DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਤਲੁਜ ’ਚ ਵਧੇ ਪਾਣੀ ਕਾਰਨ ਲੋਕਾਂ ਨੇ ਮੁੜ ਘਰ ਛੱਡੇ

ਜ਼ਰੂਰੀ ਸਾਮਾਨ ਤੇ ਪਸ਼ੂਆਂ ਸਣੇ ਧੁੱਸੀ ਬੰਨ੍ਹ ’ਤੇ ਪੁੱਜੇ ਲੋਕ; ਪੀੜਤਾਂ ਨੇ ਪ੍ਰਸ਼ਾਸਨ ਦੀ ਕਾਰਵਾਈ ’ਤੇ ਚੁੱਕੇ ਸਵਾਲ

  • fb
  • twitter
  • whatsapp
  • whatsapp
Advertisement

ਪਾਲ ਸਿੰਘ ਨੌਲੀ

ਜਲੰਧਰ, 23 ਜੁਲਾਈ

Advertisement

ਗੱਟਾ ਮੁੰਡੀ ਕਾਸੂ ਪਿੰਡ ਕੋਲੋਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਪਏ ਪਾੜ ਨੂੰ ਜਿੱਥੇ ਤੇਜ਼ੀ ਨਾਲ ਪੂਰਿਆ ਜਾ ਰਿਹਾ ਹੈ, ਉਥੇ ਪਾਣੀ ਵਧਣ ਕਾਰਨ ਦਰਿਆ ਨਾਲ ਲੱਗਦੇ ਪਿੰਡਾਂ ਦੇ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਲੱਗ ਪਏ ਹਨ।

Advertisement

ਪਿੰਡ ਗੱਟਾ ਮੁੰਡੀ ਦੀ ਬਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਧੱਕਾ ਬਸਤੀ ’ਚ ਫਸਿਆ ਹੋਇਆ ਹੈ। ਉਹ ਬੱਚਿਆਂ ਸਣੇ ਘਰ ਦੀ ਛੱਤ ’ਤੇ ਬੈਠੇ ਸਨ ਜਿੱਥੇ ਪਾਣੀ ਛੱਤਾਂ ਨੂੰ ਲੱਗ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਬਲਜੀਤ ਕੌਰ ਨੇ ਕਿਹਾ ਕਿ ਉਹ ਹੜ੍ਹ ਵਾਲੀ ਰਾਤ ਜਿਹੜਾ ਘਰ ਹੜ੍ਹ ਵਿੱਚ ਰੁੜ੍ਹ ਜਾਂਦਾ ਲੋਕ ਅਗਲੇ ਘਰ ਦੀ ਛੱਤ ’ਤੇ ਚਲੇ ਜਾਂਦੇ ਸਨ। ਉਸ ਨੇ ਦੱਸਿਆ ਕਿ ਉਸ ਦੇ ਸਹੁਰਿਆਂ ਦਾ ਘਰ ਜਦੋਂ ਪਾਣੀ ਵਿੱਚ ਰੁੜ੍ਹਿਆ ਤਾਂ ਉਨ੍ਹਾਂ ਦੀਆਂ ਧਾਹਾਂ ਨਿੱਕਲ ਗਈਆਂ ਸਨ। ਉਹ ਜਦੋਂ ਬਚ ਬਚਾਅ ਕੇ ਆਪਣੇ ਮਾਪਿਆਂ ਦੇ ਘਰ ਆਈ ਤਾਂ ਉਨ੍ਹਾਂ ਦੇ ਘਰ ਵਿੱਚ 6 ਤੋਂ 7 ਫੁੱਟ ਤੱਕ ਪਾਣੀ ਚੜ੍ਹਿਆ ਹੋਇਆ ਸੀ। ਕੱਲ੍ਹ ਤੋਂ ਪਾਣੀ ਫਿਰ ਚੜ੍ਹ ਰਿਹਾ ਹੈ। ਪੀੜਤ ਪਰਿਵਾਰ ਪਸ਼ੂਆਂ ਸਣੇ ਐਤਵਾਰ ਸਵੇਰੇ ਧੁੱਸੀ ਬੰਨ੍ਹ ’ਤੇ ਬੈਠ ਗਏ ਸਨ।

ਇਸੇ ਪਿੰਡ ਦੀ ਰਾਜ ਕੌਰ ਨੇ ਵੀ ਦੱਸਿਆ ਕਿ ਉਹ ਆਪਣੇ ਪਰਿਵਾਰ ਅਤੇ ਪੰਜ ਪਸ਼ੂਆਂ ਨਾਲ ਘਰ ਛੱਡ ਕੇ ਮੀਂਹ ਦੇ ਮੌਸਮ ਵਿੱਚ ਵੀ ਧੁੱਸੀ ਬੰਨ੍ਹ ’ਤੇ ਬੈਠੀ ਹੈ। ਲੋਕਾਂ ਨੇ ਖੁੱਲ੍ਹੇ ਅਸਮਾਨ ਹੇਠ ਅਸਥਾਈ ਸ਼ੈਲਟਰਾਂ ਵਿੱਚ ਬੱਚਿਆਂ ਲਈ ਗੈਸ ਸਟੋਵ, ਸਿਲੰਡਰ, ਭਾਂਡੇ, ਕੱਪੜੇ ਅਤੇ ਖਿਡੌਣੇ ਆਦਿ ਰੱਖੇ ਹੋਏ ਸਨ।

ਮੰਡੀ ਚੋਲੀਆਂ, ਚੱਕ ਬੰਡਾਲਾ ਅਤੇ ਹੋਰ ਪਿੰਡਾਂ ਵਿੱਚ ਬੀਤੀ ਰਾਤ ਤੋਂ ਪਾਣੀ ਦਾ ਪੱਧਰ ਮੁੜ ਵਧਣ ਕਾਰਨ ਲੋਕ ਇੱਕ ਵਾਰ ਫਿਰ ਆਪਣੇ ਪਸ਼ੂ ਅਤੇ ਜ਼ਰੂਰੀ ਸਾਮਾਨ ਲੈ ਕੇ ਘਰ ਛੱਡਣ ਲਈ ਮਜਬੂਰ ਹੋ ਗਏ ਹਨ। ਇਨ੍ਹਾਂ ਵਿੱਚੋਂ ਬਹੁਤੇ ਧੁੱਸੀ ਬੰਨ੍ਹ ’ਤੇ ਬੈਠ ਗਏ ਹਨ। ਇਹ ਕੱਚਾ ਬੰਨ੍ਹ ਦਰਿਆ ਦੇ ਕੰਢੇ ਤੋਂ ਲਗਭਗ 10 ਤੋਂ 15 ਫੁੱਟ ਉੱਚਾ ਬਣਿਆ ਹੋਇਆ ਹੈ। ਹੜ੍ਹ ਦਾ ਪਾਣੀ ਘਟਣ ’ਤੇ ਉਹ ਲੰਘੀ ਰਾਤ ਹੀ ਆਪਣੇ ਪਿੰਡਾਂ ਨੂੰ ਪਰਤੇ ਸਨ। ਪੀੜਤ ਲੋਕਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਹੜ੍ਹਾਂ ਦੀ ਮਾਰ ਹੇਠ ਆਉਂਦੇ ਕਰੀਬ ਤਿੰਨ ਦਰਜਨ ਪਿੰਡਾਂ ਦਾ ਸਥਾਈ ਹੱਲ ਕੱਢਣ।

ਚਿੱਟੀ ਵੇਈਂ ਵਿਚਲੀ ਬੂਟੀ ਨੇ ਲੋਕਾਂ ਦੀਆਂ ਸਮੱਸਿਆਵਾਂ ਵਧਾਈਆਂ

ਮਲਸੀਆਂ ਨਜ਼ਦੀਕ ਪਾਣੀ ਵਿੱਚ ਡੁੱਬੀਆਂ ਹੋਈਆਂ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ।

ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਇੱਥੋਂ ਲੰਘਦੇ ਸਤਲੁਜ ਦਰਿਆ ਵਿੱਚ ਲਗਾਤਾਰ ਪਾਣੀ ਵਧ ਰਿਹਾ ਹੈ ਜਿਸ ਕਾਰਨ ਦਰਿਆ ਕਿਨਾਰੇ ਰਹਿੰਦੇ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਖ਼ਤਰੇ ਨੂੰ ਦੇਖਦਿਆਂ ਦਰਿਆ ਦੇ ਨਜ਼ਦੀਕ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਹਿ ਦਿੱਤਾ ਹੈ। ਲੋਕ ਸੰਭਾਵੀ ਖ਼ਤਰੇ ਨੂੰ ਦੇਖਦਿਆਂ ਘਰਾਂ ਵਿੱਚੋਂ ਸਾਮਾਨ ਚੁੱਕ ਕੇ ਉੱਚੀਆਂ ਥਾਵਾਂ ’ਤੇ ਬੈਠ ਗਏ ਹਨ। ਇਸੇ ਦੌਰਾਨ ਸ਼ਾਮ ਨੂੰ ਪਾਣੀ ਦਾ ਪੱਧਰ ਕੁਝ ਘਟ ਗਿਆ ਸੀ। ਲੋਹੀਆਂ ਖਾਸ ਵਿੱਚੋਂ ਦੀ ਲੰਘਦੀ ਚਿੱਟੀ ਵੇਈਂ ਉੱਪਰ ਪਿੰਡ ਨੱਲ੍ਹ ਦੇ ਨਜ਼ਦੀਕ ਉਸਾਰੇ ਪੁਲ ਕੋਲ ਬੂਟੀ ਭਰ ਗਈ ਹੈ। ਇਸ ਕਾਰਨ ਲੱਗੀ ਡਾਫ ਨਾਲ ਵੇਈਂ ਦਾ ਪਾਣੀ ਨੱਲ੍ਹ ਤੋਂ ਮੁੰਡੀ ਚੋਹਲੀਆਂ ਨੂੰ ਜਾਂਦੀ ਸੰਪਰਕ ਸੜਕ ਉੱਪਰੋਂ ਵਗਣਾ ਸ਼ੁਰੂ ਹੋ ਗਿਆ ਹੈ। ਵਧ ਰਹੇ ਖ਼ਤਰੇ ਨੂੰ ਦੇਖਦਿਆਂ ਲੋਕਾਂ ਨੇ ਖ਼ੁਦ ਹੀ ਪੁਲ ਕੋਲੋਂ ਬੂਟੀ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਕਿਹਾ ਕਿ ਜੇ ਇਹ ਸੰਪਰਕ ਸੜਕ ਟੁੱਟ ਗਈ ਤਾਂ ਲੋਹੀਆਂ ਖਾਸ ਇਲਾਕੇ ਵਿਚ ਹੜ੍ਹ ਪੀੜਤਾਂ ਲਈ ਚੱਲ ਰਹੇ ਰਾਹਤ ਕਾਰਜਾਂ ਅਤੇ ਧੱਕਾ ਬਸਤੀ ਕੋਲ ਟੁੱਟੇ ਹੋਏ ਬੰਨ੍ਹ ਨੂੰ ਪੂਰਨ ਲਈ ਕੀਤੇ ਜਾ ਰਹੇ ਕੰਮ ਵਿੱਚ ਰੁਕਾਵਟ ਆ ਜਾਵੇਗੀ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵੇਈਂ ਦੀ ਪਹਿਲ ਦੇ ਆਧਾਰ ’ਤੇ ਸਫਾਈ ਕਰਵਾਈ ਜਾਵੇ। ਇੱਥੇ ਸ਼ਨਿਚਰਵਾਰ ਨੂੰ ਪੰਜ ਘੰਟੇ ਪਏ ਮੀਂਹ ਕਾਰਨ ਪਾਵਰਕੌਮ ਮਲਸੀਆਂ ਦੇ ਗਰਿੱਡ ਨਜ਼ਦੀਕ ਰਹਿੰਦੇ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਪਾਣੀ ਵਿੱਚ ਡੁੱਬ ਗਈਆਂ। ਸਾਰੀ ਰਾਤ ਸੜਕ ਕਿਨਾਰੇ ਕੱਟਣ ਤੋਂ ਬਾਅਦ ਅੱਜ ਦੂਜੇ ਦਿਨ ਵੀ ਪਰਵਾਸੀ ਮਜ਼ਦੂਰ ਸੜਕ ਕਿਨਾਰੇ ਦਿਨ ਕੱਟਣ ਲਈ ਮਜਬੂਰ ਰਹੇ। ਇਸ ਕਾਰਨ ਉਨ੍ਹਾਂ ਦਾ ਸਾਮਾਨ ਵੀ ਖ਼ਰਾਬ ਹੋ ਗਿਆ ਅਤੇ ਉਹ ਦੋ ਡੰਗ ਦੀ ਰੋਟੀ ਨੂੰ ਵੀ ਤਰਸ ਰਹੇ ਹਨ। ਪਿੰਡ ਮਲਸੀਆਂ ਦੀ ਪੱਤੀ ਅਕਲਪੁਰ, ਹਵੇਲੀ ਅਤੇ ਸਾਹਲਾ ਨਗਰ ਦੇ ਕਈ ਨੀਵੇਂ ਘਰਾਂ ਵਿੱਚ ਪਾਣੀ ਵੜਨ ਕਾਰਨ ਲੋਕਾਂ ਦਾ ਸਾਮਾਨ ਖ਼ਰਾਬ ਹੋ ਗਿਆ। ਗ਼ਰੀਬ ਮਜ਼ਦੂਰਾਂ ਦੇ ਮਕਾਨ ਅੱਜ ਵੀ ਚੋਂਦੇ ਰਹੇ। ਪਿੰਡ ਕੋਟਲੀ ਗਾਜਰਾਂ ਵਿੱਚ ਮੀਂਹ ਦੇ ਪਾਣੀ ਨਾਲ ਦਲਿਤਾਂ ਦੇ ਘਰਾਂ ਦੀਆਂ ਕੰਧਾਂ ਡਿੱਗ ਪਈਆਂ। ਪੈਟਰੋਲ ਪੰਪ ਕੋਲ ਮੀਂਹ ਦੇ ਪਾਣੀ ਨੇ ਨਹਿਰ ਦਾ ਰੂਪ ਧਾਰਨ ਕੀਤਾ ਹੋਇਆ ਹੈ, ਇੱਥੋਂ ਲੰਘਣ ਵਾਲੇ ਵਾਹਨਾਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸ਼ਾਹਮਣਾ ਕਰਨਾ ਪੈ ਰਿਹਾ ਹੈ। ਪਾਵਰਕੌਮ ਮਲਸੀਆਂ ਦਾ ਗਰਿੱਡ, ਏਪੀਐਸ ਨਰਸਿੰਗ ਕਾਲਜ ਮਲਸੀਆਂ, ਬਲਕਾਰ ਪੈਲੇਸ ਦੇ ਆਸ-ਪਾਸ ਦੇ ਘਰਾਂ ਵਿਚ ਵੀ ਇਸ ਸਮੇਂ ਕਈ-ਕਈ ਫੁੱਟ ਪਾਣੀ ਭਰਿਆ ਪਿਆ ਹੈ। ਗਰਿੱਡ ਵਿੱਚ ਪਾਣੀ ਹੋਣ ਕਾਰਨ ਇੱਥੋਂ ਪਿੰਡਾਂ ਨੂੰ ਜਾਣ ਵਾਲੀ ਬਿਜਲੀ ਦੀ ਸਪਲਾਈ ਸ਼ਨਿਚਰਵਾਰ ਤੋਂ ਲੈ ਕੇ ਅੱਜ ਬੰਦ ਰਹੀ। ਪਿੰਡ ਮੀਏਂਵਾਲ ਮੌਲਵੀਆਂ ਕੋਲ ਮੀਂਹ ਦੇ ਪਾਣੀ ਨੇ ਝੀਲ ਦਾ ਰੂਪ ਧਾਰਨ ਕੀਤਾ ਹੋਇਆ ਹੈ। ਇਸ ਸੜਕ ਤੋਂ ਆਵਾਜਾਈ ਬੰਦ ਹੋਣ ਕਾਰਨ ਅੱਗੇ ਅਨੇਕਾਂ ਪਿੰਡਾਂ ਦਾ ਆਪਸੀ ਸੰਪਰਕ ਟੁੱਟਾ ਹੋਇਆ ਹੈ। ਕੋਟਲੀ ਗਾਜਰਾਂ ਤੋਂ ਡੱਬਰੀ ਵਿਚ ਦੀ ਈਸੇਵਾਲ ਨੂੰ ਜਾਂਦੀ ਸੰਪਰਕ ਪਾਣੀ ਨਾਲ ਭਰੀ ਪਈ ਹੈ। ਇਲਾਕੇ ਦੀਆਂ ਕਈ ਸੰਪਰਕ ਸੜਕਾਂ ਨੂੰ ਪਾਣੀ ਨੇ ਤੋੜ ਦਿੱਤਾ ਹੈ।

Advertisement
×