ਪੱਤਰ ਪ੍ਰੇਰਕ
ਜਲੰਧਰ, 17 ਜੂਨ
ਭਾਰਤੀ ਹਾਕੀ ਟੀਮ ਦੇ ਸਟਾਰ ਖਿਡਾਰੀ ਮਿੱਠਾਪੁਰ ਦੇ ਮਨਪ੍ਰੀਤ ਸਿੰਘ ਦੇ ਨਾਮ ਇੱਕ ਹੋਰ ਰਿਕਾਰਡ ਦਰਜ ਹੋਇਆ ਹੈ। ਉਸ ਨੇ ਅੰਤਰਰਾਸ਼ਟਰੀ 698 ਹਾਕੀ ਪ੍ਰੋ ਲੀਗ ਵਿੱਚ ਆਸਟਰੇਲੀਆ ਵਿਰੁੱਧ ਕਰੀਅਰ ਦਾ 400ਵਾਂ ਮੈਚ ਖੇਡਿਆ। ਇਸ ਮੈਚ ਵਿੱਚ ਉਸ ਨੇ ਭਾਰਤੀ ਜਰਸੀ ਪਹਿਨ ਕੇ ਨਵਾਂ ਇਤਿਹਾਸ ਰਚਿਆ। ਉਹ 400 ਮੈਚ ਖੇਡਣ ਵਾਲਾ ਪਹਿਲਾ ਭਾਰਤੀ ਮਿਡਫੀਲਡਰ ਬਣਿਆ। 33 ਸਾਲਾ ਮਨਪ੍ਰੀਤ ਹੁਣ ਭਾਰਤ ਲਈ ਸਭ ਤੋਂ ਵੱਧ ਮੈਚ ਖੇਡਣ ਵਾਲਾ ਦੂਜਾ ਪੁਰਸ਼ ਖਿਡਾਰੀ ਬਣ ਗਿਆ ਹੈ। ਸਾਬਕਾ ਹਾਕੀ ਕਪਤਾਨ ਅਤੇ ਮੌਜੂਦਾ ਹਾਕੀ ਇੰਡੀਆ ਦੇ ਪ੍ਰਧਾਨ ਡਾ. ਦਿਲੀਪ ਟਿਰਕੀ ਨੇ 412 ਮੈਚ ਖੇਡੇ ਹਨ। ਮਨਪ੍ਰੀਤ ਨੇ 2011 ਵਿੱਚ ਸਿਰਫ਼ 19 ਸਾਲ ਦੀ ਉਮਰ ਵਿੱਚ ਭਾਰਤੀ ਹਾਕੀ ਟੀਮ ਵਿੱਚ ਆਪਣਾ ਡੈਬਿਊ ਕੀਤਾ ਸੀ। ਉਦੋਂ ਤੋਂ, ਉਹ ਭਾਰਤੀ ਹਾਕੀ ਦੇ ਮਿਡਫੀਲਡ ਦੇ ਦਿਲ ਦੀ ਧੜਕਣ ਰਿਹਾ ਹੈ। ਉਹ ਭਾਰਤੀ ਹਾਕੀ ਟੀਮ ਨਾਲ ਲਗਾਤਾਰ ਦੋ ਵਾਰ ਕਾਂਸੀ ਦੇ ਤਗਮੇ ਜਿੱਤ ਚੁੱਕਾ ਹੈ। ਉਸ ਦੀ ਅਗਵਾਈ ਵਿੱਚ ਟੀਮ ਨੇ ਟੋਕੀਓ ਓਲੰਪਿਕ ਵਿੱਚ 40 ਸਾਲਾਂ ਬਾਅਦ ਕਾਂਸੀ ਦਾ ਤਗਮਾ ਜਿੱਤਿਆ। ਹਾਕੀ ਇੰਡੀਆ ਅਤੇ ਹਾਕੀ ਪੰਜਾਬ ਦੇ ਅਧਿਕਾਰੀਆਂ ਨੇ ਮਨਪ੍ਰੀਤ ਸਿੰਘ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ।