‘ਸੁਨੱਖੀ ਪੰਜਾਬਣ’ ਦੇ ਆਡੀਸ਼ਨ ’ਚ ਮੁਟਿਆਰਾਂ ਨੇ ਲਿਆ ਹਿੱਸਾ
ਕੁਲਦੀਪ ਸਿੰਘ
ਨਵੀਂ ਦਿੱਲੀ, 7 ਜੁਲਾਈ
ਡਾ. ਅਵਨੀਤ ਕੌਰ ਭਾਟੀਆ ਵੱਲੋਂ ਪੰਜਾਬੀ ਮਾਂ-ਬੋਲੀ ਅਤੇ ਵਿਰਸੇ ਨੂੰ ਸੰਭਾਲਣ ਦੀ ਕੋਸ਼ਿਸ਼ ਦੇ ਮੱਦੇਨਜ਼ਰ ਭਾਰਤੀ ਵਿਦਿਆਪੀਠ ਇੰਸਟੀਚਿਊਟ, ਪੱਛਮ ਵਿਹਾਰ ਦਿੱਲੀ ਵਿੱਚ ਪੰਜਾਬੀ ਮੁਟਿਆਰਾਂ ਲਈ ‘ਸੁਨੱਖੀ ਪੰਜਾਬਣ ਸੀਜ਼ਨ-7’ ਦੇ ਆਡੀਸ਼ਨ ਕਰਵਾਏ ਗਏ। ਇਸ ਵਿੱਚ 100 ਦੇ ਕਰੀਬ ਪੰਜਾਬਣ ਮੁਟਿਆਰਾਂ ਨੇ ਸਟੇਜ ’ਤੇ ਪੰਜਾਬੀ ਨਾਟਕ, ਭੰਗੜਾ, ਗਿੱਧਾ ਅਤੇ ਕਵਿਤਾਵਾਂ ਪੇਸ਼ ਕਰਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ’ਚ ਜੱਜਾਂ ਦੀ ਭੂਮਿਕਾ ਜਸਮੀਤ ਕੌਰ ਸੋਨੀ (ਸਿੱਖਿਅਕ), ਇੰਦਰਜੀਤ ਕੌਰ (ਪੰਜਾਬੀ ਅਧਿਆਪਕਾ), ਤਜਿੰਦਰ ਕੌਰ (ਸੰਗੀਤ ਅਧਿਆਪਕ) ਤੇ ਗਿੱਧਾ ਕੋਚ ਐਡਵੋਕੇਟ ਮੇਘਾ ਰਾਵਤ ਤੇ ਹੋਰ ਸ਼ਖਸੀਅਤਾਂ ਵੱਲੋਂ ਨਿਭਾਈ ਗਈ। ‘ਸੁਨੱਖੀ ਪੰਜਾਬਣ ਸੀਜ਼ਨ-7’ ਦੇ ਆਡੀਸ਼ਨ ਇਸ ਵਾਰੀ ਦਿੱਲੀ ਤੋਂ ਇਲਾਵਾ ਪਹਿਲੀ ਵਾਰੀ ਮੁਹਾਲੀ ਵਿੱਚ 13 ਜੁਲਾਈ ਨੂੰ ਆਫਲਾਈਨ ਹੋਣਗੇ। ਇਸ ਮੌਕੇ ਡਾ. ਅਵਨੀਤ ਕੌਰ ਭਾਟੀਆ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਮਕਸਦ ਵੱਧ ਤੋਂ ਵੱਧ ਪੰਜਾਬਣਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਪਲੇਟਫ਼ਾਰਮ ਮੁਹੱਈਆ ਕਰਵਾਉਣਾ ਹੈ। ਡਾ. ਭਾਟੀਆ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਗ੍ਰੈਂਡ ਫਿਨਾਲੇ ਦੀ ਜੇਤੂ ਮੁਟਿਆਰਾਂ ਨੂੰ ਨਕਦ ਰਾਸ਼ੀ, ਸੋਨੇ ਦੇ ਸੱਗੀ ਫੁੱਲ ਸਣੇ ਹੋਰ ਕਈ ਇਨਾਮਾਂ ਨਾਲ ਨਿਵਾਜਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸੁਨੱਖੀ ਪੰਜਾਬਣ ਨੇ ਸਫਲਤਾਪੂਰਵਕ 6 ਸਾਲ ਪੂਰੇ ਕੀਤੇ ਹਨ ਅਤੇ ਹੁਣ ਇਸ ਦੇ 7ਵੇਂ ਸੀਜ਼ਨ ਲਈ ਆਡੀਸ਼ਨ ਕਰਵਾਇਆ ਗਿਆ ਹੈ। ਮੁਕਾਬਲੇ ’ਚ ਹਿੱਸਾ ਲੈਣ ਵਾਲੀਆਂ ਮੁਟਿਆਰਾਂ ਦੀ ਉਮਰ 18-35 ਰੱਖੀ ਗਈ ਹੈ। ਇਸ ਆਡੀਸ਼ਨ ’ਚ ਦਿੱਲੀ-ਐੱਨਸੀਆਰ ਸਣੇ ਹੋਰਨਾਂ ਸੂਬਿਆਂ ਤੋਂ ਵੀ ਮੁਟਿਆਰਾਂ ਨੇ ਹਿੱਸਾ ਲਿਆ।