ਯਮੁਨਾ ਨਦੀ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ
ਦਿੱਲੀ ਵਿੱਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਪੁਰਾਣੇ ਰੇਲਵੇ ਪੁਲ 'ਤੇ ਅੱਜ ਸਵੇਰੇ 9 ਵਜੇ 204.40 ਮੀਟਰ ਤੱਕ ਪਹੁੰਚ ਗਿਆ, ਜੋ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਹੈ। ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਾਰੀਆਂ ਸਬੰਧਤ ਏਜੰਸੀਆਂ ਨੂੰ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਇਹਤਿਆਤੀ ਕਦਮ ਚੁੱਕਣ ਲਈ ਕਿਹਾ ਗਿਆ ਹੈ।
ਕੇਂਦਰੀ ਹੜ੍ਹ ਨਿਗਰਾਨੀ ਸੈੱਲ ਦੇ ਇੱਕ ਅਧਿ਼ਕਾਰੀ ਨੇ ਦੱਸਿਆ, ‘‘ਪਾਣੀ ਦਾ ਪੱਧਰ ਵਧਣ ਦਾ ਮੁੱਖ ਕਾਰਨ ਵਜ਼ੀਰਾਬਾਦ ਅਤੇ ਹਥਨੀਕੁੰਡ ਬੈਰਾਜਾਂ ਤੋਂ ਹਰ ਘੰਟੇ ਵੱਡੀ ਮਾਤਰਾ ਵਿੱਚ ਪਾਣੀ ਛੱਡਿਆ ਜਾਣਾ ਹੈ।’’ ਉਨ੍ਹਾਂ ਕਿਹਾ ਕਿ ਸ਼ਾਇਦ ਹਰਿਆਣਾ ਅਤੇ ਉੱਤਰਾਖੰਡ ਦੇ ਉਪਰਲੇ ਪਾਣੀ ਦੇ ਸੋਮੇ ਵਾਲੇ ਖੇਤਰਾਂ ਵਿੱਚ ਮੀਂਹ ਕਾਰਨ ਪਾਣੀ ਦਾ ਪੱਧਰ ਵਧਿਆ ਹੈ। ਪੁਰਾਣਾ ਰੇਲਵੇ ਪੁਲ ਨਦੀ ਦੇ ਵਹਾਅ ਅਤੇ ਸੰਭਾਵੀ ਹੜ੍ਹਾਂ ਦੇ ਖ਼ਤਰੇ ’ਤੇ ਨਜ਼ਰ ਰੱਖਣ ਲਈ ਇੱਕ ਅਹਿਮ ਨਿਗਰਾਨੀ ਬਿੰਦੂ ਵਜੋਂ ਕੰਮ ਕਰਦਾ ਹੈ।
ਹੜ੍ਹ ਕੰਟਰੋਲ ਵਿਭਾਗ ਅਨੁਸਾਰ, ਵਜ਼ੀਰਾਬਾਦ ਤੋਂ ਲਗਪਗ 30,800 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਹਥਨੀਕੁੰਡ ਬੈਰਾਜ ਤੋਂ ਹਰ ਘੰਟੇ ਲਗਪਗ 25,000 ਕਿਊਸਿਕ ਪਾਣੀ ਹਰ ਘੰਟੇ ਆ ਰਿਹਾ ਹੈ। ਸ਼ਹਿਰ ਲਈ ਚਿਤਾਵਨੀ ਦਾ ਨਿਸ਼ਾਨ 204.5 ਮੀਟਰ ਹੈ, ਜਦਕਿ ਖ਼ਤਰੇ ਦਾ ਨਿਸ਼ਾਨ 205.3 ਮੀਟਰ ਹੈ ਅਤੇ ਇਹ ਪੱਧਰ 206 ਮੀਟਰ ਤੱਕ ਪਹੁੰਚਣ ਮਗਰੋਂ ਪਾਣੀ ਦਾ ਨਿਕਾਸ ਸ਼ੁਰੂ ਹੋ ਜਾਂਦਾ ਹੈ।
ਬੈਰਾਜ ਤੋਂ ਛੱਡੇ ਗਏ ਪਾਣੀ ਨੂੰ ਦਿੱਲੀ ਪਹੁੰਚਣ ਵਿੱਚ ਆਮ ਤੌਰ 'ਤੇ 48 ਤੋਂ 50 ਘੰਟੇ ਲੱਗਦੇ ਹਨ।