ਜਲੰਧਰ: ਨਾਬਾਲਗ ਲੜਕੀ ਗੁਆਂਢੀ ਦੇ ਗੁਸਲਖਾਨੇ ਵਿਚ ਮਰੀ ਮਿਲੀ
ਪੁਲੀਸ ਨੂੰ ਜਬਰ ਜਨਾਹ ਤੇ ਕਤਲ ਦਾ ਸ਼ੱਕ; ਸਥਾਨਕ ਲੋਕਾਂ ਨੇ ਪੁਲੀਸ ’ਤੇ ਅਣਗਹਿਲੀ ਵਰਤਣ ਦਾ ਦੋਸ਼ ਲਾਇਆ; 50 ਸਾਲਾ ਮੁਲਜ਼ਮ ਗ੍ਰਿਫ਼ਤਾਰ
ਇਥੇ ਲੈਦਰ ਕੰਪਲੈਕਸ ਰੋਡ ’ਤੇ ਪਾਰਸ ਅਸਟੇਟ ਵਿਚ ਇਕ 14 ਸਾਲਾ ਲੜਕੀ ਦੀ ਉਸ ਦੇ ਗੁਆਂਢੀ ਦੇ ਗੁਸਲਖਾਨੇ ’ਚੋਂ ਲਾਸ਼ ਮਿਲਣ ਨਾਲ ਸ਼ਨਿੱਚਰਵਾਰ ਅੱਧੀ ਰਾਤ ਨੂੰ ਇਲਾਕੇ ਵਿਚ ਤਣਾਅ ਵਾਲਾ ਮਾਹੌਲ ਬਣ ਗਿਆ। ਪੀੜਤਾ ਦੇ ਪਰਿਵਾਰ ਨੇ ਪੁਲੀਸ ਕੋਲ ਲੜਕੀ ਦੀ ਗੁੰਮਸ਼ੁਦਗੀ ਸਬੰਧੀ ਰਿਪੋਰਟ ਦਰਜ ਕੀਤੀ ਸੀ।
ਇਸ ਮਗਰੋਂ ਇਕ ਸੀਸੀਟੀਵੀ ਫੁਟੇਜ ਸਾਹਮਣੀ ਆਈ, ਜਿਸ ਵਿਚ ਲੜਕੀ ਆਪਣੇ ਗੁਆਂਢੀ ਦੇ ਘਰ ਵਿਚ ਦਾਖ਼ਲ ਹੁੰਦੀ ਨਜ਼ਰ ਆਈ ਸੀ। ਪੁਲੀਸ ਨੇ ਮੌਕੇ ਦਾ ਮੁਆਇਨਾ ਕੀਤਾ ਤੇ ਗੁਆਂਢੀ ਦੇ ਘਰ ਦੀ ਕਾਹਲੀ ਵਿਚ ਤਲਾਸ਼ੀ ਲੈ ਕੇ ਉਥੋਂ ਚਲੀ ਗਈ। ਮਗਰੋਂ ਗੁਆਂਢੀ ਦੇ ਘਰ ਵਿਚਲੇ ਗੁਸਲਖਾਨੇ ’ਚੋਂ ਲੜਕੀ ਦੀ ਲਾਸ਼ ਬਰਾਮਦ ਹੋਈ।
ਲੜਕੀ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਪੁਲੀਸ ਨੇ ਮਾਮਲੇ ਦੀ ਜਾਂਚ ਦੌਰਾਨ ਅਣਗਹਿਲੀ ਵਰਤੀ। ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਸ਼ੀਤਲ ਅੰਗੁਰਾਲ ਨੇ ਦੋਸ਼ ਲਗਾਇਆ ਕਿ ਜੇਕਰ ਪੁਲੀਸ ਸਹੀ ਢੰਗ ਨਾਲ ਕਾਰਵਾਈ ਕਰਦੀ ਤਾਂ ਲੜਕੀ ਨੂੰ ਸੁਰੱਖਿਅਤ ਬਚਾਇਆ ਜਾ ਸਕਦਾ ਸੀ।
ਪੁਲੀਸ ਨੇ ਲੜਕੀ ਦੀ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਵਿੱਢ ਦਿੱਤੀ ਹੈ। ਮੁਲਜ਼ਮ, ਜਿਸ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ ਅਤੇ ਦੋ ਬੱਚਿਆਂ ਦਾ ਪਿਤਾ ਹੈ, ਨੂੰ ਬਸਤੀ ਬਾਵਾ ਖੇਲ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੂੰ ਮੁਲਜ਼ਮ ਦੀ ਗ੍ਰਿਫ਼ਤਾਰੀ ਦੌਰਾਨ ਉਸ ਨੂੰ ਗੁੱਸੇ ਵਿਚ ਆਏ ਸਥਾਨਕ ਲੋਕਾਂ ਤੋਂ ਬਚਾਉਣਾ ਪਿਆ।
ਏਡੀਸੀਪੀ-1 ਆਕਰਸ਼ੀ ਜੈਨ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਐਤਵਾਰ ਸਵੇਰੇ ਪੋਸਟਮਾਰਟਮ ਕੀਤੇ ਜਾਣ ਦੀ ਸੰਭਾਵਨਾ ਹੈ। ਮੁੱਢਲੀ ਜਾਂਚ ਵਿਚ ਮੌਤ ਸੰਭਾਵੀ ਤੌਰ ’ਤੇ ਗਲਾ ਘੁੱਟਣ ਕਰਕੇ ਹੋਈ ਦੱਸੀ ਜਾ ਰਹੀ ਹੈ। ਜਿਨਸੀ ਹਮਲੇ ਦੀ ਪੁਸ਼ਟੀ ਕਰਨ ਲਈ ਲੜਕੀ ਦੀ ਡਾਕਟਰੀ ਜਾਂਚ ਵੀ ਕੀਤੀ ਜਾਵੇਗੀ।

