Deportation From USA: ਵਿਧਾਇਕ ਵੱਲੋਂ ਅਮਰੀਕਾ ਤੋਂ ਵਾਪਸ ਭੇਜੇ ਨੌਜਵਾਨ ਨਾਲ ਮੁਲਾਕਾਤ
ਕੇਂਦਰ ਸਰਕਾਰ ’ਤੇ ਪੰਜਾਬ ਨੂੰ ਬਦਨਾਮ ਕਰਨ ਦੇ ਦੋਸ਼ ਲਾਏ
ਭਗਵਾਨ ਦਾਸ ਸੰਦਲ
ਦਸੂਹਾ, 16 ਫਰਵਰੀ
ਅਮਰੀਕਾ ਤੋਂ ਬੀਤੀ ਰਾਤ ਵਾਪਸ ਭੇਜੇ ਗਏ ਪੰਜਾਬੀ ਨੌਜਵਾਨ ਤੇ ਪਿੰਡ ਬੋਦਲ ਛਾਉਣੀ ਦੇ ਵਸਨੀਕ ਮਨਤਾਜ ਸਿੰਘ ਨਾਲ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਨ੍ਹਾਂ ਲੋਕਾਂ ਨੂੰ ਅਪਰਾਧੀ ਸਮਝ ਰਹੀ ਹੈ ਪਰ ਇਹ ਲੋਕ ਪੀੜਤ ਹਨ ਜਿਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ। ਇਸ ਦੇ ਨਾਲ਼ ਹੀ ਕੇਂਦਰ ਨੇ ਅਮਰੀਕੀ ਜਹਾਜ਼ ਨੂੰ ਜਾਣ-ਬੁੱਝ ਕੇ ਸਰਹੱਦੀ ਸੂਬੇ ਪੰਜਾਬ ਵਿਚ ਉਤਾਰ ਕੇ ਪੰਜਾਬ ਨੂੰ ਬਦਨਾਮ ਕਰਨ ਅਤੇ ਇਸ ਦੀ ਸੁਰੱਖਿਆ ਨੂੰ ਦਾਅ ’ਤੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਸਾਜ਼ਿਸ਼ ਤਹਿਤ ਕੀਤਾ ਗਿਆ ਹੈ।
ਹਲਕਾ ਦਸੂਹਾ ਦੇ ਪਿੰਡ ਬੋਦਲ ਛਾਉਣੀ ਦਾ ਨੌਜਵਾਨ ਮਨਤਾਜ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ ਜਿਸ ਨੂੰ ਬੀਤੇ ਕੱਲ੍ਹ ਅਮਰੀਕਾ ਸਰਕਾਰ ਵਲੋਂ ਡਿਪੋਰਟ ਕਰ ਦਿੱਤਾ ਗਿਆ ਸੀ। ਅੱਜ ਸਵੇਰ ਦਸੂਹਾ ਪਹੁੰਚਣ ’ਤੇ ਵਿਧਾਇਕ ਘੁੰਮਣ ਨੇ ਉਸ ਨਾਲ ਮੁਲਾਕਾਤ ਕੀਤੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿਚ ਨੌਜਵਾਨ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ। ਉਨ੍ਹਾਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਹਰ ਸਮੇਂ ਇਸ ਪਰਿਵਾਰ ਦੇ ਡਟ ਕੇ ਖੜ੍ਹੀ ਹੈ। ਇਸ ਮੌਕੇ ਅਮਰਪ੍ਰੀਤ ਸੋਨੂ ਖਾਲਸਾ, ਦਲਵਿੰਦਰ ਸਿੰਘ ਬੋਦਲ, ਗੁਰਿੰਦਰ ਸਿੰਘ ਸਫਰੀ, ਜਸਵੀਰ ਸਿੰਘ ਬੋਦਲ, ਸ਼ੀਰਾ ਬੋਦਲ, ਸਤਨਾਮ ਸਿੰਘ ਮਸਿਆਣਾ, ਸੰਦੀਪ ਸਿੰਘ ਸਰਾਂ, ਏਐਸਆਈ ਸਿਕੰਦਰ ਸਿੰਘ, ਏਐਸਆਈ ਗੁਰਬਚਨ ਸਿੰਘ ਹਾਜ਼ਰ ਸੀ।
ਅਮਰੀਕਾ ਤੋਂ ਵਾਪਸ ਭੇਜੇ ਨੌਜਵਾਨ ਨਾਲ ਮੁਲਾਕਾਤ ਕਰਦੇ ਹੋਏ ਵਿਧਾਇਕ ਘੁੰਮਣ।