ਡੇਢ ਸੌ ਗ੍ਰਾਮ ਹੈਰੋਇਨ ਸਣੇ ਕਾਬੂ
ਪੱਤਰ ਪ੍ਰੇਰਕ
ਜਲੰਧਰ, 24 ਫਰਵਰੀ
ਸੀਆਈਏ ਸਟਾਫ ਜਲੰਧਰ ਦਿਹਾਤੀ ਨੇ 150 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਵਿਅਕਤੀ ਦੀ ਪਛਾਣ ਸੂਰਜ ਸ਼ਰਮਾ ਵਾਸੀ ਪਿੰਡ ਅਲਾਚੌਰ ਵਜੋਂ ਹੋਈ ਹੈ, ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਸੀ ਅਤੇ ਵਿਆਹ ਦੇ ਬੈਂਡ ਸਮੂਹ ਨਾਲ ਕੰਮ ਕਰਦਾ ਸੀ। ਐੱਸਐੱਸਪੀ (ਜਲੰਧਰ ਦਿਹਾਤੀ) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀਆਈਏ ਸਟਾਫ ਨੂੰ ਪਤਾਰਾ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਆਵਾਜਾਈ ਬਾਰੇ ਸੂਚਨਾ ਮਿਲਣ ਮਗਰੋਂ ਵਿਸ਼ੇਸ਼ ਟੀਮ ਕਾਇਮ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮ ਨੇ ਤਲਹਣ ਸਾਹਿਬ ਗੇਟ ਦੇ ਲਗਭਗ 100 ਮੀਟਰ ਪਿੱਛੇ ਇਕ ਵਿਅਕਤੀ ਨੂੰ ਰੋਕਿਆ ਜਿਸ ਦੌਰਾਨ ਉਸ ਕੋਲੋਂ ਇੱਕ ਮੋਮ-ਸੀਲਬੰਦ ਲਿਫਾਫੇ ਵਿੱਚ ਛੁਪਾਈ ਗਈ 150 ਗ੍ਰਾਮ ਉੱਚ ਗ੍ਰੇਡ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਪੁਛਗਿੱਛ ਦੌਰਾਨ ਫੜੇ ਗਏ ਇਸ ਵਿਅਕਤੀ ਨੇ ਨਵਾਂਸ਼ਹਿਰ ਤੋਂ ਜਲੰਧਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹੈਰੋਇਨ ਸਪਲਾਈ ਕਰਨ ਦੇ ਆਪਣੇ ਨੈੱਟਵਰਕ ਦਾ ਖੁਲਾਸਾ ਕੀਤਾ ਹੈ। ਐੱਸਐੱਸਪੀ ਖੱਖ ਨੇ ਅੱਗੇ ਕਿਹਾ ਕਿ ਪੂਰੀ ਡਰੱਗ ਸਪਲਾਈ ਚੇਨ ਦਾ ਪਰਦਾਫਾਸ਼ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਥਾਣਾ ਪਤਾਰਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੋਰ ਜਾਂਚ ਲਈ ਮੁਲਜ਼ਮ ਨੂੰ ਪੁਲੀਸ ਰਿਮਾਂਡ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।