ਇਥੇ ਪਿੰਡ ਬਾਜੇਕਾਂ ਤੇ ਸ਼ਾਹਪੁਰ ਬੇਗੂ ਵਿਚਾਲੇ ਡੰਪਰ ਦੀ ਫੇਟ ਵੱਜਣ ਕਾਰਨ ਟਰੈਕਟਰ ਪਲਟਣ ਨਾਲ ਕਿਸਾਨ ਦੀ ਮੌਤ ਹੋ ਗਈ। ਕਿਸਾਨ ਟਰੈਕਟਰ ਦੇ ਹੇਠਾਂ ਆ ਗਿਆ। ਪੋਸਟਮਾਰਟਮ ਮਗਰੋਂ ਮ੍ਰਿਤਕ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਡੰਪਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਪਿੰਡ ਬਾਜੇਕਾਂ ਪਰਵਿੰਦਰ(31) ਟਰੈਕਟਰ ਲੈ ਕੇ ਖੇਤ ਜਾ ਰਿਹਾ ਸੀ। ਟਰੈਕਟਰ ਮਗਰ ਰੋਟਾਵੇਟ ਪਾਇਆ ਹੋਇਆ ਸੀ। ਦੱਸਿਆ ਗਿਆ ਹੈ ਕਿ ਜਦੋਂ ਉਹ ਖੇਤ ਨੇੜੇ ਪੁੱਜਾ ਤਾਂ ਮਗਰੋਂ ਆਉਂਦੇ ਇਕ ਡੰਪਰ ਨੇ ਟਰੈਕਟਰ ਨੂੰ ਫੇਟ ਮਾਰ ਦਿੱਤੀ ਜਿਸ ਨਾਲ ਟਰੈਕਟਰ ਸੜਕ ਤੋਂ ਹੇਠਾਂ ਪਲਟ ਗਿਆ ਤੇ ਪਰਵਿੰਦਰ ਉਸ ਹੇਠ ਆ ਗਿਆ।
ਰਾਹਗੀਰਾਂ ਨੇ ਇਕੱਠੇ ਹੋ ਕੇ ਟਰੈਕਟਰ ਨੂੰ ਸਿੱਧਾ ਕੀਤਾ ਤੇ ਕਿਸਾਨ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ਮਗਰੋਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪਰਿਵਾਕ ਮੈਂਬਰਾਂ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਡੰਪਰ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਪੀੜਤ ਕਿਸਾਨ ਦੀ ਇਕ ਲੜਕੀ ਹੈ। ਪਰਵਿੰਦਰ ਖੇਤੀ ਦਾ ਕੰਮ ਕਰਦਾ ਸੀ ਤੇ ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ।