DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਲਤਾਨਪੁਰ ਲੋਧੀ ’ਚ ਹੜ੍ਹਾਂ ਨਾਲ ਨਜਿੱਠਣ ਲਈ ਫੌਜ ਸੱਦੀ

ਸਥਾਨਕ ਲੋਕ ਘਰ ਬਾਹਰ ਛੱਡਣ ਲਈ ਮਜਬੂਰ ਹੋਏ; ਬਿਆਸ ਦਰਿਆ ਵਿਚ ਪਾਣੀ 2.30 ਲੱਖ ਕਿਊਸਿਕ ਤੱਕ ਵਧਿਆ
  • fb
  • twitter
  • whatsapp
  • whatsapp
Advertisement

ਕਪੂਰਥਲਾ ਦੇ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਅੱਜ ਸੁਲਤਾਨਪੁਰ ਲੋਧੀ ਵਿੱਚ ਹੜ੍ਹ ਦੀ ਭਿਆਨਕ ਸਥਿਤੀ ਨਾਲ ਨਜਿੱਠਣ ਲਈ ਫੌਜ ਸੱਦ ਲਈ ਹੈ। ਬਾਅਦ ਦੁਪਹਿਰ ਫੌਜ ਨੇ ਬਾਊਪੁਰ ਪਹੁੰਚ ਕੇ ਹੜ੍ਹ ਪੀੜਤਾਂ ਨੂੰ ਬਚਾਉਣ ਲਈ ਮੋਰਚਾ ਸੰਭਾਲ ਲਿਆ ਹੈ।

ਪੰਚਾਲ ਨੇ ਦੱਸਿਆ ਕਿ ਐਸਡੀਆਰਐਫ ਦੀ ਟੀਮ ਨੇ ਅੱਜ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚੋਂ 100 ਵਿਅਕਤੀਆਂ ਅਤੇ ਸੀਚੇਵਾਲ ਦੇ ਪੈਰੋਕਾਰਾਂ ਦੇ 60 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਡੁੱਬੇ ਹੋਏ ਪਿੰਡਾਂ ਵਿੱਚ ਰਹਿ ਰਹੇ ਪ੍ਰਭਾਵਿਤ ਵਿਅਕਤੀਆਂ ਦੀ ਸੁਰੱਖਿਆ ਬਾਰੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਸਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਡੀਸੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਕਾਸੀ ਪ੍ਰਕਿਰਿਆ ਵਿੱਚ ਮਦਦ ਕਰਨ ਲਈ ਫੌਜ ਸੱਦੀ ਹੈ।
ਇਸ ਦੌਰਾਨ ਅੱਜ ਸਵੇਰੇ ਬਿਆਸ ਦਰਿਆ ਵਿਚ ਪਾਣੀ 2.30 ਲੱਖ ਕਿਊਸਿਕ ਤੱਕ ਵਧ ਗਿਆ ਹੈ, ਜਿਸ ਨਾਲ ਸੁਲਤਾਨਪੁਰ ਲੋਧੀ ਦੇ ਮੰਡ ਖੇਤਰਾਂ ਦੇ ਡੁੱਬੇ ਹੋਏ ਪਿੰਡਾਂ ਵਿੱਚ ਰਹਿਣ ਵਾਲੇ 2000 ਲੋਕਾਂ ਦੀਆਂ ਜਾਨਾਂ ਖ਼ਤਰੇ ਵਿੱਚ ਪੈ ਗਈਆਂ ਹਨ।
ਰਾਜ ਸਭਾ ਮੈਂਬਰ ਸੀਚੇਵਾਲ ਦੇ ਸਮਰਥਕਾਂ ਅਤੇ ਪ੍ਰਸ਼ਾਸਨ ਨੇ ਹੜ੍ਹ ਵਿੱਚ ਘਿਰੇ ਪਰਿਵਾਰਾਂ ਨੂੰ ਘਰ ਖਾਲੀ ਕਰਵਾਉਣ ਲਈ ਜ਼ੋਰ ਪਾਇਆ ਹੈ। ਪ੍ਰਭਾਵਿਤ ਪਰਿਵਾਰਾਂ ਦੀਆਂ ਜਾਨਾਂ ਬਚਾਉਣ ਲਈ SDRF ਦੀਆਂ ਟੀਮਾਂ ਨੂੰ ਵੀ ਸੇਵਾ ਵਿੱਚ ਲਗਾਇਆ ਗਿਆ ਹੈ। ਜਿਹੜੇ ਪਰਿਵਾਰ ਪਹਿਲਾਂ ਆਪਣੇ ਘਰਾਂ ਨੂੰ ਛੱਡਣ ਤੋਂ ਝਿਜਕਦੇ ਸਨ, ਹੁਣ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਰਾਜ਼ੀ ਹੋ ਗਏ ਹਨ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਉਹ ਘਰ ਬਾਰ ਛੱਡਦੇ ਹਨ ਤਾਂ ਚੋਰੀ ਹੋਣ ਦਾ ਡਰ ਸੀ। ਸੀਚੇਵਾਲ ਨੇ ਕਿਹਾ ਕਿ ਮੋਟਰ ਕਿਸ਼ਤੀਆਂ ਦੀ ਘਾਟ ਹੈ ਅਤੇ 8 ਕਿਸ਼ਤੀਆਂ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕੱਢਣ ਲਈ ਨਾਕਾਫ਼ੀ ਹਨ।
ਇਸ ਦੌਰਾਨ ਸ਼ਹਿਰ ਵਾਸੀਆਂ ਨੇ ਅੱਜ ਰਾਹਤ ਦਾ ਸਾਹ ਲਿਆ ਕਿਉਂਕਿ ਅੱਜ ਮੀਂਹ ਰੁਕ ਗਿਆ ਅਤੇ ਧੁੱਪ ਨਿਕਲਣ ਨਾਲ ਵਸਨੀਕਾਂ ਨੂੰ ਕੁਝ ਰਾਹਤ ਮਿਲੀ। ਇਸ ਦੌਰਾਨ ਧੁੱਸੀ ਬੰਨ੍ਹ ਦੇ ਅੰਦਰ ਕਿਸਾਨਾਂ ਵੱਲੋਂ ਬਣਾਏ ਗਏ ਅਸਥਾਈ ਬੰਨ੍ਹ ਵਿੱਚ ਪਾੜ 700 ਫੁੱਟ ਤੱਕ ਚੌੜਾ ਹੋ ਗਿਆ ਹੈ।
ਮੰਡ ਇਲਾਕੇ ਵਿੱਚ ਆਏ ਹੜ੍ਹ ਕਾਰਨ ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਹੈ। ਬਿਆਸ ਦਰਿਆ ਵਿੱਚ 2 ਲੱਖ 30 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਵਗਣ ਨਾਲ ਹਾਲਾਤ ਕੰਟਰੋਲ ਵਿੱਚ ਕਰਨ ਲਈ ਬਾਅਦ ਦੁਪਹਿਰ ਫੌਜ ਤਾਇਨਾਤ ਕਰ ਦਿੱਤੀ ਗਈ ਹੈ।
ਫੌਜ ਦੀਆਂ ਗੱਡੀਆਂ ਵਿੱਚ ਕਿਸ਼ਤੀਆਂ ਅਤੇ ਹੜ੍ਹ ਨਾਲ ਨਜ਼ਿੱਠਣ ਲਈ ਸਾਜੋ ਸਮਾਨ ਲੱਦਿਆ ਹੋਇਆ ਹੈ। ਸੁਲਤਾਨਪੁਰ ਲੋਧੀ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਫੌਜ ਤਾਇਨਾਤ ਕਰ ਦਿੱਤੀ ਗਈ ਹੈ। ਇਸ ਬਾਰੇ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਜਾਣਕਾਰੀ ਸਾਂਝੀ ਕੀਤੀ। ਬਾਊਪੁਰ ਅਤੇ ਸਗਾਂਰਾ ਪਿੰਡਾਂ ਵਿੱਚੋਂ ਲੋਕਾਂ ਨੂੰ ਵੱਡੀ ਪੱਧਰ ਤੇ ਸੁਰੱਖਿਅਤ ਥਾਵਾਂ ਤੇ ਕੱਢਿਆ ਜਾ ਰਿਹਾ ਹੈ।
Advertisement
Advertisement
×