ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ’ਚ ਸਜਾਇਆ ਨਗਰ ਕੀਰਤਨ, ਵੱਡੀ ਗਿਣਤੀ ਸੰਗਤਾਂ ਹੋਈਆਂ ਸ਼ਾਮਲ
ਚੌਥੇ ਹਰੇ ਨਗਰ ਕੀਰਤਨ ਦੌਰਾਨ ਦੋ ਟਰਾਲੀਆਂ ਬੂਟਿਆਂ ਦੀਆਂ ਵੰਡੀਆਂ; ਬਾਬੇ ਨਾਨਕ ਨੇ ਪੰਜ ਸਦੀਆਂ ਪਹਿਲਾਂ ਦੇ ਦਿੱਤਾ ਸੀ ਆਲਮੀ ਤਪਸ਼ ਤੋਂ ਬਚਣ ਦਾ ਸੱਦਾ: ਸੀਚੇਵਾਲ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਵੇਈਂ ਨਿਰਮਲ ਕੁਟੀਆ ਤੋਂ ਸ਼ੁਰੂ ਹੋਏ ਚੌਥੇ ਹਰੇ ਨਗਰ ਕੀਰਤਨ ਦੌਰਾਨ ਦੋ ਟਰਾਲੀਆਂ ਬੂਟਿਆਂ ਦੀਆਂ ਪ੍ਰਸ਼ਾਦ ਦੇ ਰੂਪ ਵਿੱਚ ਵੰਡੀਆਂ ਗਈਆਂ। ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਤੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਇਆ ਨਗਰ ਕੀਰਤਨ ਪਵਿੱਤਰ ਵੇਈਂ ਦਾ ਪੁਲ ਪਾਰ ਕਰਕੇ ਪਹਿਲੇ ਪੜਾਅ ਨਾਨਕ ਹੱਟ ’ਤੇ ਰੁਕਿਆ।
ਇਥੋਂ ਸ਼ਹੀਦ ਊਧਮ ਸਿੰਘ ਚੌਂਕ, ਗੁਰਦੁਆਰਾ ਗੁਰੂ ਕਾ ਬਾਗ, ਚੌਂਕ ਚੇਲਿਆ, ਮੁਹੱਲ ਸਿੱਖਾਂ, ਬਾਬੇ ਨਾਨਕੀ ਦਾ ਪੁਰਾਤਨ ਘਰ, ਗੁਰਦੁਆਰਾ ਬੇਬੇ ਨਾਨਕੀ, ਗੁਰਦੁਆਰਾ ਸ੍ਰੀ ਹੱਟ ਸਾਹਿਬ, ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਬੱਸ ਅੱਡਾ ਤੇ ਘੰਟਾ ਘਰ ਚੌਂਕ ਤੋਂ ਹੁੰਦਾ ਹੋਇਆ ਤਲਵੰਡੀ ਚੌਧਰੀਆਂ ਪੁਲ ਪਾਰ ਕਰਕੇ ਮੁੜ ਵੇਈਂ ਕੰਢੇ ਹੁੰਦਾ ਹੋਇਆ ਬਾਅਦ ਦੁਪਹਿਰ ਗੁਰਦੁਆਰਾ ਗੁਰਪ੍ਰਕਾਸ਼ ਨਿਰਮਲ ਕੁਟੀਆ ਪਹੁੰਚਿਆ।
ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ। ਨਿਹੰਗ ਸਿੰਘਾਂ ਦੀਆਂ ਛਾਉਣੀਆਂ ਵੱਲੋਂ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦਾ ਸਨਮਾਨ ਕੀਤਾ ਗਿਆ। ਸੀਚੇਵਾਲ ਨੇ ਇਸ ਚੌਥੇ ਹਰੇ ਨਗਰ ਕੀਰਤਨ ਦੌਰਾਨ ਦੋ ਟਰਾਲੀਆਂ ਦੇ ਕਰੀਬ ਬੂਟਿਆਂ ਦਾ ਪ੍ਰਸ਼ਾਦ ਵੰਡਿਆ। ਨਗਰ ਕੀਰਤਨਾਂ ਦੌਰਾਨ ਵੰਡੇ ਜਾਂਦੇ ਬੂਟੇ ਅੱਜ ਸਭ ਤੋਂ ਵੱਧ ਵੰਡੇ ਗਏ। ਸੀਚੇਵਾਲ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਪੰਜ ਸਦੀਆਂ ਪਹਿਲਾਂ ਹੀ ਆਲਮੀ ਤਪਸ਼ ਤੋਂ ਬਚਣ ਦਾ ਸੱਦਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹਵਾ, ਪਾਣੀ ਤੇ ਮਿੱਟੀ ਬਾਰੇ ਜਿੰਨੀ ਸਰਲ ਤੇ ਸਪੱਸ਼ਟ ਭਾਸ਼ਾ ਵਿੱਚ ਬਾਬੇ ਨਾਨਕ ਨੇ ਇਸ ਸੰਸਾਰ ਨੂੰ ਸਮਝਾਇਆ, ਓਨਾ ਸ਼ਾਇਦ ਹੀ ਕਿਸੇ ਹੋਰ ਧਾਰਮਿਕ ਰਹਿਬਰ ਨੇ ਸਮਝਾਇਆ ਹੋਵੇ। ਉਧਰ ਗੁਰਦੁਆਰਾ ਬੇਰ ਸਾਹਿਬ ਵਿਖੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਮੱਥਾ ਟੇਕਿਆ।

