ਕਰਤਾਰਪੁਰ ਨੇੜੇ ਪਰਾਲੀ ਸਾੜਨ ਵਾਲੇ ਦੋ ਕਿਸਾਨਾਂ ਖਿਲਾਫ਼ ਕੇਸ ਦਰਜ
ਪਰਾਲੀ ਦੀ ਸਾਂਭ ਸੰਭਾਲ ਲਈ ਸਰਕਾਰ ਮੁਆਵਜ਼ਾ ਦੇਵੇ: ਮੱਲੀਆਂ
ਕਰਤਾਰਪੁਰ ਨੇੜਲੇ ਪਿੰਡ ਧੀਰਪੁਰ ਵਿੱਚ ਪਰਾਲੀ ਸਾੜਨ ਲਈ ਦੋ ਕਿਸਾਨਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਕੇਸ ਹਲਕਾ ਪਟਵਾਰੀ ਦੁਗਰੀ ਧੀਰਪੁਰ ਅਕਸ਼ੇ ਕੁਮਾਰ ਦੀ ਰਿਪੋਰਟ ’ਤੇ ਦਰਜ ਕੀਤੇ ਗਏ ਹਨ। ਖੇਤਾਂ ਵਿੱਚ ਪਰਾਲੀ ਸਾੜਨ ਲਈ ਤੀਰਥ ਸਿੰਘ ਪੁੱਤਰ ਹਰੀ ਸਿੰਘ ਵਾਸੀ ਧੀਰਪੁਰ ਅਤੇ ਮਲੂਕ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਧੀਰਪੁਰ ਖਿਲਾਫ਼ ਬੀਐਨਐਸ ਦੀ ਧਾਰਾ 223 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਉੱਘੇ ਵਾਤਾਵਰਨ ਪ੍ਰੇਮੀ ਡਾ. ਨਿਰਮਲ ਸਿੰਘ ਅਤੇ ਮਾਸਟਰ ਬਹਾਦਰ ਸਿੰਘ ਸੰਧੂ ਨੇ ਕਿਹਾ ਕਿ ਖੇਤਾਂ ਵਿੱਚ ਅੱਗ ਲਗਾਉਣ ਨਾਲ ਖੇਤੀ ਲਈ ਸਹਾਇਕ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਕਿਸਾਨ ਪਰਾਲੀ ਨੂੰ ਅੱਗ ਲਗਾ ਕੇ ਆਪਣੀ ਜ਼ਮੀਨ ਨੂੰ ਸਖਤ ਕਰਕੇ ਜ਼ਮੀਨ ਵਿਚਲੇ ਫਸਲਾਂ ਲਈ ਉਪਜਾਊ ਤੱਤ ਨਸ਼ਟ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਅੱਗ ਲਾਉਣ ਨਾਲ ਖੇਤਾਂ ਦੇ ਕੰਢਿਆਂ ’ਤੇ ਲੱਗੇ ਹਰੇ ਦਰਖਤ ਅਤੇ ਹੋਰ ਬਨਸਪਤੀ ਤੋਂ ਇਲਾਵਾ ਪੰਛੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਅੱਗ ਲਗਾਉਣ ਨਾਲ ਵਾਤਾਵਰਨ ਵਿੱਚ ਧੂਆਂ ਜਾਣ ਕਾਰਨ ਵਾਤਾਵਰਨ ਦੂਸ਼ਿਤ ਹੋ ਜਾਂਦਾ ਹੈ।
ਉਧਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਕਰਤਾਰਪੁਰ ਦੇ ਪ੍ਰਧਾਨ ਬਹਾਦਰ ਸਿੰਘ ਮੱਲੀਆਂ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਖੇਤਾਂ ਵਿੱਚ ਪਰਾਲੀ ਖਪਾਉਣ ਲਈ ਯੋਗ ਸਾਧਨ ਉਪਲਬਧ ਕਰਵਾਵੇ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਛੋਟੇ ਕਿਸਾਲਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਪਰਾਲੀ ਦੀ ਸਾਂਭ ਸੰਭਾਲ ਲਈ ਮੁਆਵਜ਼ਾ ਦੇੇਵੇ। ਉਨ੍ਹਾਂ ਇਹ ਵੀ ਕਿਹਾ ਕਿ ਝੋਨੇ ਦੀ ਪਰਾਲੀ ਦੀ ਖਰੀਦ ਸਬੰਧੀ ਸੂਬਾ ਸਰਕਾਰ ਠੋਸ ਨੀਤੀ ਬਣਾਵੇ ਤਾਂ ਕਿ ਕਿਸਾਨ ਖੇਤਾਂ ਵਿੱਚ ਪਰਾਲੀ ਨਾ ਸਾੜ ਸਕਣ।

