Punjab News: ਓਮਾਨ ਦੇ ਮਸਕਟ ’ਚ 2 ਮਹੀਨੇ ਬੰਦੀ ਬਣਾ ਕੇ ਰੱਖੀ ਲੁਧਿਆਣਾ ਦੀ ਮੁਟਿਆਰ ਸੁਰੱਖਿਅਤ ਘਰ ਪਰਤੀ
ਰਾਜ ਸਭਾ ਮੈਂਬਰ ਬਾਬਾ ਸੀਚੇਵਾਲ ਦੇ ਦਖ਼ਲ ਸਦਕਾ ਵਾਪਸੀ ਹੋਈ ਸੰਭਵ; ਸੁਲਤਾਨਪੁਰ ਲੋਧੀ ਸਥਿ ਨਿਰਮਲ ਕੁਟੀਆ ਵਿਖੇ ਆਪਣੇ ਦੁੱਖਾਂ ਦੀ ਦਾਸਤਾਨ ਕੀਤੀ ਸਾਂਝੀ
ਟ੍ਰਿਬਿਊਨ ਨਿਊਜ਼ ਸਰਵਿਸ
ਜਲੰਧਰ, 14 ਜੂਨ
ਬਿਹਤਰ ਨੌਕਰੀ ਅਤੇ ਸੁਨਹਿਰੇ ਭਵਿੱਖ ਦੀ ਭਾਲ ਵਿਚ ਅਰਬ ਮੁਲਕ ਓਮਾਨ ਦੀ ਰਾਜਧਾਨੀ ਮਸਕਟ ਗਈ ਲੁਧਿਆਣਾ ਜ਼ਿਲ੍ਹੇ ਦੀ ਇੱਕ ਮੁਟਿਆਰ ਦੋ ਮਹੀਨਿਆਂ ਦੀ ਭਿਆਨਕ ਮੁਸੀਬਤ ਤੇ ਬਿਪਤਾ ਝੱਲਣ ਤੋਂ ਬਾਅਦ ਸੁਰੱਖਿਅਤ ਘਰ ਪਰਤ ਆਈ ਹੈ। ਉਸ ਨੇ ਸੁਲਤਾਨਪੁਰ ਲੋਧੀ ਸਥਿਤ ਨਿਰਮਲ ਕੁਟੀਆ ਵਿਖੇ ਆਪਣੇ ਦੁਖਦਾਈ ਤਜਰਬੇ ਸਾਂਝੇ ਕੀਤੇ।
ਆਪਣੇ ਦੁੱਖਾਂ ਦੀ ਦਾਸਤਾਨ ਸੁਣਾਉਂਦਿਆਂ ਉਸ ਨੇ ਕਿਹਾ ਕਿ ਜਿਨ੍ਹਾਂ ਹਾਲਾਤ ਦਾ ਉਸ ਨੇ ਸਾਹਮਣਾ ਕੀਤਾ, ਉਹ ਕਿਸੇ ਵੀ ਤਰ੍ਹਾਂ ‘ਨਰਕ ਤੋਂ ਘੱਟ ਨਹੀਂ’ ਸਨ। ਉਸ ਨੂੰ 30,000 ਤੋਂ 40,000 ਰੁਪਏ ਦੀ ਤਨਖਾਹ ਦੇ ਵਾਅਦੇ ਨਾਲ ਭਰਮਾਇਆ ਗਿਆ ਸੀ ਅਤੇ ਉਹ ਬੀਤੇ ਅਪਰੈਲ ਮਹੀਨੇ ਆਪਣੇ ਪਰਿਵਾਰ ਦੀਆਂ ਮਾਲੀ ਮੁਸ਼ਕਲਾਂ ਕਾਰਨ ਦੋ ਸਾਲਾਂ ਦੇ ਕਲੀਨਿਕਲ ਵਰਕ ਵੀਜ਼ੇ 'ਤੇ ਓਮਾਨ ਲਈ ਰਵਾਨਾ ਹੋਈ ਸੀ।
ਓਮਾਨ ਪੁੱਜਣ ਸਾਰ ਹੀ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਅਤੇ ਉਸ ਨੂੰ ਵਾਅਦੇ ਮੁਤਾਬਕ ਕਲੀਨਿਕਲ ਡਿਊਟੀਆਂ ਦੇਣ ਦੇ ਉਲਟ ਉਸ ਦੀ ਮਰਜ਼ੀ ਦੇ ਖ਼ਿਲਾਫ਼ ਗੈਰ-ਕਾਨੂੰਨੀ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਉਸ ਨੇ ਦੱਸਿਆ ਕਿ ਵਿਰੋਧ ਕਰਨ ਉਤੇ ਉਸ ਨੂੰ ਵੇਚ ਦਿੱਤੇ ਜਾਣ ਜਾਂ ਮਾਰ ਦੇਣ ਦੀ ਧਮਕੀ ਦਿੱਤੀ ਗਈ ਸੀ ਅਤੇ ਉਸ ਨੂੰ ਬਹੁਤ ਹੀ ਅਣਮਨੁੱਖੀ ਹਾਲਾਤ ਵਿਚ ਰਹਿਣ ਲਈ ਮਜਬੂਰ ਹੋਣਾ ਪਿਆ।
ਉਸ ਨੂੰ ਲਗਾਤਾਰ ਅਤੇ ਘੱਟ ਭੋਜਨ ਉਤੇ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਤੇ ਆਰਾਮ ਵੀ ਬਹੁਤ ਘੱਟ ਕਰਨ ਦਿੱਤਾ ਜਾਂਦਾ ਸੀ। ਇਸ ਦੇ ਬਾਵਜੂਦ ਉਸ ਨੂੰ ਵਾਅਦੇ ਮੁਤਾਬਕ ਤਨਖਾਹ ਨਹੀਂ ਦਿੱਤੀ ਗਈ। ਇੱਥੋਂ ਤੱਕ ਕਿ ਉਹ ਆਪਣੇ ਨਾਲ ਜਿਹੜੇ ਪੈਸੇ ਲੈ ਕੇ ਗਈ ਸੀ, ਉਹ ਵੀ ਖੋਹ ਲਏ ਗਏ।
ਉਸ ਨੂੰ ਇਸ ‘ਨਰਕ’ ਤੋਂ ਛੁਟਕਾਰਾ ਉਦੋਂ ਮਿਲਿਆ ਜਦੋਂ ਇਸ ਮਾਮਲੇ ਵਿਚ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਦਖਲ ਦਿੱਤਾ ਅਤੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ। ਇਸ ਪਿੱਛੋਂ ਬਾਬਾ ਸੀਚੇਵਾਲ ਦੇ ਯਤਨਾਂ ਸਦਕਾ ਉਸ ਨੂੰ ਸਫਲਤਾਪੂਰਵਕ ਘਰ ਵਾਪਸ ਲਿਆਂਦਾ ਜਾ ਸਕਿਆ।