ਸ਼ਾਹਕੋਟ ਪੁਲੀਸ ਥਾਣੇ ਦੇ ਕਮਰੇ ’ਚੋਂ ਕਬੱਡੀ ਖਿਡਾਰੀ ਦੀ ਗਲੀ-ਸੜੀ ਲਾਸ਼ ਬਰਾਮਦ
ਅਸ਼ੋਕ ਕੌੜਾ
ਫਗਵਾੜਾ, 8 ਜੁਲਾਈ
ਸ਼ਾਹਕੋਟ ਪੁਲੀਸ ਥਾਣੇ ਦੇ ਇੱਕ ਕਮਰੇ ਵਿੱਚੋਂ ਨੌਜਵਾਨ ਦੀ ਗਲੀ ਸੜੀ ਲਾਸ਼ ਮਿਲਣ ਤੋਂ ਬਾਅਦ ਉੱਥੇ ਹੜਕੰਪ ਮਚ ਗਿਆ। ਥਾਣੇ ਦੇ ਅੰਦਰ ਇੱਕ ਅਣਵਰਤੇ ਪਹਿਲੀ ਮੰਜ਼ਿਲ ਦੇ ਕਮਰੇ ਵਿੱਚੋਂ ਇੱਕ ਨੌਜਵਾਨ ਦੀ ਗਲੀ-ਸੜੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ 26 ਸਾਲਾ ਗੁਰਭੇਜ ਸਿੰਘ ਉਰਫ਼ ਭੇਜਾ ਵਾਸੀ ਬਾਜਵਾ ਕਲਾਂ ਵਜੋਂ ਹੋਈ ਹੈ। ਗੁਰਭੇਜ ਇੱਕ ਸਾਬਕਾ ਕਬੱਡੀ ਖਿਡਾਰੀ ਸੀ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਆਰਜ਼ੀ ਤੌਰ ’ਤੇ ਉਥੇ ਚਾਹ ਆਦਿ ਬਣਾਉਣ ਦਾ ਕੰਮ ਕਰਦਾ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ ਗੁਰਭੇਜ ਰੋਜ਼ਾਨਾ ਵਾਂਗ ਸ਼ੁੱਕਰਵਾਰ ਨੂੰ ਪੁਲੀਸ ਸਟੇਸ਼ਨ ਆਪਣੇ ਕੰਮ ਲਈ ਗਿਆ ਸੀ, ਪਰ ਉਸ ਸ਼ਾਮ ਘਰ ਵਾਪਸ ਨਹੀਂ ਪਰਤਿਆ।ਪਰਿਵਾਰ ਵੱਲੋਂ ਉਸ ਦੀ ਭਾਲ ਕੀਤੇ ਜਾਣ ਦੇ ਬਾਵਜੂਦ ਅਗਲੇ ਤਿੰਨ ਦਿਨਾਂ ਤੱਕ ਕੋਈ ਸੁਰਾਗ ਨਹੀਂ ਮਿਲਿਆ। ਕਥਿਤ ਤੋਰ ’ਤੇ ਮ੍ਰਿਤਕ ਸ਼ਾਹਕੋਟ ਥਾਣੇ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਦੱਸ ਕੇ ਪਿੰਡ ਦੇ ਮੇਲੇ ਵਿੱਚ ਗਿਆ ਸੀ।
ਥਾਣੇ ਵਿੱਚ ਬਦਬੂ ਫੈਲਣ ਤੋਂ ਬਾਅਦ ਜਾਂਚ ਕਰਨ ’ਤੇ ਪੁਲੀਸ ਅਧਿਕਾਰੀਆਂ ਨੇ ਥਾਣੇ ਦੀ ਛੱਤ ’ਤੇ ਇੱਕ ਕਮਰੇ ਵਿੱਚ ਗੁਰਭੇਜ ਦੀ ਬੁਰੀ ਤਰ੍ਹਾਂ ਗਲੀ-ਸੜੀ ਲਾਸ਼ ਬਰਾਮਦ ਕੀਤੀ। ਲਾਸ਼ ਦੀ ਹਾਲਤ ਤੋਂ ਬਾਅਦ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਉਸ ਦੀ ਮੌਤ ਲਗਭਗ ਤਿੰਨ ਦਿਨ ਪਹਿਲਾਂ ਹੋਈ ਸੀ।
ਡੀਐੱਸਪੀ ਸ਼ਾਹਕੋਟ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਅੰਤਿਮ ਸੰਸਕਾਰ ਲਈ ਪਰਿਵਾਰ ਹਵਾਲੇ ਕਰ ਦਿੱਤਾ ਗਿਆ।
ਡੀਆਈਜੀ ਜਲੰਧਰ ਨਵੀਨ ਸਿੰਗਲਾ ਨੇ ਮੌਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਮੁੱਢਲੇ ਜਾਂਚ ਤੋਂ ਅੰਦਾਜ਼ਾ ਲਾਇਆ ਗਿਆ ਹੈ ਕਿ ਗੁਰਭੇਜ ਦੀ ਮੌਤ ਕਿਸੇ ਜ਼ਹਿਰੀਲੇ ਕੀੜੇ ਜਾਂ ਜਾਨਵਰ ਦੇ ਕੱਟਣ ਕਾਰਨ ਹੋਈ ਹੋ ਸਕਦੀ ਹੈ। ਡੀਆਈਜੀ ਨੇ ਕਿਹਾ, ‘‘ਜਿੱਥੇ ਲਾਸ਼ ਮਿਲੀ ਹੈ, ਉਸ ਖੇਤਰ ਵਿੱਚ ਸਟਾਫ ਘੱਟ ਹੀ ਜਾਂਦਾ ਹੈ। ਗੁਰਭੇਜ ਇੱਕ ਮਜ਼ਬੂਤ, ਅਥਲੈਟਿਕ ਨੌਜਵਾਨ ਅਤੇ ਇੱਕ ਵਧੀਆ ਕਬੱਡੀ ਖਿਡਾਰੀ ਸੀ। ਅਸੀਂ ਹਮੇਸ਼ਾ ਉਸ ਦਾ ਸਮਰਥਨ ਕਰਨ ਦੀ ਕੋਸ਼ਿਸ਼ ਕੀਤੀ। ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕਦਾ ਹੈ।’’