ਕ੍ਰਿਸ਼ਨ ਆਯੂਸ਼ ਯੂਨੀਵਰਸਿਟੀ ਵਿੱਚ ਯੋਗ ਉਤਸਵ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 10 ਮਈ
ਮੋਰਾਰ ਜੀ ਦੇਸਾਈ ਨੈਸ਼ਨਲ ਇੰਸਟੀਚਿਊਟ ਆਫ ਯੋਗ ਦੀ ਅਗਵਾਈ ਹੇਠ ਬ੍ਰਹਮ ਸਰੋਵਰ ਤੀਰਥ ਦੇ ਪੁਰਸ਼ੋਤਮ ਪੂਰਾ ਬਾਗ ਵਿੱਚ ਕਰਵਾਏ 43ਵੇਂ ਕਾਊਂਟ ਡਾਊਨ ਯੋਗ ਉਤਸਵ ਵਿਚ ਹਜ਼ਾਰ ਤੋਂ ਵੱਧ ਸਾਧਕਾਂ ਨੇ ਸਮੂਹਿਕ ਯੋਗ ਕਰਕੇ ਭਾਰਤ ਦੇ ਸਭਿਆਚਾਰ ਤੇ ਆਯੂਸ਼ ਪਰੰਪਰਾ ਨੂੰ ਮੁੜ ਸੁਰਜੀਤ ਕੀਤਾ। ਇਹ ਪ੍ਰੋਗਰਾਮ ਸਵੇਰੇ 7 ਵਜੇ ਵਾਈਸ ਚਾਂਸਲਰ ਪ੍ਰੋ. ਵੈਦਿਆ ਕਰਤਾਰ ਸਿੰਘ ਧੀਮਾਨ ਦੀ ਅਗਵਾਈ ਹੇਠ ਹੋਇਆ। ਪ੍ਰੋਗਰਾਮ ਵਿਚ 15 ਤੋਂ ਵੱਧ ਯੋਗ ਸੰਸਥਾਵਾਂ, ਸਮਾਜਿਕ ਸੰਗਠਨਾਂ ਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂਨੇ ਹਿੱਸਾ ਲਿਆ। ਨਗਰ ਕੌਂਸਲ ਪ੍ਰਧਾਨ ਮਾਫੀ ਢਾਂਡਾ ਨੇ ਕਿਹਾ ਕਿ ਯੋਗ ਸਿਰਫ ਕਸਰਤ ਨਹੀਂ ਹੈ ਸਗੋਂ ਜੀਵਨ ਨੂੰ ਸੰਤੁਲਿਤ ਕਰਨ ਦੀ ਇਕ ਭਾਰਤੀ ਕਲਾ ਹੈ ਜਿਸ ਨੂੰ ਪੂਰੀ ਦੁਨੀਆਂ ਨੇ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੌਜਵਾਨਾਂ ਨੂੰ ਯੋਗ ਅਪਣਾਉਣ ਦੀ ਅਪੀਲ ਕੀਤੀ। ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਉਮਾ ਸੁਧਾ ਨੇ ਕਿਹਾ ਕਿ ਉਹ ਰੋਜ਼ਾਨਾ ਯੋਗ ਕਰਦੀ ਹੈ ਜਿਸ ਨਾਲ ਉਸ ਨੂੰ ਮਾਨਸਿਕ ਸ਼ਾਂਤੀ ਤੇ ਊਰਜਾ ਮਿਲਦੀ ਹੈ। ਵਾਈਸ ਚਾਂਸਲਰ ਧੀਮਾਨ ਨੇ ਕਿਹਾ ਕਿ ਯੋਗ ਸਿਰਫ ਸਰੀਰ ਦੀ ਕਸਰਤ ਹੀ ਨਹੀਂ ਇਹ ਆਤਮਾ, ਮਨ ਤੇ ਚੇਤਨਾ ਦਾ ਸੁਮੇਲ ਹੈ। ਇਸ ਮੌਕੇ ਕੇਡੀਬੀ ਦੇ ਆਨਰੇਰੀ ਸਕੱਤਰ ਉਪਿੰਦਰ ਸਿੰਘਲ, ਹਰਿਆਣਾ ਯੋਗ ਕਮਿਸ਼ਨ ਦੇ ਮੈਂਬਰ ਮਨੀਸ਼ ਕੁਕਰੇਜਾ,ਵਿਦਿਆ ਭਾਰਤੀ ਤੋਂ ਅਸ਼ੋਕ ਰੋਸ਼ਾ, ਭਾਰਤੀ ਯੋਗ ਸੰਸਥਾਨ ਤੋਂ ਓਮ ਪ੍ਰਕਾਸ਼ ਤੇ ਗੁਲਸ਼ਨ ਗਰੋਵਰ, ਡਾ. ਨਿਰਪੂਮਾ ਭੱਟੀ, ਜਗਤਾਰ ਸਿੰਘ, ਰਣਜੀਤ, ਜਸਬੀਰ ਸਿੰਘ ਮੌਜੂਦ ਸਨ।