ਫਗਵਾੜਾ ਨੇੜੇ ਪੋਲਟਰੀ ਫਾਰਮ ’ਚੋਂ ਪਟਾਕਿਆਂ ਦਾ ਵੱਡਾ ਜ਼ਖੀਰਾ ਬਰਾਮਦ, ਤਿੰਨ ਗ੍ਰਿਫ਼ਤਾਰ
ਨਵਾਂਸ਼ਹਿਰ ਪੁਲੀਸ ਵੱਲੋਂ ਵੀਰਵਾਰ ਦੇਰ ਰਾਤ ਮਾਰੇ ਛਾਪੇ ’ਚ 3850 ਕਿਲੋ ਵਿਸਫੋਟਕ ਸਮੱਗਰੀ ਜ਼ਬਤ
ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਪੁੁਲੀਸ ਨੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਇਕ ਵੱਡੀ ਕਾਰਵਾਈ ਵਿਚ ਵੀਰਵਾਰ ਦੇਰ ਰਾਤ ਫਗਵਾੜਾ ਨੇੜੇ ਪਿੰਡ ਮੇਹਲੀ ਦੇ ਪੋਲਟਰੀ ਫਾਰਮ ਤੋਂ ਪਟਾਕਿਆਂ ਤੇ ਵਿਸਫੋਟਕ ਸਮੱਗਰੀ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੇ। ਨਵਾਂਸ਼ਹਿਰ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੈੱਸਪੀ ਮਹਿਤਾਬ ਦੀ ਨਿਗਰਾਨੀ ਹੇਠ ਕੀਤੀ ਇਸ ਕਾਰਵਾਈ ਵਿਚ 3850 ਕਿਲੋ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ ਜਿਸ ਦੀ ਕੀਮਤ ਵਿਚ ਲੱਖਾਂ ਵਿਚ ਦੱਸੀ ਜਾਂਦੀ ਹੈ।
ਡੀਜੀਪੀ ਗੌਰਵ ਯਾਦਵ ਨੇ ਵੀਰਵਾਰ ਦੇਰ ਰਾਤ ਇਸ ਘਟਨਾ ਦੀ ਪੁਸ਼ਟੀ ਕੀਤੀ ਅਤੇ ਇਸ ਨੂੰ ਦਸਹਿਰੇ ਵਰਗੇ ਤਿਉਹਾਰ ਤੋਂ ਪਹਿਲਾਂ ਇੱਕ ਅਹਿਮ ਪ੍ਰਾਪਤੀ ਦੱਸਿਆ। ਖੁਫੀਆ ਜਾਣਕਾਰੀ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਪੁਲੀਸ ਟੀਮ ਨੇ ਫਗਵਾੜਾ ਨੇੜੇ ਪਿੰਡ ਮੇਹਲੀ ਪੀਐਸ ਬਹਿਰਾਮ ਵਿੱਚ ਇੱਕ ਪੋਲਟਰੀ ਫਾਰਮ ’ਤੇ ਛਾਪਾ ਮਾਰਿਆ ਜਿੱਥੇ ਕਥਿਤ ਤੌਰ '’ਤੇ ਇੱਕ ਗੈਰ-ਕਾਨੂੰਨੀ ਪਟਾਕੇ ਬਣਾਉਣ ਦਾ ਕਾਰੋਬਾਰ ਅਤੇ ਸਟੋਰੇਜ ਯੂਨਿਟ ਚਲਾਇਆ ਜਾ ਰਿਹਾ ਸੀ।
ਡੀਆਈਜੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਸਟੇਸ਼ਨ ਬਹਿਰਾਮ ਵਿੱਚ ਵਿਸਫੋਟਕ ਪਦਾਰਥ ਐਕਟ ਦੀ ਧਾਰਾ 9ਬੀ ਅਤੇ ਧਾਰਾ 288 ਅਤੇ 125 ਬੀ.ਐਨ.ਐਸ. ਤਹਿਤ ਤਿੰਨ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਆਰਿਫ ਅਤੇ ਮੁਸਤਕੀਮ ਅਲੀ, ਦੋਵੇਂ ਮੁਜ਼ੱਫਰਨਗਰ, ਉੱਤਰ ਪ੍ਰਦੇਸ਼ ਅਤੇ ਫਿਰੋਜ਼, ਬਾਗਪਤ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ।
ਡੀਜੀਪੀ ਯਾਦਵ ਨੇ ਦੱਸਿਆ ਕਿ ਬਰਾਮਦ ਕੀਤੇ ਵਿਸਫੋਟਕਾਂ ਵਿੱਚ 400 ਕਿਲੋਗ੍ਰਾਮ ਵਜ਼ਨ ਵਾਲੇ ਪੋਟਾਸ਼ ਦੇ ਅੱਠ ਥੈਲੇ, 1,050 ਕਿਲੋਗ੍ਰਾਮ ਵਜ਼ਨ ਵਾਲੇ ਪਟਾਕਿਆਂ ਦੇ 70 ਪੈਕ ਕੀਤੇ ਡੱਬੇ, 1,600 ਕਿਲੋਗ੍ਰਾਮ ਵਜ਼ਨ ਵਾਲੇ ਫਾਇਰ-ਬੇਸ ਪਟਾਕਿਆਂ ਦੇ 100 ਡੱਬੇ ਅਤੇ 800 ਕਿਲੋਗ੍ਰਾਮ ਵਜ਼ਨ ਵਾਲੇ ਗਰਾਊਂਡਿਡ ਕੋਲੇ ਦੇ 40 ਥੈਲੇ ਸ਼ਾਮਲ ਹਨ। ਪੋਲਟਰੀ ਫਾਰਮ ਨੂੰ ਸੀਲ ਕਰ ਦਿੱਤਾ ਗਿਆ ਹੈ, ਅਤੇ ਜ਼ਬਤ ਕੀਤੀ ਗਈ ਸਮੱਗਰੀ ਨੂੰ ਫੋਰੈਂਸਿਕ ਅਤੇ ਕਾਨੂੰਨੀ ਜਾਂਚ ਲਈ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
ਐੱਸਐੱਸਪੀ ਮਹਿਤਾਬ ਸਿੰਘ ਨੇ ਕਿਹਾ ਕਿ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਵਿਸਫੋਟਕ ਸਾਈਟ ’ਤੇ ਗੈਰ-ਕਾਨੂੰਨੀ ਤੌਰ ’ਤੇ ਬਣਾਏ ਜਾ ਰਹੇ ਸਨ ਜਾਂ ਕਿਸੇ ਹੋਰ ਰਾਜ ਤੋਂ ਲਿਆ ਕੇ ਸਟੋਰ ਕੀਤੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਸਪਲਾਈ ਚੇਨ ਦਾ ਪਤਾ ਲਗਾਉਣ ਅਤੇ ਰੈਕੇਟ ਵਿੱਚ ਸ਼ਾਮਲ ਹੋਰ ਲੋਕਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।