ਦਸੂਹਾ: ਬੇਟ ਇਲਾਕੇ ਦੇ ਪਿੰਡ ਘਈਆ ’ਚ ਪੁਲੀਸ ਤੇ ਪਿੰਡ ਵਾਸੀਆਂ ਦਰਮਿਆਨ ਝੜਪ
ਇਥੇ ਬੇਟ ਇਲਾਕੇ ਦੇ ਪਿੰਡ ਘਈਆ (ਬੁਧੋਬਰਕਤ) ਵਿੱਚ ਪੁਲੀਸ ਅਤੇ ਪਿੰਡ ਵਾਸੀਆਂ ਦਰਮਿਆਨ ਹੋਈ ਖੂਨੀ ਝੜਪ ਵਿੱਚ ਦੋ ਸਾਬਕਾ ਕਾਂਗਰਸੀ ਸਰਪੰਚਾਂ ਸਮੇਤ ਪੰਜ ਜਣੇ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿੱਚ ਦੋ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਇਹ ਘਟਨਾ ਲੰਘੀ ਰਾਤ ਨਸ਼ਿਆਂ ਸਬੰਧੀ 112 ’ਤੇ ਮਿਲੀ ਸ਼ਿਕਾਇਤ ਦੀ ਜਾਂਚ ਦੌਰਾਨ ਵਾਪਰੀ।
ਜਾਣਕਾਰੀ ਮੁਤਾਬਕ ਥਾਣਾ ਦਸੂਹਾ ਦੀ ਪੁਲੀਸ ਨੂੰ 112 ਨੰਬਰ ਰਾਹੀਂ ਪਿੰਡ ਘਈਆ ’ਚ ਨਸ਼ਿਆਂ ਦੀ ਵਿਕਰੀ ਬਾਰੇ ਸ਼ਿਕਾਇਤ ਮਿਲੀ ਸੀ। ਜਾਂਚ ਦੌਰਾਨ ਪੁਲੀਸ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਵਿਚਕਾਰ ਬਹਿਸਬਾਜ਼ੀ ਸ਼ੁਰੂ ਹੋ ਗਈ। ਤਲਖੀ ਵਧਣ ਕਾਰਨ ਬਹਿਸਬਾਜ਼ੀ ਖੂਨੀ ਝਗੜੇ ਵਿੱਚ ਤਬਦੀਲ ਹੋ ਗਈ। ਪੁਲੀਸ ਵੱਲੋਂ ਕੀਤੀ ਗੋਲੀਬਾਰੀ ਕਾਰਨ ਸਾਬਕਾ ਸਰਪੰਚ ਭੁਪਿੰਦਰ ਸਿੰਘ (ਘਈਆ), ਨਿਰੰਜਨ ਸਿੰਘ (ਗਾਲੋਵਾਲ) ਅਤੇ ਹਰਵਿੰਦਰ ਸਿੰਘ ਜ਼ਖ਼ਮੀ ਹੋ ਗਏ। ਤਿੰਨਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ।
ਡੀਐੱਸਪੀ ਦਸੂਹਾ ਬਲਵਿੰਦਰ ਸਿੰਘ ਜੌੜਾ ਨੇ ਦੱਸਿਆ ਕਿ ਝੜਪ ਵਿੱਚ ਦੋ ਪੁਲੀਸ ਮੁਲਾਜ਼ਮ ਸਰਬਜੀਤ ਸਿੰਘ ਏਐਸਆਈ ਤੇ ਐੱਸਆਈ ਸੁਖਦੇਵ ਸਿੰਘ ਵੀ ਜ਼ਖ਼ਮੀ ਹੋਏ ਹਨ ਜਿਨਾਂ ਨੂੰ ਦਸੂਹਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।