ਯਮੁਨਾ ਗਲੀ ਦਾ ਰੇਲਵੇ ਅੰਡਰਪਾਸ ਮੀਂਹ ਦੇ ਪਾਣੀ ਨਾਲ ਭਰਿਆ
ਦਵਿੰਦਰ ਸਿੰਘ
ਯਮੁਨਾਨਗਰ, 26 ਜੂਨ
ਮੀਂਹ ਦਾ ਪਾਣੀ ਯਮੁਨਾਨਗਰ-ਜਗਾਧਰੀ ਰੇਲਵੇ ਸਟੇਸ਼ਨ ਨੇੜੇ ਸਥਿਤ ਯਮੁਨਾ ਗਲੀ ਲਾਗੇ ਬਣੇ ਰੇਲਵੇ ਅੰਡਰਪਾਸ ਵਿੱਚ ਭਰ ਗਿਆ। ਇਸ ਕਾਰਨ ਇਸ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਸ਼ਾਦੀਪੁਰ ਅਤੇ ਹਮੀਦਾ ਇਲਾਕੇ ਦੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰੇਲਵੇ ਕਰਮਚਾਰੀ ਤੇਜਪਾਲ ਨੇ ਦੱਸਿਆ ਕਿ ਕੱਲ੍ਹ ਭਾਰੀ ਮੀਂਹ ਕਾਰਨ ਯਮੁਨਾਨਗਰ-ਜਗਾਧਰੀ ਰੇਲਵੇ ਸਟੇਸ਼ਨ ਦੇ ਯਮੁਨਾ ਗਲੀ ‘ਤੇ ਬਣਿਆ ਰੇਲਵੇ ਅੰਡਰਪਾਸ 4 ਫੁੱਟ ਤੋਂ ਵੱਧ ਪਾਣੀ ਨਾਲ ਭਰ ਗਿਆ। ਕੱਲ੍ਹ ਤੋਂ ਟਰੈਕਟਰਾਂ ਦੀ ਮਦਦ ਨਾਲ ਪਾਣੀ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਦੋਵਾਂ ਪਾਸਿਆਂ ਤੋਂ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ ਤਾਂ ਜੋ ਕੋਈ ਹਾਦਸਾ ਨਾ ਵਾਪਰੇ । ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਜਲਦੀ ਹੀ ਪਾਣੀ ਨੂੰ ਬਾਹਰ ਕੱਢਣ ਤੋਂ ਬਾਅਦ ਅੰਡਰਪਾਸ ਖੋਲ੍ਹ ਦਿੱਤਾ ਜਾਵੇਗਾ ਪਰ ਫਿਰ ਵੀ ਸਾਵਧਾਨੀ ਵਜੋਂ, ਅੰਡਰਪਾਸ ਦੇ ਦੋਵੇਂ ਪਾਸੇ ਬੈਰੀਕੇਡ ਲਗਾ ਕੇ ਲੋਕਾਂ ਨੂੰ ਅੰਡਰਪਾਸ ਤੋਂ ਲੰਘਣ ਦੀ ਵੀ ਮਨਾਹੀ ਹੈ।
ਇਸ ਦੌਰਾਨ ਮੇਅਰ ਸੁਮਨ ਬਾਹਮਣੀ ਨੇ ਨਗਰ ਨਿਗਮ ਅਧਿਕਾਰੀਆਂ ਨਾਲ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਅਤੇ ਮੀਂਹ ਦਾ ਪਾਣੀ ਜਿਨ੍ਹਾਂ ਖੇਤਰਾਂ ਵਿੱਚ ਇੱਕਠਾ ਹੋਇਆ ਸੀ, ਦੇ ਵਸਨੀਕਾਂ ਨਾਲ ਮੁਲਾਕਾਤ ਕੀਤੀ ਅਤੇ ਅਧਿਕਾਰੀਆਂ ਨੂੰ ਪਾਣੀ ਦੀ ਨਿਕਾਸ ਦਾ ਸਥਾਈ ਹਲ ਕੱਢਣ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਕਿਹਾ ਕਿ ਭੱਵਿਖ ਵਿੱਚ ਬਰਸਾਤ ਦਾ ਪਾਣੀ ਕਿਸੇ ਇਲਾਕੇ ਵਿੱਚ ਇਕੱਠਾ ਹੋਇਆ ਤਾਂ ਸਬੰਧਤ ਠੇਕੇਦਾਰ ਅਤੇ ਅਧਿਕਾਰੀ ਦੀ ਜ਼ਿੰਮੇਵਾਰੀ ਹੋਵੇਗੀ। ਮੇਅਰ ਦੇ ਦੌਰੇ ਦੌਰਾਨ ਲੋਕਾਂ ਨੇ ਦੱਸਿਆ ਕਿ ਅੰਡਰਪਾਸ ਵਿੱਚ ਪਾਣੀ ਭਰਨ ਕਾਰਨ ਉਨ੍ਹਾਂ ਨੂੰ ਹੁਣ ਦੂਜੀ ਥਾਂ ਜਾਣ ਲਈ ਲੰਬਾ ਪੈਂਡਾ ਤੈਅ ਕਰਨਾ ਪਵੇਗਾ। ਮੇਅਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਪਾਣੀ ਨੂੰ ਬਾਹਰ ਕੱਢਿਆ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਇਸ ਸਬੰਧੀ ਮੌਕੇ ’ਤੇ ਹੀ ਹਦਾਇਤਾਂ ਜਾਰੀ ਕੀਤੀਆਂ।