DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਆਪ’ ਦੇ ਰਾਮਪਾਲ ਉੱਪਲ ਬਣੇ ਫਗਵਾੜਾ ਨਿਗਮ ਦੇ ਮੇਅਰ

ਵਿੱਕੀ ਸੂਦ ਸੀਨੀਅਰ ਡਿਪਟੀ ਮੇਅਰ ਤੇ ਬਸਪਾ ਦੇ ਤੇਜਪਾਲ ਬਸਰਾ ਡਿਪਟੀ ਮੇਅਰ
  • fb
  • twitter
  • whatsapp
  • whatsapp
featured-img featured-img
ਜੇਤੂ ਨਿਸ਼ਾਨ ਬਣਾਉਂਦੇ ਹੋਏ ਅਮਨ ਅਰੋੜਾ, ਡਾ. ਰਾਜ ਕੁਮਾਰ ਚੱਬੇਵਾਲ, ਮੇਅਰ ਰਾਮਪਾਲ ਉੱਪਲ, ਵਿੱਕੀ ਸੂਦ ਤੇ ਤੇਜਪਾਲ ਬਸਰਾ। -ਫ਼ੋਟੋਆਂ: ਮਲਕੀਅਤ ਸਿੰਘ
Advertisement

ਜਸਬੀਰ ਸਿੰਘ ਚਾਨਾ

ਫਗਵਾੜਾ, 1 ਫਰਵਰੀ

Advertisement

ਨਗਰ ਨਿਗਮ ਦੇ ਮੇਅਰ ਦੀ ਚੋਣ ’ਚ ਆਮ ਆਦਮੀ ਪਾਰਟੀ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਬਸਪਾ ਕੌਂਸਲਰ ਨੂੰ ਡਿਪਟੀ ਬਣਾ ਕੇ ਫਗਵਾੜਾ ਨਿਗਮ ’ਤੇ ਸੱਤਾ ਸਥਾਪਤ ਕਰ ਲਈ ਹੈ। ਅੱਜ ਸ਼ਾਮ ਆਡੀਟੋਰੀਅਮ ਹਾਲ ’ਚ ਸ਼ਾਮ 4 ਵਜੇ ਸਾਬਕਾ ਜਸਟਿਸ ਹਰਬੰਸ ਲਾਲ ਦੀ ਅਗਵਾਈ ਵਿੱਚ ਹੋਈ ਚੋਣ ’ਚ ਰਾਮਪਾਲ ਉੱਪਲ ਨੂੰ ਮੇਅਰ, ਵਿੱਕੀ ਕ੍ਰਿਸ਼ਨ ਸੂਦ ਨੂੰ ਸੀਨੀਅਰ ਡਿਪਟੀ ਮੇਅਰ ਤੇ ਬਸਪਾ ਦੇ ਤੇਜਪਾਲ ਬਸਰਾ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ। ਵੋਟਿੰਗ ਦਾ ਕੰਮ ਤਕਰੀਬਨ ਅੱਧਾ ਘੰਟਾ ਚੱਲਿਆ। ਵੋਟਿੰਗ ਹੋਣ ਮੌਕੇ ਕਾਂਗਰਸ ਪੂਰੀ ਤਰ੍ਹਾਂ ਆਸਵੰਦ ਸੀ ਕਿ ਮੇਅਰ ਉਨ੍ਹਾਂ ਦਾ ਬਣੇਗਾ। ਜਦੋਂ ਵੋਟਿੰਗ ਅਮਲ ਖ਼ਤਮ ਕਰਕੇ ‘ਆਪ’ ਉਮੀਦਵਾਰ ਖੁਸ਼ੀ ’ਚ ਬਾਹਰ ਆਏ ਤਾਂ ਕਾਂਗਰਸੀਆਂ ਦੇ ਚਿਹਰੇ ਮੁਰਝਾ ਗਏ ਤੇ ਸੱਤਾਧਾਰੀ ਧਿਰ ਦੇ ਸਮਰੱਥਕਾ ’ਚ ਖੁਸ਼ੀ ਦਾ ਮਾਹੌਲ ਬਣ ਗਿਆ। ਬਾਹਰ ਆਉਣ ਉਪਰੰਤ ਮੇਅਰ ਬਣੇ ਰਾਮਪਾਲ ਉੱਪਲ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਉਹ ਫਗਵਾੜਾ ਸ਼ਹਿਰ ਦੀ ਤਰੱਕੀ ਲਈ ਦਿਨ-ਰਾਤ ਮਿਹਨਤ ਕਰਨਗੇ ਤੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ। ਖਾਸ ਕਰਕੇ ਸੀਵਰੇਜ ਤੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਨਵ-ਨਿਯੁਕਤ ਮੇਅਰ ਰਾਮਪਾਲ ਉੱਪਲ ਜੋ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤੇ ਸਨ ਅਤੇ ਕੁੱਝ ਦਿਨ ਪਹਿਲਾਂ ਹੀ ‘ਆਪ’ ’ਚ ਸ਼ਾਮਲ ਹੋਏ ਸਨ। ਉਨ੍ਹਾਂ ਮੇਅਰ ਬਣਨ ’ਤੇ ਮੁੱਖ ਮੰਤਰੀ ਭਗਵੰਤ ਮਾਨ, ਸੂਬਾ ਪ੍ਰਧਾਨ ਅਮਨ ਅਰੋੜਾ, ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਜੋਗਿੰਦਰ ਸਿੰਘ ਮਾਨ, ਦਲਜੀਤ ਰਾਜੂ, ਹਰਜੀਤ ਮਾਨ ਦਾ ਧੰਨਵਾਦ ਕੀਤਾ। ਜਿੱਤ ਦੀ ਖੁਸ਼ੀ ਵਿੱਚ ਉਨ੍ਹਾਂ ਦੇ ਸਮਰੱਥਕਾਂ ਨੇ ਭੰਗੜੇ ਪਾ ਕੇ ਜਸ਼ਨ ਮਨਾਏ।

ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂਆਂ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਸਾਥੀਆਂ ਸਮੇਤ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਕੋਲ ਪੂਰੇ ਮੈਂਬਰ ਸਨ ਤੇ ਉਨ੍ਹਾਂ ਦੀ ਇੱਕ ਕੌਂਸਲਰ ਗੁਰਪ੍ਰੀਤ ਕੌਰ ਮੌਕੇ ’ਤੇ ਹਾਜ਼ਰ ਨਹੀਂ ਹੋਈ ਤੇ ਉਨ੍ਹਾਂ ਨਾਲ ਧੱਕਾ ਹੋਇਆ ਹੈ। ਉਹ ਇਸ ਸਬੰਧੀ ਮੁੜ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਧਾਲੀਵਾਲ ਨੇ ਦੋਸ਼ ਲਗਾਇਆ ਕਿ ਸਾਡੇ ਕੋਲ 26 ਮੈਂਬਰ ਸਨ ਪਰ ਇਸਦੇ ਬਾਵਜੂਦ ਸੱਤਾਧਾਰੀ ਧਿਰ ਦੇ ਮੈਂਬਰਾ ਦੇ ਦੋ ਹੱਥ ਖੜ੍ਹੇ ਕਰਨ ਕਰਕੇ ਉਨ੍ਹਾਂ ‘ਆਪ’ ਦਾ ਮੇਅਰ ਬਣਾ ਦਿੱਤਾ ਜੋ ਕਿ ਬਿਲਕੁਲ ਲੋਕਤੰਤਰ ਦਾ ਘਾਣ ਹੈ। ਇਸ ਮੌਕੇ ਕਾਂਗਰਸੀ ਕੌਂਸਲਰਾ ਨੇ ਨਾਅਰੇਬਾਜ਼ੀ ਵੀ ਕੀਤੀ।

ਪੰਜਾਬ ’ਚ ਮੇਅਰਾਂ ਦਾ ਕੰਮ ਵੱਡੀ ਨਿਲਾਮੀ ਨਾਲ ਸਿਰੇ ਚਾੜ੍ਹਿਆ: ਬਾਜਵਾ

‘ਆਪ’ ਸਰਕਾਰ ਦੀਆਂ ਨੀਤੀਆਂ ’ਤੇ ਮੋਹਰ ਲੱਗੀ: ਅਰੋੜਾ

‘ਆਪ’ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਨਗਰ ਨਿਗਮ ਹਾਲ ਵਿਖੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਲੋਕਾਂ ਨੇ ਪੂਰੇ ਪੰਜਾਬ ’ਚ ‘ਆਪ’ ਨੂੰ ਮਨੋਂ ਸਵੀਕਾਰ ਕੇ ਪਾਰਟੀ ਦੀਆਂ ਨੀਤੀਆਂ ’ਤੇ ਮੋਹਰ ਲਾਈ ਹੈ। ਉਨ੍ਹਾਂ ਕਿਹਾ ਕਿ ਹੁਣ ਫਗਵਾੜਾ ’ਚ ਵਿਕਾਸ ਦੀ ਰਫ਼ਤਾਰ ਤੇਜ਼ ਹੋਵੇਗੀ ਤੇ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਦੀ ਜ਼ਿੰਮੇਵਾਰੀ ਸਾਡੀ ਟੀਮ ਦੀ ਹੋਵੇਗੀ ਤੇ ਇਹ ਸੋਚ ਕੇ ਕੋਈ ਨਾ ਘਬਰਾਵੇ ਕਿ ਤੁਹਾਡੇ ਕੰਮ ਨਹੀਂ ਹੋਣਗੇ ਪਰ ਹਰ ਇੱਕ ਦਾ ਕੰਮ ਪਹਿਲ ਦੇ ਆਧਾਰ ’ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਜੋ ਪੰਜ ਗਾਰੰਟੀਆਂ ਦਿੱਤੀਆਂ ਸਨ ਉਸ ’ਤੇ ਕੱਲ੍ਹ ਤੋਂ ਹੀ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਜਿਹੜੇ ਕੰਮ ਪਿਛਲੇ ਲੰਬੇਂ ਸਮੇਂ ਤੋਂ ਬੰਦ ਪਏ ਸਨ, ਉਹ ਅੱਜ ਤੋਂ ਹੋਣਗੇ ਤੇ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਵੇਗੀ।

ਫਗਵਾੜਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ।

ਫਗਵਾੜਾ (ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੂਰੇ ਪੰਜਾਬ ’ਚ ਮੇਅਰਾਂ ਦਾ ਕੰਮ ਵੱਡੀ ਨਿਲਾਮੀ ਨਾਲ ਸਰਕਾਰ ਨੇ ਕੀਤਾ ਹੈ। ਇਥੋਂ ਤੱਕ ਕਿ 75 ਸਾਲਾਂ ’ਚ ਪਹਿਲੀ ਵਾਰ ਹਾਈ ਕੋਰਟ ਵਲੋਂ ਵੀ ਰਿਟਾਇਰਡ ਜੱਜ ਨੂੰ ਲੱਗਾ ਕੇ ਇਥੋਂ ਦੀ ਚੋਣ ਕਰਵਾਉਣੀ ਪਈ ਹੈ ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ’ਚ ਲੋਕਤੰਤਰ ਦਾ ਬੁਰੀ ਤਰ੍ਹਾਂ ਘਾਣ ਹੋ ਰਿਹਾ ਹੈ। ਅੱਜ ਇਥੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਝੂਠ ਬੋਲਣ ਲਈ ਪੱਕ ਚੁੱਕੀ ਹੈ। ਮੇਅਰਾਂ ਦੀ ਨਿਲਾਮੀ ਦਾ ਕੰਮ ਬੱਕਰਮੰਡੀ ਵਾਂਗ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਨੂੰ ਛੱਡ ਕੇ ਇਨ੍ਹਾਂ ਬਾਕੀ ਥਾਵਾ ’ਤੇ ਧੱਕੇਸ਼ਾਹੀਆਂ ਕੀਤੀਆਂ ਹਨ ਤੇ ਲੋਕ ਪੂਰੀ ਤਰ੍ਹਾਂ ਇੰਨਾ ਦੀ ਜ਼ਮੀਰ ਨੂੰ ਪਛਾਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਫਗਵਾੜਾ ’ਚ ਵੀ ਇਹ ਚੋਣ ਜਿੱਤਣ ਲਈ ਸਾਡੀਆਂ ਮਹਿਲਾ ਕਾਂਗਰਸੀ ਕੌਂਸਲਰਾ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਹੈ ਤੇ ਇਸੇ ਤਰ੍ਹਾਂ ਕਈ ਕਾਂਗਰਸੀ ਕੌਂਸਲਰਾ ਦੇ ਘਰ ਤੇ ਪੁਲੀਸ ਭੇਜ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਕੇ ਜਿੱਤ ਹਾਸਲ ਕੀਤੀ ਹੈ। ਇਸੇ ਦੌਰਾਨ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਿਗਮ ਚੋਣਾਂ ’ਚ ਲੋਕਾਂ ਨੇ ‘ਆਪ’ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ, ਇਸ ਦੇ ਬਾਵਜੂਦ ਇਨ੍ਹਾਂ ਧੱਕੇ ਨਾਲ ਕਈ ਨਿਗਮ ’ਤੇ ਕਬਜ਼ਾ ਕੀਤਾ ਹੈ।

Advertisement
×