ਸੁੱਚਾ ਸਿੰਘ ਪਸਨਾਵਾਲ
ਕਾਦੀਆਂ, 25 ਫਰਵਰੀ
ਪਿੰਡ ਭਾਗੀਆਂ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਇਸ ਸਬੰਧੀ ਥਾਣਾ ਸੇਖਵਾਂ ਨੇ ਮਹਿਕਦੀਪ ਸਿੰਘ ਵਾਸੀ ਪਿੰਡ ਲੋਹਚੱਪ ਤੇ ਅਣਪਛਾਤੇ ਵਿਰੁੱਧ ਕੇਸ ਦਰਜ ਕਰ ਕੇ ਮੁੱਖ ਮੁਲਜ਼ਮ ਮਹਿਕਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੁਰਮੀਤ ਸਿੰਘ ਦੇ ਪਿਤਾ ਲਖਵੀਰ ਸਿੰਘ ਨੇ ਪੁਲੀਸ ਨੂੰ ਦੱਸਿਆ ਉਸ ਦਾ ਪੁੱਤਰ ਕੱਲ੍ਹ ਸ਼ਾਮ ਨੂੰ ਆਪਣੇ ਘਰੋਂ ਕਾਰ ਵਿੱਚ ਪਿੰਡ ਲੋਹਚੱਪ ਗਿਆ ਸੀ। ਗੁਰਮੀਤ ਸਿੰਘ ਜਦੋਂ ਕਾਫ਼ੀ ਦੇਰ ਵਾਪਸ ਨਾ ਆਇਆ ਤਾਂ ਉਹ ਖ਼ੁਦ ਆਪਣੇ ਪੁੱਤਰ ਨੂੰ ਲੈਣ ਗਏ। ਉਹ ਸਵਾ ਨੌਂ ਵਜੇ ਦੇ ਕਰੀਬ ਜਦੋਂ ਪਿੰਡ ਲੋਹਚੱਪ ਵੱਲ ਜਾ ਰਹੇ ਸਨ ਤਾਂ ਟੀ-ਪੁਆਇੰਟ ’ਤੇ ਮਹਿਕਦੀਪ ਸਿੰਘ ਆਪਣੇ ਸਾਥੀ ਸਣੇ ਗੁਰਮੀਤ ਸਿੰਘ ਨੂੰ ਰੋਕ ਕੇ ਉਸ ਨਾਲ ਝਗੜਾ ਕਰ ਰਿਹਾ ਸੀ। ਇਸ ਦੌਰਾਨ ਮਹਿਕਦੀਪ ਨੇ ਆਪਣੇ ਪਿਸਤੌਲ ਨਾਲ ਗੁਰਮੀਤ ’ਤੇ 4-5 ਗੋਲੀਆਂ ਚਲਾਈਆਂ।
ਢਿੱਡ ਅਤੇ ਸੱਜੀ ਲੱਤ ਵਿੱਚ ਗੋਲੀਆਂ ਵੱਜਣ ਕਾਰਨ ਗੁਰਮੀਤ ਸਿੰਘ ਸੜਕ ’ਤੇ ਡਿੱਗ ਪਿਆ। ਰੌਲਾ ਪਾਉਣ ’ਤੇ ਮਹਿਕਦੀਪ ਤੇ ਉਸ ਦਾ ਸਾਥੀ ਫ਼ਰਾਰ ਹੋ ਗਏ। ਗੁਰਮੀਤ ਸਿੰਘ ਨੂੰ ਇਲਾਜ ਲਈ ਬਟਾਲਾ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ।
ਲਖਵੀਰ ਸਿੰਘ ਨੇ ਦੱਸਿਆ ਲੋਹਚੱਪ ਦੀ ਪੰਚਾਇਤੀ ਜ਼ਮੀਨ ਕਾਰਨ ਮਹਿਕਦੀਪ ਸਿੰਘ ਨਾਲ ਉਨ੍ਹਾਂ ਦਾ ਮਾਮੂਲੀ ਤਕਰਾਰ ਹੋਇਆ ਸੀ। ਇਸ ਸਬੰਧੀ ਮੋਹਤਬਰਾਂ ਨੇ ਰਾਜ਼ੀਨਾਮਾ ਕਰਵਾ ਦਿੱਤਾ ਸੀ। ਇਸੇ ਕਾਰਨ ਉਸ ਨੇ ਗੁਰਮੀਤ ਸਿੰਘ ਨੂੰ ਗੋਲੀਆਂ ਮਾਰੀਆਂ ਹਨ। ਥਾਣਾ ਸੇਖਵਾਂ ਮੁਖੀ ਰਜਵੰਤ ਕੌਰ ਨੇ ਦੱਸਿਆ ਲਖਵੀਰ ਸਿੰਘ ਦੇ ਬਿਆਨ ਅਨੁਸਾਰ ਮਹਿਕਦੀਪ ਸਿੰਘ ਤੇ ਇਕ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਕੇ ਮਹਿਕਦੀਪ ਸਿੰਘ ਨੂੰ ਗ੍ਰਿਫ਼ਤਾਰ ਲਿਆ ਹੈ।