ਖੁਰਦਪੁਰ ਰੇਲਵੇ ਸਟੇਸ਼ਨ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ
ਆਦਮਪੁਰ ਏਅਰਬੇਸ ਨੇੜੇ ਵੀ ਮਿਲੇ ਨਾਅਰੇ; ਖਾਲਿਸਤਾਨੀ ਪੱਖੀ ਪੰਨੂ ਨੇ ਵੀਡੀਓ ਜਾਰੀ ਕੀਤਾ
ਹਤਿੰਦਰ ਮਹਿਤਾ
ਜਲੰਧਰ, 23 ਮਈ
ਆਦਮਪੁਰ ਦੇ ਖੁਰਦਪੁਰ ਰੇਲਵੇ ਸਟੇਸ਼ਨ ਦੀ ਦੀਵਾਰ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਮਿਲੇ। ਇਨ੍ਹਾਂ ਦਾ ਪਤਾ ਲੱਗਣ ’ਤੇ ਰੇਲਵੇ ਪੁਲੀਸ ਨੂੰ ਸੂਚਿਤ ਕੀਤਾ ਗਿਆ ਤੇ ਰੇਲਵੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਇਨ੍ਹਾਂ ਨਾਅਰਿਆਂ ’ਤੇ ਕਾਲਾ ਪੇਂਟ ਕਰਕੇ ਮਿਟਾ ਦਿੱਤਾ। ਇਸ ਮੌਕੇ ਪਹੁੰਚੇ ਆਦਮਪੁਰ ਪੁਲੀਸ ਦੇ ਮੁਖੀ ਹਰਦੇਵ ਪ੍ਰੀਤ ਸਿੰਘ ਨੇ ਦੱਸਿਆ ਕਿ ਦਹਿਸ਼ਤ ਫੈਲਾਉਣ ਵਾਲੇ ਸਮਾਜ ਵਿਰੋਧੀ ਤੱਤਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਆਦਮਪੁਰ ਏਅਰਬੇਸ ਨੇੜੇ ਵੀ ਅਜਿਹੇ ਨਾਅਰੇ ਮਿਲੇ। ਖਾਲਿਸਤਾਨੀ ਪੱਖੀ ਗੁਰਪਤਵੰਤ ਸਿੰਘ ਪੰਨੂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਜਲੰਧਰ ਦੇ ਆਦਮਪੁਰ ਏਅਰਬੇਸ ਨੇੜੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹਨ। ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਜ਼ਹਿਰ ਉਗਲਿਆ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸਿੱਖ ਪਾਕਿਸਤਾਨੀ ਫੌਜ ਦਾ ਸਮਰਥਨ ਕਰਦੇ ਹਨ। ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ 2 ਮਿੰਟ 52 ਸਕਿੰਟ ਦਾ ਵੀਡੀਓ ਜਾਰੀ ਕੀਤਾ ਹੈ।