Punjab News: ਕਰਤਾਰਪੁਰ ਪੁਲੀਸ ਵੱਲੋਂ ਸਰਪੰਚ ਦੀ ਧੀ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ
Punjab News: ਨਾਕੇ ਦੌਰਾਨ ਪਰਮਜੀਤ ਕੌਰ ਨੂੰ 18 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ; ਇਸ ਤੋਂ ਪਹਿਲਾਂ ਕਥਿਤ ਨਸ਼ੀਲੇ ਪਦਾਰਥ ਤੋਲਦੇ ਹੋਏ ਵੀਡੀਓ ਹੋਈ ਸੀ ਵਾਇਰਲ
ਅਪਰਨਾ ਬੈਨਰਜੀ
ਜਲੰਧਰ, 21 ਮਈ
Punjab News: ਕਰਤਾਰਪੁਰ ਦੇ ਇੱਕ ਪਿੰਡ ਦੇ ਸਰਪੰਚ ਦੀ ਧੀ ਦੀ ਕਥਿਤ ਨਸ਼ੀਲੇ ਪਦਾਰਥ ਤੋਲਦੇ ਹੋਏ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਲੰਧਰ ਦਿਹਾਤੀ ਪੁਲੀਸ ਨੇ ਗ੍ਰਿਫ਼ਤਾਰ ਉਸ ਨੂੰ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਮਹਿਲਾ ਨੂੰ ਨਾਕੇ ਦੌਰਾਨ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਉਸ ਦੀ ਪਛਾਣ ਪਰਮਜੀਤ ਕੌਰ ਉਰਫ਼ ਪੰਮੋ ਵਜੋਂ ਹੋਈ ਹੈ, ਜੋ ਕਰਤਾਰਪੁਰ ਦੇ ਪਿੰਡ ਨਾਹਰਪੁਰ ਦੀ ਸਰਪੰਚ ਰਣਜੀਤ ਕੌਰ ਦੀ ਧੀ ਹੈ।
ਪੁਲੀਸ ਨੇ ਕਿਹਾ ਹੈ ਕਿ ਉਸ ਦੀ ਇਕ ਪੁਰਾਣੀ ਵੀਡੀਓ ਵੀ ਵਾਇਰਲ ਹੋਈ ਸੀ। ਪਰਮਜੀਤ ਵਿਰੁੱਧ ਐੱਨਡੀਪੀਐੱਸ ਐਕਟ ਦੀ ਧਾਰਾ 21 ਅਤੇ 61 ਤਹਿਤ ਕੇਸ ਦਰਜ ਕੀਤਾ ਗਿਆ ਹੈ। ਕਰਤਾਰਪੁਰ ਪੁਲੀਸ ਨੇ ਦੱਸਿਆ ਕਿ ਮਹਿਲਾ ਵਿਰੁੱਧ ਪਹਿਲਾਂ ਤਿੰਨ ਐੱਫਆਈਆ’ਜ਼ ਦਰਜ ਸਨ, ਜਿਨ੍ਹਾਂ ਵਿੱਚ ਐੱਨਡੀਪੀਐਸ ਐਕਟ ਤਹਿਤ ਇੱਕ ਪੁਰਾਣਾ ਕੇਸ ਵੀ ਸ਼ਾਮਲ ਹੈ।
ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਕਰਤਾਰਪੁਰ ਪੁਲੀਸ ਵੱਲੋਂ ਲਗਾਏ ਗਏ ਇੱਕ ਨਾਕੇ ਦੌਰਾਨ ਪਰਮਜੀਤ ਕੌਰ ਨੂੰ 18 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਾਇਰਲ ਵੀਡੀਓ ਵਿੱਚ ਇੱਕ ਮਹਿਲਾ ਨੂੰ ਚਿੱਟੇ ਪਦਾਰਥ ਵਾਲਾ ਇੱਕ ਛੋਟਾ ਜਿਹਾ ਬੈਗ ਫੜਿਆ ਹੋਇਆ ਦੇਖਿਆ ਜਾ ਸਕਦਾ ਹੈ। ਉਸ ਕੋਲ ਤੁਲਾਈ ਵਾਲੀ ਇਲੈਕਟ੍ਰਾਨਿਕ ਮਸ਼ੀਨ ਵੀ ਮੌਜੂਦ ਹੈ, ਜਦੋਂ ਕਿ ਇੱਕ ਆਦਮੀ ਉਸ ਕੋਲ ਖੜ੍ਹਾ ਹੈ।
ਕਰਤਾਰਪੁਰ ਦੇ ਐਸਐਚਓ ਰਮਨਦੀਪ ਸਿੰਘ ਨੇ ਕਿਹਾ, ‘‘ਇੱਕ ਨਾਕੇ ਦੌਰਾਨ, ਇੱਕ ਔਰਤ ਪਰਮਜੀਤ ਕੌਰ ਉਰਫ਼ ਪੰਮੋ ਨੂੰ ਮੰਗਲਵਾਰ ਨੂੰ 3 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਤਲਾਸ਼ੀ ਲੈਣ ’ਤੇ ਉਸ ਤੋਂ 15 ਗ੍ਰਾਮ ਹੋਰ ਹੈਰੋਇਨ ਬਰਾਮਦ ਹੋਈ। ਉਸ ਖ਼ਿਲਾਫ਼ ਮਾਰਚ 2022 ਵਿੱਚ ਦਰਜ ਇੱਕ ਐੱਨਡੀਪੀਐੱਸ ਕੇਸ ਸਮੇਤ ਪਹਿਲਾਂ ਦੇ ਕੁੱਲ ਤਿੰਨ ਮਾਮਲੇ ਦਰਜ ਹਨ।’’
ਐਸਐਚਓ ਨੇ ਅੱਗੇ ਕਿਹਾ, ‘‘ਵਾਇਰਲ ਹੋਈ ਵੀਡੀਓ ਵਿੱਚ ਮੌਜੂਦ ਮਹਿਲਾ ਇਹੀ ਹੈ ਪਰ ਇਹ ਇੱਕ ਪੁਰਾਣੀ ਵੀਡੀਓ ਹੈ, ਕਿਉਂਕਿ ਉਹ ਉੱਨੀ(ਸਰਦੀਆਂ ਦੇ) ਕੱਪੜੇ ਪਾਏ ਹੋਏ ਦਿਖਾਈ ਦੇ ਰਹੀ ਹੈ।’’ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਮਹਿਲਾ ਦੇ ਕਿਸੇ ਵੀ ਪਰਿਵਾਰਕ ਮੈਂਬਰ ਜਾਂ ਹੋਰ ਸਾਥੀਆਂ ਦੇ ਸ਼ਾਮਲ ਹੋਣ ਬਾਰੇ ਸਵਾਲਾਂ ਦੇ ਜਵਾਬ ਵਿੱਚ ਐਸਐਚਓ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਮਹਿਲਾ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਐਸਐਸਪੀ ਜਲੰਧਰ ਹਰਵਿੰਦਰ ਸਿੰਘ ਵਿਰਕ ਨੇ ਕਿਹਾ, ‘‘ਪੁਲਿਸ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫੈਸਲਾਕੁੰਨ ਕਾਰਵਾਈ ਕਰ ਰਹੀ ਹੈ। ਜੋ ਵੀ ਨਸ਼ੀਲੇ ਪਦਾਰਥ ਵੇਚਦਾ ਫੜਿਆ ਗਿਆ ਹੈ ਉਸਨੂੰ ਬਖਸ਼ਿਆ ਨਹੀਂ ਜਾਵੇਗਾ।’’