ਈਡੀ ਵੱਲੋਂ ਫਗਵਾੜਾ ਖੰਡ ਮਿੱਲ ਸਣੇ ਅਕਾਲੀ ਆਗੂ ਦੇ ਟਿਕਾਣਿਆਂ ’ਤੇ ਛਾਪੇ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸਵੇਰੇ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਿਦ ਦੇ ਫਗਵਾੜਾ ਸਥਿਤ ਟਿਕਾਣਿਆਂ ’ਤੇ ਛਾਪਾ ਮਾਰਿਆ। ਸੰਘੀ ਏਜੰਸੀ ਦੇ ਅਧਿਕਾਰੀਆਂ ਨੇ ਫਗਵਾੜਾ ਖੰਡ ਮਿੱਲ, ਵਾਹਿਦ ਦੀ ਰਿਹਾਇਸ਼ ਅਤੇ ਫਗਵਾੜਾ ਵਿੱਚ ਉਸ ਦੇ ਪਰਿਵਾਰ ਦੀ ਮਲਕੀਅਤ ਵਾਲੇ ਇੱਕ ਜਿਮ ’ਤੇ ਦਸਤਕ ਦਿੱਤੀ। ਵਾਹਿਦ ਪਹਿਲਾਂ ਆਪਣੇ ਐੱਨਆਰਆਈ ਸਾਥੀ ਸੁਖਬੀਰ ਐੱਸ ਸੰਦਲ ਨਾਲ ਖੰਡ ਮਿੱਲ ਦਾ ਸਹਿ-ਮਾਲਕ ਸੀ ਪਰ ਹੁਣ ਇਸ ਨੂੰ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਰਾਣਾ ਸ਼ੂਗਰ ਮਿੱਲ ਵੱਲੋਂ ਚਲਾਇਆ ਜਾ ਰਿਹਾ ਹੈ।
ਕੇਂਦਰੀ ਏਜੰਸੀ ਵਾਹਿਦ ਵਿਰੁੱਧ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਵੱਲੋਂ ਦੋ ਸਾਲ ਪਹਿਲਾਂ ਖੰਡ ਮਿੱਲ ਦੀ ਸਰਕਾਰੀ ਜ਼ਮੀਨ ਵੇਚਣ ਦੇ ਦੋਸ਼ ਹੇਠ ਦਰਜ ਕੀਤੇ ਗਏ ਇੱਕ ਕੇਸ ਦੇ ਆਧਾਰ ’ਤੇ ਕਰ ਰਹੀ ਹੈ। ਵਾਹਿਦ, ਉਸ ਦੀ ਪਤਨੀ ਰੁਪਿੰਦਰ ਕੌਰ ਅਤੇ ਪੁੱਤਰ ਸੰਦੀਪ ਸਿੰਘ ਨੂੰ ਵੀ ਉਸ ਸਮੇਂ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ। ਸਤੰਬਰ 2023 ਵਿੱਚ ਉਨ੍ਹਾਂ ਵਿਰੁੱਧ ਆਈਪੀਸੀ ਦੀਆਂ ਧਾਰਾਵਾਂ 420, 467, 468, 471, 166 ਅਤੇ 176 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ।
ਵਾਹਿਦ ਦਾ ਅਤੀਤ ਵਿਵਾਦਿਤ ਰਿਹਾ ਹੈ। ਉਹ 2003 ਵਿੱਚ ਹਵਾਲਾ ਰੂਟ ਰਾਹੀਂ ਕਥਿਤ ਮਨੀ ਲਾਂਡਰਿੰਗ ਨਾਲ ਸਬੰਧਤ ਇੱਕ ਮਾਮਲੇ ਵਿੱਚ ਪਹਿਲਾਂ ਹੀ ਈਡੀ ਦੀ ਜਾਂਚ ਦੇ ਘੇਰੇ ਵਿੱਚ ਸੀ। ਇਹ ਮਾਮਲਾ ਉਸ ਸਮੇਂ ਵਾਹਿਦ ਦੇ ਐਨਆਰਆਈ ਸਾਥੀ ਸੰਦਲ ਵੱਲੋਂ ਖੰਡ ਮਿੱਲ ਵਿੱਚ ਕੀਤੇ ਗਏ ਨਿਵੇਸ਼ ਨਾਲ ਸਬੰਧਤ ਸੀ। ਉਨ੍ਹਾਂ ਦੇ ਸਾਰੇ ਵਿੱਤੀ ਲੈਣ-ਦੇਣ ਦੀ ਜਾਂਚ ਕੀਤੀ ਗਈ ਸੀ ਅਤੇ ਈਡੀ ਨੇ ਉਸ ਨੂੰ 2015 ਵਿੱਚ ਵੀ ਇਸੇ ਮਾਮਲੇ ਵਿੱਚ ਤਲਬ ਕੀਤਾ ਸੀ। ਉਸ ਸਮੇਂ ਉਹ ਮਾਰਕਫੈੱਡ ਦੇ ਚੇਅਰਪਰਸਨ ਵੀ ਸਨ।
2002 ਵਿੱਚ ਵਾਹਿਦ ਨੂੰ ਸਟਾਫ ਸਿਲੈਕਸ਼ਨ ਬੋਰਡ (ਐੱਸਐੱਸਬੀ), ਪੰਜਾਬ ਦੇ ਮੈਂਬਰ ਵਜੋਂ ਹੋਰ ਬੋਰਡ ਮੈਂਬਰਾਂ ਦੇ ਨਾਲ, ਵਿਜੀਲੈਂਸ ਬਿਊਰੋ ਵੱਲੋਂ 1998-2002 ਵਿੱਚ ਸੂਬੇ ਵਿੱਚ ਅਕਾਲੀ ਦਲ ਦੇ ਸ਼ਾਸਨ ਦੌਰਾਨ ਕੁਝ ਨਿਯੁਕਤੀਆਂ ਵਿੱਚ ਬੇਨਿਯਮੀਆਂ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਕਥਿਤ ਤੌਰ ’ਤੇ ਉਹ 2010 ਵਿੱਚ ਮੁਹਾਲੀ ਅਦਾਲਤ ਦੁਆਰਾ ਕਲੀਨ ਚਿੱਟ ਪ੍ਰਾਪਤ ਕਰਨ ਵਿੱਚ ਸਫ਼ਲ ਰਿਹਾ।
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਫਗਵਾੜਾ ਸ਼ੂਗਰ ਮਿੱਲ ’ਤੇ ਛਾਪਾ ਮਾਰਿਆ ਗਿਆ ਹੈ। ਈਡੀ ਨੇ ਸਵੇਰੇ ਤੜਕਸਾਰ ਹੀ ਸ਼ੂਗਰ ਮਿੱਲ ’ਤੇ ਦਸਤਕ ਦਿੱਤੀ ਹੈ। ਮੌਕੇ ’ਤੇ ਮਿੱਲ ਵਿਚ ਮੌਜੂਦ ਵਰਕਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਈਡੀ ਵਲੋਂ ਛਾਪਾ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।