ਅਸ਼ੋਕ ਕੌਰਾ
ਫਗਵਾੜਾ, 27 ਫਰਵਰੀ
ਫਗਵਾੜਾ ਦੀ ਐਸਪੀ ਰੁਪਿੰਦਰ ਕੌਰ ਭੱਟੀ ਦੀ ਅਗਵਾਈ ਹੇਠ ਫਗਵਾੜਾ ਪੁਲੀਸ ਨੇ ਨਜਾਇਜ਼ ਹਥਿਆਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਫਗਵਾੜਾ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਦਿਆਂ ਅਸਲ੍ਹਾ ਬਰਾਮਦ ਕੀਤਾ ਹੈ। ਸੀਨੀਅਰ ਪੁਲੀਸ ਕਪਤਾਨ ਗੌਰਵ ਤੂਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਹਿਚਾਣ ਨਿਸ਼ਾਂਤ ਰਾਜ ਵਾਸੀ ਪਿੰਡ ਗੁਸੀਆ ਖੁਰਦ (ਬਿਹਾਰ) , ਆਸ਼ੂਤੋਸ਼ ਵਾਸੀ ਮੁਜੱਫਰਪੁਰ (ਬਿਹਾਰ) ਮੌਜੂਦਾ ਸਮੇਂ ਲਾਅ ਗੇਟ ਨੇੜੇ ਗ੍ਰੀਨ ਵੈਲੀ ਅਤੇ ਜੇ ਮਣੀ ਰਤਨਮ ਵਾਸੀ ਮੁਜੱਫਰਪੁਰ (ਬਿਹਾਰ) ਮੌਜੂਦਾ ਸਮੇਂ ਬਗਲਾ ਮੁਖੀ ਮਾਹੇੜੂ ਅਪਾਰਟਮੈਂਟ ਵਜੋਂ ਹੋਈ ਹੈ।
ਐਸਪੀ ਭੱਟੀ ਨੇ ਦੱਸਿਆ ਕਿ ਪੁਲੀਸ ਨੇ ਕਾਬੂ ਕੀਤੇ ਵਿਅਕਤੀਆਂ ਕੋਲੋਂ 12 ਜਿੰਦਾ ਕਾਰਤੂਸ, ਦੋ 7.65 ਐਮਐਮ ਪਿਸਤੌਲ, ਇੱਕ 32 ਬੋਰ ਰਿਵਾਲਵਰ,3 ਜਿੰਦਾ ਕਾਰਤੂਸ ਅਤੇ 2 ਖਾਲੀ ਕਾਰਤੂਸ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਬੀਐਨਐਸ ਤਹਿਤ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਅਤੇ ਹਥਿਆਰਾਂ ਦੀ ਤਸਕਰੀ ਦੇ ਵੱਡੇ ਨੈੱਟਵਰਕ ਬਾਰੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।