ਫਗਵਾੜਾ-ਜਲੰਧਰ ਹਾਈਵੇਅ ’ਤੇ ਦੇਰ ਰਾਤ ਵਾਹਨਾਂ ਦੀ ਟੱਕਰ; ਇਕ ਵਿਦਿਆਰਥੀ ਦੀ ਮੌਤ, ਕਈ ਹੋਰ ਜ਼ਖ਼ਮੀ
ਇਥੇ ਨੈਸ਼ਨਲ ਹਾਈਵੇਅ ਇਕ ’ਤੇ ਪਿੰਡ ਚਹੇੜੂ ਕੋਲ ਈਸਟਵੁੱਡ ਨੇੜੇ ਐਤਵਾਰ ਦੇਰ ਰਾਤ ਸਾਢੇ 11 ਵਜੇ ਦੇ ਕਰੀਬ ਹੋਏ ਹਾਦਸੇ ਵਿਚ ਬਾਈਕ ਸਵਾਰ ਵਿਦਿਆਰਥੀ ਦੀ ਮੌਤ ਹੋ ਗਈ ਜਦੋਂਕਿ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਬਾਈਕ ਦੀ ਕਿਸੇ ਵਾਹਨ...
ਇਥੇ ਨੈਸ਼ਨਲ ਹਾਈਵੇਅ ਇਕ ’ਤੇ ਪਿੰਡ ਚਹੇੜੂ ਕੋਲ ਈਸਟਵੁੱਡ ਨੇੜੇ ਐਤਵਾਰ ਦੇਰ ਰਾਤ ਸਾਢੇ 11 ਵਜੇ ਦੇ ਕਰੀਬ ਹੋਏ ਹਾਦਸੇ ਵਿਚ ਬਾਈਕ ਸਵਾਰ ਵਿਦਿਆਰਥੀ ਦੀ ਮੌਤ ਹੋ ਗਈ ਜਦੋਂਕਿ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਬਾਈਕ ਦੀ ਕਿਸੇ ਵਾਹਨ ਨਾਲ ਟੱਕਰ ਹੋਈ ਦੱਸੀ ਜਾਂਦੀ ਹੈ। ਇਸ ਹਾਦਸੇ ਮਗਰੋਂ ਫਗਵਾੜਾ ਤੋਂ ਜਲੰਧਰ ਵੱਲ ਨੂੰ ਜਾਂਦੇ ਵਾਹਨ ਇਕ ਤੋਂ ਬਾਅਦ ਇਕ, ਇਕ ਦੂਜੇ ਨਾਲ ਟਕਰਾਉਣ ਕਰਕੇ ਜ਼ੋਰਦਾਰ ਧਮਾਕਾ ਹੋਇਆ। ਹਾਦਸੇ ਵਿਚ ਕਈ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਇਸ ਦੌਰਾਨ ਉਥੋਂ ਲੰਘਦਾ ਇਕ ਟਰੱਕ ਵੀ ਅੱਗ ਦੀ ਲਪੇਟ ’ਚ ਆਉਣ ਕਰਕੇ ਨੁਕਸਾਨਿਆ ਗਿਆ।
ਪੁਲੀਸ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ਮੁਤਾਬਕ ਵਾਹਨਾਂ ਦੇ ਇਕ ਦੂਜੇ ਨਾਲ ਟਕਰਾਉਣ ਕਰਕੇ ਅੱਗ ਲੱਗੀ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਦੇਰ ਰਾਤ ਬੜੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਚਸ਼ਮਦੀਦਾਂ ਨੇ ਹਾਦਸੇ ਨੂੰ ਭਿਆਨਕ ਦੱਸਦਿਆਂ ਕਿਹਾ ਕਿ ਗੱਡੀਆਂ ਇਕ ਦੂਜੇ ਨਾਲ ਇੰਨੀ ਤੇਜ਼ੀ ਨਾਲ ਟਕਰਾਈਆਂ ਕਿ ਲੋਕਾਂ ਕੋਲ ਪ੍ਰਤੀਕਿਰਿਆ ਕਰਨ ਦਾ ਸਮਾਂ ਹੀ ਨਹੀਂ ਸੀ। ਹਾਦਸੇ ਮਗਰੋਂ ਹਾਈਵੇਅ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਅਤੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸਤਨਾਮਪੁਰਾ ਪੁਲੀਸ ਸਟੇਸ਼ਨ ਦੇ ਐਸਐਚਓ ਹਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਹਾਦਸਾ ਵਾਪਰਿਆ, ਉਸ ਸਮੇਂ ਫਗਵਾੜਾ ਤੋਂ ਜਲੰਧਰ ਵੱਲ ਜਾਣ ਵਾਲੀ ਆਵਾਜਾਈ ਪਹਿਲਾਂ ਹੀ ਇੱਕ ਪਿਛਲੇ ਹਾਦਸੇ ਕਾਰਨ ਬਹੁਤ ਹੌਲੀ ਚੱਲ ਰਹੀ ਸੀ। ਇਸ ਤੋਂ ਬਾਅਦ ਅਚਾਨਕ ਇਕ ਤੋਂ ਬਾਅਦ ਇਕ ਵਾਹਨ ਇਕ ਦੂਜੇ ਨਾਲ ਟਕਰਾਉਂਦੇ ਗਏ ਜਿਸ ਕਾਰਨ ਭਿਆਨਕ ਅੱਗ ਲੱਗ ਗਈ।
ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਦੋ ਨੌਜਵਾਨ ਕਿਸੇ ਵਾਹਨ ਨਾਲ ਟਕਰਾਉਣ ਕਰਕੇ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਅਸਮੀਰ ਰੌਫ ਵਾਸੀ ਕੇਰਲਾ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ। ਪੁਲੀਸ ਨੇ ਉਸ ਦੀ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਾਟ ਵਿਚ ਰਖਵਾ ਦਿੱਤੀ ਹੈ। ਰੌਫ਼ ਇਥੇ ਜਲੰਧਰ ਫਗਵਾੜਾ ਹਾਈਵੇਅ ’ਤੇ ਹੀ ਸਥਿਤ ਨਿੱਜੀ ਯੂਨੀਵਰਸਿਟੀ ਵਿਚ ਏਅਰਪੋਰਟ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ। ਬਾਈਕ ਸਵਾਰ ਦੂਜੇ ਵਿਦਿਆਰਥੀ ਵਿਨਾਇਕ ਉਰਫ ਸੁਰੇਸ਼ ਦੀ ਲੱਤ ਟੁੱਟ ਗਈ ਤੇ ਉਹ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ।

