ਮਨੋਰੰਜਨ ਕਾਲੀਆ ਦੇ ਘਰ ’ਤੇ ਗ੍ਰੇਨੇਡ ਹਮਲਾ: NIA ਵੱਲੋਂ ਚਾਰ ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਇਰ
Punjab News: ਕੌਮੀ ਜਾਂਚ ਏਜੰਸੀ (NIA) ਨੇ ਪੰਜਾਬ ਦੇ ਸਾਬਕਾ ਮੰੰਤਰੀ ਤੇ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਉੱਤੇ ਹੋਏ ਗ੍ਰੇਨੇੇਡ ਹਮਲੇ ਦੇ ਮਾਮਲੇ ਵਿਚ ਚਾਰ ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਹ ਹਮਲਾ ਇਸ ਸਾਲ 7 ਅਪਰੈਲ ਦੀ ਰਾਤ...
Punjab News: ਕੌਮੀ ਜਾਂਚ ਏਜੰਸੀ (NIA) ਨੇ ਪੰਜਾਬ ਦੇ ਸਾਬਕਾ ਮੰੰਤਰੀ ਤੇ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਉੱਤੇ ਹੋਏ ਗ੍ਰੇਨੇੇਡ ਹਮਲੇ ਦੇ ਮਾਮਲੇ ਵਿਚ ਚਾਰ ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਹ ਹਮਲਾ ਇਸ ਸਾਲ 7 ਅਪਰੈਲ ਦੀ ਰਾਤ ਨੂੰ ਜਲੰਧਰ ਵਿਚ ਹੋਇਆ ਸੀ।
ਚਾਰਜਸ਼ੀਟ ਵਿਚ ਦੋ ਗ੍ਰਿਫਤਾਰ ਮੁਲਜ਼ਮਾਂ ਅਮਰੋਹਾ (ਯੂਪੀ) ਦੇ ਸੈਦੁਲ ਅਮੀਨ ਤੇ ਕਰੂਕਸ਼ੇਤਰ (ਹਰਿਆਣਾ) ਦੇ ਅਭਿਜੋਤ ਜਾਂਗੜਾ ਅਤੇ ਦੋ ਭਗੌੜਿਆਂ ਯਮੁਨਾਨਗਰ ਦੇ ਕੁਲਬੀਰ ਸਿੰਘ ਸਿੱਧੂ ਤੇ ਕਰਨਾਲ ਦੇ ਮਨੀਸ਼ ਉਰਫ਼ ਕਾਕਾ ਰਾਣਾ ਦੇ ਨਾਮ ਸ਼ਾਮਲ ਹਨ। ਸਾਰਿਆਂ ਖਿਲਾਫ਼ ਯੂਏਪੀਏ, ਬੀਐੱਨਐੱਸ ਤੇ ਧਮਾਕਾਖੇਜ਼ ਸਮੱਗਰੀ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਜਾਂਚ ਤੋਂ ਪਤਾ ਲੱਗਾ ਕਿ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਮੈਂਬਰ ਕੁਲਬੀਰ ਸਿੰਘ ਨੇ ਆਪਣੇ ਸਾਥੀ ਮਨੀਸ਼ ਉਰਫ਼ ਕਾਕਾ ਰਾਣਾ ਨਾਲ ਮਿਲ ਕੇ ਪੰਜਾਬ ਦੇ ਪ੍ਰਮੁੱਖ ਸਿਆਸਤਦਾਨਾਂ ਨੂੰ ਡਰਾਉਣ ਅਤੇ ਪੈਸੇ ਵਸੂਲਣ ਲਈ ਇੱਕ ਅਤਿਵਾਦੀ ਮਾਡਿਊਲ ਬਣਾਇਆ ਸੀ। ਗਰੋਹ ਨੇ ਸੈਦੁਲ ਅਮੀਨ ਨੂੰ ਗ੍ਰੇਨੇਡ ਸੁੱਟਣ ਦਾ ਕੰਮ ਸੌਂਪਿਆ ਸੀ, ਜਦੋਂ ਕਿ ਅਭਿਜੀਤ ਜਾਂਗੜਾ ਨੇ ਹਮਲੇ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ।
ਹਮਲੇ ਤੋਂ ਬਾਅਦ ਕੁਲਬੀਰ ਸਿੰਘ ਨੇ ਸਾਜ਼ਿਸ਼ ਦੀ ਜ਼ਿੰਮੇਵਾਰੀ ਲੈਂਦੇ ਹੋਏ ਇੱਕ ਪੋਸਟਰ ਜਾਰੀ ਕੀਤਾ। ਉਸ ਖਿਲਾਫ ਇੱਕ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ, ਅਤੇ ਉਸ ਦੀ ਗ੍ਰਿਫਤਾਰੀ ਲਈ 10 ਲੱਖ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ।
ਇਥੇ ਕਾਬਿਲੇਗੌਰ ਹੈ ਕਿ ਕੁਲਬੀਰ ਸਿੰਘ ਨੂੰ ਪਹਿਲਾਂ ਵੀਐਚਪੀ ਨੇਤਾ ਵਿਕਾਸ ਪ੍ਰਭਾਕਰ ਦੇ ਕਤਲ ਕੇਸ (ਆਰਸੀ-06/2024/ਐਨਆਈਏ/ਡੀਐਲਆਈ) ਵਿੱਚ ਚਾਰਜਸ਼ੀਟ ਕੀਤਾ ਜਾ ਚੁੱਕਾ ਹੈ। ਐਨਆਈਏ ਨੇ ਕਿਹਾ ਹੈ ਕਿ ਉਹ ਫਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਬੀਕੇਆਈ ਨੈੱਟਵਰਕ ਦੇ ਹੋਰ ਮੈਂਬਰਾਂ ਦੀ ਪਛਾਣ ਕਰਨ ਲਈ ਆਪਣੀ ਜਾਂਚ ਤੇਜ਼ ਕਰ ਰਹੀ ਹੈ।