ਨਵੀਂ ਦਿੱਲੀ, 28 ਜੂਨ
ਇੱਥੋਂ ਦੀ ਗੀਤਾ ਕਲੋਨੀ ਖੇਤਰ ਵਿੱਚ ਮਾਮੂਲੀ ਜਿਹਾ ਸਕੂਟਰ ਕਿਸੇ ਨਾਲ ਖਹਿਣ ਮਗਰੋਂ ਤਕਰਾਰ ਹੋ ਗਈ। ਇਸ ਮਗਰੋਂ ਸਕੂਟਰ ਸਵਾਰ 20 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਸਬੰਧੀ ਪੁਲੀਸ ਨੇ ਨਾਬਾਲਗ ਸਣੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਪੁਲੀਸ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਣੀ ਗਾਰਡਨ ਦੇ ਵਾਸੀ ਯਸ਼ (20) ਨੂੰ ਸ਼ੁੱਕਰਵਾਰ ਰਾਤ ਕਰੀਬ ਨੌਂ ਵੱਜ ਕੇ 41 ’ਤੇ ਲਕਸ਼ਮੀ ਨਗਰ ਦੇ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਹੰਮਦ ਅਮਾਨ ਅਤੇ ਲੱਕੀ ਨੂੰ ਇਸ ਸਬੰਧੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂਕਿ ਨਾਬਾਲਗ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਅਧਿਕਾਰੀ ਅਨੁਸਾਰ ਯਸ਼ ਸਕੂਟਰ ’ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ।
ਇਸ ਦੌਰਾਨ ਉਸ ਦਾ ਸਕੂਟਰ ਕਥਿਤ ਤੌਰ ’ਤੇ ਨਾਬਾਲਗ ਨਾਲ ਮਾਮੂਲੀ ਜਿਹਾ ਖਹਿ ਗਿਆ। ਇਸ ਦੌਰਾਨ ਦੋਵਾਂ ਵਿੱਚ ਤਕਰਾਰ ਹੋ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨਾਬਾਲਗ ਨੇ ਇਸ ਦੌਰਾਨ ਆਪਣੇ ਦੋ ਸਾਥੀਆਂ ਨੂੰ ਬੁਲਾ ਲਿਆ। ਨਾਬਾਲਗ ਦੇ ਦੋਵੇਂ ਸਾਥੀ ਅਮਾਨ ਅਤੇ ਲੱਕੀ ਇਸ ਬਹਿਸ ਵਿੱਚ ਸ਼ਾਮਲ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਯਸ਼ ਇਸ ਦੌਰਾਨ ਆਪਣਾ ਸਕੂਟਰ ਲੈ ਕੇ ਨਿਕਲ ਗਿਆ। ਉਧਰ, ਤਿੰਨਾਂ ਮੁਲਜ਼ਮਾਂ ਨੇ ਯਸ਼ ਦਾ ਗੀਤਾ ਕਲੋਨੀ ਪੁਸਤਾ ਫਲਾਈਓਵਰ ਵੱਲੋਂ ਪਿੱਛਾ ਕੀਤਾ। ਪਿੱਛਾ ਕਰਦਿਆਂ ਅਮਾਨ ਨੇ ਕਥਿਤ ਤੌਰ ’ਤੇ ਯਸ਼ ਦੇ ਪਿੱਠ ਦੇ ਹੇਠਲੇ ਹਿੱਸਾ ਵਿੱਚ ਚਾਕੂ ਮਾਰਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੌਕੇ ’ਤੇ ਮੌਜੂਦ ਲੋਕਾਂ ਨੇ ਯਸ਼ ਨੂੰ ਤੁਰੰਤ ਹਸਪਤਾਲ ਲਿਆਂਦਾ। ਹਸਪਤਾਲ ਵਿੱਚ ਡਾਕਟਰਾਂ ਨੇ ਯਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਇਸ ਸਬੰਧੀ ਕਤਲ ਦਾ ਕੇਸ ਦਰਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਨਾਬਾਲਗ ਸਣੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। -ਪੀਟੀਆਈ