Cop caught accepting 'bribe': ਜਲੰਧਰ ਦੇ ਪੁਲੀਸ ਅਧਿਕਾਰੀ ਦੀ 'ਰਿਸ਼ਵਤ' ਲੈਣ ਦੀ ਵੀਡੀਓ ਵਾਇਰਲ; ਜਾਂਚ ਦੇ ਹੁਕਮ ਜਾਰੀ
ਮਕਸੂਦਾਂ ਪੁਲੀਸ ਦੇ ਇੱਕ ਅਧਿਕਾਰੀ ਦੀ ਕਥਿਤ ਤੌਰ ’ਤੇ ਵੱਢੀ ਲੈਂਦੇ ਦੀ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਜਲੰਧਰ ਦਿਹਾਤੀ ਪੁਲੀਸ ਨੇ ਉਸ ਖ਼ਿਲਾਫ਼ ਵਿਭਾਗੀ ਜਾਂਚ ਵਿੱਢ ਦਿੱਤੀ ਹੈ। ਜਾਣਕਾਰੀ ਅਨੁਸਾਰ ਵੀਡੀਓ ਬੁਲੰਦਪੁਰ ਦੀ ਦੱਸੀ ਜਾ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਹਰਬੰਸ ਸਿੰਘ ਇੱਕ ਵਿਅਕਤੀ ਵਿਰੁੱਧ ਸ਼ਿਕਾਇਤ ਮਿਲਣ ’ਤੇ ਉਸ ਦੇ ਘਰ ਗਿਆ ਸੀ, ਜਿੱਥੇ ਉਸਨੇ ਕਥਿਤ ਤੌਰ 'ਤੇ ਮਾਮਲੇ ਨੂੰ ਦਬਾਉਣ ਲਈ ਰਿਸ਼ਵਤ ਮੰਗੀ ਸੀ। ਅੱਜ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ ਹੈ।
ਵੀਡੀਓ ਕਲਿੱਪ ਵਿੱਚ ਇੱਕ ਪੁਲੀਸ ਮੁਲਾਜ਼ਮ ਅਤੇ ਦੋ ਹੋਰ ਲੋਕ ਇੱਕ ਕਮਰੇ ਵਿੱਚ ਬੈਠੇ ਦੇਖੇ ਜਾ ਸਕਦੇ ਹਨ। ਪੁਲੀਸ ਅਧਿਕਾਰੀ ਦੇ ਉਥੋਂ ਬਾਹਰ ਜਾਣ ਤੋਂ ਠੀਕ ਪਹਿਲਾਂ ਬੈਠੇ ਆਦਮੀਆਂ ਵਿੱਚੋਂ ਇੱਕ ਉੱਠਦਾ ਹੈ ਅਤੇ ਅਧਿਕਾਰੀ ਨੂੰ ਕੁਝ ਫੜਾਉਂਦਾ ਹੈ, ਜੋ ਨੋਟਾਂ ਦੀ ਗੱਠੀ ਜਾਪਦੀ ਹੈ।
ਹਾਲਾਂਕਿ, ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਸ ਨੂੰ ‘ਨਕਦੀ ਦਾ ਲੈਣ-ਦੇਣ ਤੇ ਰਿਸ਼ਵਤਖ਼ੋਰੀ ਮੰਨ ਲੈਣਾ’ ਜਲਦਬਾਜ਼ੀ ਹੋਵੇਗੀ। ਕਰਤਾਰਪੁਰ ਦੇ ਡੀਐਸਪੀ ਨੂੰ ਮਾਮਲੇ ਦੀ ਤਫ਼ਸੀਲੀ ਜਾਂਚ ਦਾ ਕੰਮ ਸੌਂਪਿਆ ਗਿਆ ਹੈ।
ਕੀ ਕਹਿੰਦੇ ਨੇ ਅਧਿਕਾਰੀ
ਜਲੰਧਰ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ, "ਏਐਸਆਈ ਨੂੰ ਫਿਲਹਾਲ ਪੁਲੀਸ ਲਾਈਨ ਵਿਖੇ ਬਦਲ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਕੈਮਰੇ ਵਿੱਚ ਜੋ ਕੈਦ ਹੋਇਆ ਹੈ, ਉਹ ਨਕਦੀ ਦਾ ਲੈਣ-ਦੇਣ ਹੈ ਜਾਂ ਨਹੀਂ ਪਰ ਜਾਂਚ ਜਾਰੀ ਹੈ। ਜੋ ਵੀ ਪਤਾ ਲੱਗੇਗਾ ਉਸ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।"