ਹਰਿਆਣਾ ’ਚ ਗਊਸ਼ਾਲਾ ਦਾ ਲੈਂਟਰ ਡਿੱਗਣ ਕਾਰਨ ਅੱਧੀ ਦਰਜਨ ਤੋਂ ਵੱਧ ਗਊਆਂ ਦੀ ਮੌਤ
ਨਿੱਜ਼ੀ ਪੱਤਰ ਪ੍ਰੇਰਕ,
ਹੁਸ਼ਿਆਰਪੁਰ, 27 ਜੂਨ
ਨੇੜਲੇ ਕਸਬਾ ਹਰਿਆਣਾ ਵਿੱਚ ਅੱਧੀ ਰਾਤ ਨੂੰ ਗਊਸ਼ਾਲਾ ਦਾ ਲੈਂਟਰ ਡਿੱਗਣ ਕਰਕੇ ਅੱਧੀ ਦਰਜਨ ਤੋਂ ਵੱਧ ਗਊਆਂ ਦੀ ਮੌਤ ਹੋ ਗਈ। ਹਾਦਸੇ ਮੌਕੇ ਗਊਸ਼ਾਲਾ ਵਿਚ ਕਰੀਬ 4 ਦਰਜਨ ਪਸ਼ੂ ਬੱਝੇ ਸਨ। ਮੌਕੇ ’ਤੇ ਪੁੱਜੇ ਪ੍ਰਸ਼ਾਸਨਿਕ ਤੇ ਵੈਟਰਨਰੀ ਅਧਿਕਾਰੀਆਂ ਵੱਲੋਂ ਜ਼ਖਮੀ ਗਊਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਲੈਂਟਰ ਹੇਠੋਂ 5 ਗਊਆਂ ਜ਼ਿੰਦਾ ਕੱਢ ਲਈਆਂ ਗਈਆਂ ਹਨ ਜਦੋਂਕਿ 7 ਦੀ ਮੌਤ ਹੋ ਗਈ ਹੈ। ਹਾਦਸੇ ਵਿਚ 17 ਦੇ ਕਰੀਬ ਵੱਛੇ ਵੀ ਮਰ ਗਏ ਹਨ।
ਜਾਣਕਾਰੀ ਅਨੁਸਾਰ ਹਰਿਆਣਾ ਦੇ ਢੱਕੀ ਰੋਡ ’ਤੇ ਸਥਿਤ ਗਊਸ਼ਾਲਾ ਦਾ ਕਰੀਬ ਅੱਧੀ ਰਾਤ ਨੂੰ ਲੈਂਟਰ ਡਿੱਗ ਪਿਆ। ਇਸ ਇਮਾਰਤ ਵਿਚ ਕਰੀਬ 40 ਤੋਂ ਵੱਧ ਗਊਆਂ ਅਤੇ ਕੁਝ ਵੱਛੇ ਬੱਝੇ ਹੋਏ ਸਨ। ਮੁੱਢਲੀ ਜਾਣਕਾਰੀ ਅਨੁਸਾਰ ਲੈਂਟਰ ਡਿੱਗਣ ਕਾਰਨ ਅੰਦਰ ਬੱਝੇ ਪਸੂ਼ਆਂ ਵਿੱਚੋਂ ਕਰੀਬ 7 ਗਊਆਂ ਅਤੇ 17 ਵੱਛਿਆਂ ਦੀ ਮੌਤ ਹੋ ਗਈ ਅਤੇ ਕੁਝ ਹੇਠਾਂ ਦੱਬੀਆਂ ਗਈਆਂ ਹਨ। ਪਤਾ ਲੱਗਣ ’ਤੇ ਗਊਸ਼ਾਲਾ ਪ੍ਰਬੰਧਕਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਗਊਆਂ ਨੂੰ ਬਚਾਉਣ ਲਈ ਜੇਸੀਬੀ ਮਸ਼ੀਨਾਂ ਮੰਗਵਾ ਕੇ ਯਤਨ ਅਰੰਭੇ ਗਏ। ਮੌਕੇ ’ਤੇ ਪੁੱਜੇ ਵਧੀਕ ਥਾਣਾ ਮੁਖੀ ਦਲਜੀਤ ਸਿੰਘ ਅਤੇ ਵੈਟਰਨਰੀ ਅਫਸਰ ਡਾ. ਮਨਮੋਹਨ ਸਿੰਘ ਦਰਦੀ, ਵੈਟਰਨਰੀ ਇੰਸਪੈਕਟਰ ਅਜਮੇਰ ਸਿੰਘ ਅਤੇ ਪਰਮਿੰਦਰ ਸਿੰਘ ਵੱਲੋਂ ਫੱਟੜ ਗਊਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ। ਲੈਂਟਰ ਡਿੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ, ਪਰ ਕੁਝ ਸਮਾਜ ਸੇਵੀਆਂ ਦਾ ਮੰਨਣਾ ਹੈ ਕਿ ਲੈਂਟਰ ’ਤੇ ਲਗਾਤਾਰ ਖੜ੍ਹਾ ਰਹਿੰਦਾ ਬਰਸਾਤੀ ਪਾਣੀ ਇਸ ਲੈਂਟਰ ਦੇ ਡਿੱਗਣ ਦਾ ਕਾਰਨ ਹੋ ਸਕਦਾ ਹੈ।