ਦਿਲ ਦਾ ਦੌਰਾ ਪਿਆ। ਉਸ ਨੂੰ ਜਲੰਧਰ ਦੇ ਇੱਕ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਉਹ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਸੀ ਅਤੇ ਲੱਤਾਂ ਸੁੱਜੀਆਂ ਹੋਣ ਕਾਰਨ ਉਸ ਨੂੰ ਤੁਰਨ ਫਿਰਨ ਵਿੱਚ ਮੁਸ਼ਕਲ ਆ ਰਹੀ ਸੀ। ਰਣਜੀਤ ਸਿੰਘ ਜੀਤਾ ਮੌੜ ਨੇ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੋਂ ਲੈ ਕੇ ਇੱਕ ਪ੍ਰਮੁੱਖ ਰਿਐਲਟਰ ਤੱਕ, ਦੋਆਬਾ ਅਤੇ ਮਾਝਾ ਵਿੱਚ 70 ਤੋਂ 80 ਕਲੋਨੀਆਂ ਵਿਕਸਤ ਕੀਤੀਆਂ। ਉਸ ਦੀ ਆਲੀਸ਼ਾਨ ਜੀਵਨ ਸ਼ੈਲੀ ਅਤੇ ਦਰਾਮਦ ਕੀਤੀਆਂ ਮਹਿੰਗੀਆਂ ਕਾਰਾਂ ਦੀ ਫਲੀਟ ਕਰਕੇ ਉਸ ਨੇ ਬਹੁਤ ਸਾਰੇ ਦੋਸਤ ਅਤੇ ਵਪਾਰਕ ਭਾਈਵਾਲ ਬਣਾਏ, ਜਿਨ੍ਹਾਂ ਵਿੱਚੋਂ ਬਹੁਤੇ ਸਿਆਸਤਦਾਨ ਅਤੇ ਸੀਨੀਅਰ ਪੁਲੀਸ ਅਧਿਕਾਰੀ ਸਨ।
ਉਸ ਦੇ ਵਿਸ਼ਾਲ ਸਾਮਰਾਜ, ਜਿਸ ਨੂੰ ਉਸ ਨੇ 2010 ਵਿੱਚ ਸਥਾਪਿਤ ਕਰਨਾ ਸ਼ੁਰੂ ਕੀਤਾ ਸੀ, ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਹ 2018 ਵਿੱਚ ਆਪਣੇ ਕਾਰੋਬਾਰੀ ਸਾਥੀ ਚਰਨ ਸਿੰਘ ਨਾਲੋਂ ਵੱਖ ਹੋ ਗਿਆ। ਰਣਜੀਤ ਆਪਣੇ ਇਸ ਭਾਈਵਾਲ ਨਾਲ ਹੁਣ 30 ਤੋਂ ਵੱਧ ਸਿਵਲ ਅਤੇ ਅਪਰਾਧਿਕ ਮੁਕੱਦਮਿਆਂ ਵਿੱਚ ਉਲਝਿਆ ਹੋਇਆ ਸੀ। ਫਰਵਰੀ 2022 ਵਿੱਚ ਸਪੈਸ਼ਲ ਟਾਸਕ ਫੋਰਸ ਨੇ ਚਰਨ ਸਿੰਘ ਵੱਲੋਂ ਦਾਇਰ ਸ਼ਿਕਾਇਤ ਦੇ ਆਧਾਰ ’ਤੇ ਉਸ ਨੂੰ ਇੱਕ ਡਰੱਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਅਤੇ 12 ਹੋਰਾਂ ਵਿਰੁੱਧ ਮਾਮਲਾ ਦਰਜ ਕੀਤਾ। ਇਸ ਮਾਮਲੇ ਨੇ ਉਸ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਨਿਸ਼ਾਨੇ ’ਤੇ ਲਿਆ ਦਿੱਤਾ।
ਕਪੂਰਥਲਾ ਦੇ ਕਾਲਾ ਸੰਘਿਆਂ ਪਿੰਡ ਵਿਚ ਰਹਿਣ ਵਾਲਾ ਜੀਤਾ ਮੌੜ ਆਪਣੇ ਸਕੂਲ ਦੇ ਦਿਨਾਂ ਵਿੱਚ ਲੰਡਨ ਚਲਿਆ ਗਿਆ ਸੀ। ਉਸ ਨੇ ਆਪਣੇ ਚਾਚਾ ਮਹਿੰਦਰ ਸਿੰਘ ਮੌੜ ਤੋਂ ਕਬੱਡੀ ਦੀ ਸਿਖਲਾਈ ਪ੍ਰਾਪਤ ਕੀਤੀ, ਜੋ ਕਿ ਇੱਕ ਕਬੱਡੀ ਪ੍ਰਮੋਟਰ ਸਨ। 1990 ਦੇ ਦਹਾਕੇ ਦੇ ਅਖੀਰ ਵਿੱਚ ਉਸ ਦੇ ਕਬੱਡੀ ਮੈਚਾਂ ਦੇ ਵੀਡੀਓ ਯੂਟਿਊਬ ’ਤੇ ਪ੍ਰਸਿੱਧ ਸਨ। ਉਸ ਦੀ ਪਤਨੀ ਅਤੇ ਚਾਰ ਪੁੱਤਰ ਲੰਡਨ ਵਿੱਚ ਸੈਟਲ ਹਨ। ਜੀਤਾ ਮੌੜ ਨੇ ਇੱਥੇ ਘੱਟੋ-ਘੱਟ ਚਾਰ ਫਰਮਾਂ ਸਥਾਪਤ ਕੀਤੀਆਂ, ਜਿਨ੍ਹਾਂ ਵਿੱਚ ਗ੍ਰੇਟ ਗ੍ਰੀਨ ਬਿਲਡ ਇੰਡੀਆ ਪ੍ਰਾਈਵੇਟ ਲਿਮਟਿਡ, ਜੀਜੀਬੀ ਰਾਇਲ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਆਰਬੀਆਰ ਰੀਅਲ ਅਸਟੇਟ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਅਤੇ ਕੇਬੀਸੀ ਟ੍ਰਾਂਸਪੋਰਟ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ।
ਉਸ ਦੀਆਂ ਸੈਂਕੜੇ ਏਕੜ ਵਿੱਚ ਫੈਲੀਆਂ ਜਾਇਦਾਦਾਂ ਸੁਲਤਾਨਪੁਰ ਲੋਧੀ, ਨਕੋਦਰ, ਲੋਹੀਆਂ, ਬੰਗਾ, ਮੁਕੇਰੀਆਂ, ਪੱਟੀ, ਤਰਨ ਤਾਰਨ, ਬਟਾਲਾ ਅਤੇ ਪਠਾਨਕੋਟ ਵਿੱਚ ਸਥਿਤ ਹਨ। ਉਸ ਦੇ ਨਿਵੇਸ਼ਕਾਂ ਦੀ ਸੂਚੀ ਵਿੱਚ ਕਥਿਤ ਤੌਰ ’ਤੇ ਘੱਟੋ-ਘੱਟ ਅੱਠ ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਨਾਮ ਸ਼ਾਮਲ ਹਨ। ਇੱਥੋਂ ਤੱਕ ਕਿ ਇੱਕ ਸਾਬਕਾ ਕਾਂਗਰਸੀ ਵਿਧਾਇਕ ਦਾ ਨਾਮ ਵੀ ਉਸ ਦੇ ਖਿਲਾਫ ਇੱਕ ਸ਼ਿਕਾਇਤ ਵਿੱਚ ਆਇਆ ਸੀ। ਉਦੋਂ ਇਹ ਦੋਸ਼ ਲੱਗਾ ਸੀ ਕਿ ਕਾਂਗਰਸੀ ਵਿਧਾਇਕ ਨੇ ਉਸ ਨੂੰ 15 ਕਰੋੜ ਰੁਪਏ ਦਾ ਘਰ ਤੋਹਫ਼ੇ ਵਿੱਚ ਦਿੱਤਾ ਸੀ ਅਤੇ ਉਸ ਦੇ ਪੁੱਤਰ ਨੂੰ ਉਸ ਦੇ ਕਾਰੋਬਾਰ ਵਿੱਚ ਲਿਹਾਜ਼ ਪਾਲਣ ਲਈ ਇੱਕ ਲਗਜ਼ਰੀ ਕਾਰ ਵੀ ਦਿੱਤੀ ਸੀ। ਉਸ ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਆਪਣੇ 53 ਐਨਆਰਆਈ ਖਾਤਿਆਂ ਵਿੱਚ ਕਰੋੜਾਂ ਰੁਪਏ ਪ੍ਰਾਪਤ ਕੀਤੇ ਸਨ।
ਹਾਲਾਂਕਿ, ਜੀਤਾ ਮੌੜ ਨੇ ਇਸ ਕਾਰਵਾਈ ਨੂੰ ਉਦੋਂ ਆਪਣੇ ਅਕਸ ਨੂੰ ਖਰਾਬ ਕਰਨ ਦੀ ਚਾਲ ਦੱਸਿਆ ਸੀ। ਜੀਤਾ ਮੌੜ ਨੇ ਕਿਹਾ ਸੀ, ‘‘ਮੈਂ 1988 ਤੋਂ ਯੂਕੇ ਵਿੱਚ ਕੰਮ ਕਰ ਰਿਹਾ ਹਾਂ। ਮੇਰੇ ਚਾਚਾ 1950 ਦੇ ਦਹਾਕੇ ਤੋਂ ਉੱਥੇ ਸਨ ਅਤੇ ਉਨ੍ਹਾਂ ਕੋਲ 25 ਟਰੱਕ ਸਨ। ਸਾਡੇ ਕੋਲ 90 ਘਰ, 35 ਦੁਕਾਨਾਂ ਹਨ ਅਤੇ ਅਸੀਂ ਲੰਡਨ ਵਿੱਚ ਫਰਨੀਚਰ ਅਤੇ ਜਾਇਦਾਦ ਦੇ ਕਾਰੋਬਾਰ ਵਿੱਚ ਲੱਗੇ ਹੋਏ ਹਾਂ। ਇਹ ਗਲਤ ਢੰਗ ਨਾਲ ਕਮਾਈ ਕੀਤੀ ਦੌਲਤ ਨਹੀਂ ਹੈ ਸਗੋਂ ਸਖ਼ਤ ਮਿਹਨਤ ਦਾ ਨਤੀਜਾ ਹੈ।’’