ਅਨੀਮੀਆ ਮੁਕਤ ਭਾਰਤ ਮੁਹਿੰਮ ਸਬੰਧੀ ਵਰਕਸ਼ਾਪ ਲਾਈ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 14 ਜੁਲਾਈ
ਜ਼ਿਲ੍ਹਾ ਸਿੱਖਿਆ ਅਧਿਕਾਰੀ ਵਿਨੋਦ ਕੌਸ਼ਿਕ ਨੇ ਕਿਹਾ ਕਿ ਸਕੂਲ ਸਿਰਫ ਸਿੱਖਿਆ ਦਾ ਹੀ ਕੇਂਦਰ ਨਹੀਂ ਹਨ, ਸਗੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਜ਼ਬੂਤ ਪਲੇਟਫਾਰਮ ਹਨ। ਜੇ ਅਸੀਂ ਬੱਚਿਆਂ ਦੀ ਸਿਹਤ ਤੇ ਸੁਰੱਖਿਆ ਨੂੰ ਪਹਿਲ ਨਹੀਂ ਦਿੰਦੇ ਤਾਂ ਅਸੀਂ ਉਨ੍ਹਾਂ ਦੇ ਉਜਵਲ ਭਵਿੱਖ ਨਾਲ ਇਨਸਾਫ਼ ਨਹੀਂ ਕਰ ਸਕਦੇ। ਚਾਹੇ ਉਹ ਅਨੀਮੀਆ ਮੁਕਤ ਭਾਰਤ ਮੁਹਿੰਮ ਹੋਵੇ ਜਾਂ ਸੁਰੱਖਿਅਤ ਸਕੂਲ ਨੀਤੀ, ਇਹ ਦੋਵੇਂ ਮਿਸ਼ਨ ਉਦੋਂ ਹੀ ਸਫਲ ਹੋਣਗੇ ਜਦੋਂ ਹਰ ਸਕੂਲ ਮੁਖੀ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਏਗਾ। ਉਹ ਅੱਜ ਕੁਰੂਕਸ਼ੇਤਰ ਦੇ ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਦੇ ਕੇਸ਼ਵ ਸਦਨ ਵਿੱਚ ਅਨੀਮੀਆ ਮੁਕਤ ਭਾਰਤ ਮੁਹਿੰਮ ਤੇ ਸੁਰੱਖਿਅਤ ਸਕੂਲ ਨੀਤੀ ’ਤੇ ਵਰਕਸ਼ਾਪ ਦੌਰਾਨ ਬੋਲ ਰਹੇ ਸਨ। ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ। ਸ੍ਰੀ ਕੌਸ਼ਿਕ ਨੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਐੱਚਬੀ ਟੈਸਟਿੰਗ ਆਇਰਨ ਟੈਬਲੇਟ ਵੰਡ ਤੇ ਸੁਰੱਖਿਆ ਮਾਪਦੰਡਾਂ ਨੂੰ ਪੂਰੀ ਇਮਾਨਦਾਰੀ ਤੇ ਸੰਵੇਦਨਸ਼ੀਲਤਾ ਨਾਲ ਲਾਗੂ ਕਰਨ। ਇਸ ਮੌਕੇ ਡਾ. ਮਨੀਸ਼ਾ, ਡਾ. ਪ੍ਰਦੀਪ ਕੁਮਾਰ ਨਾਗਰ ਸਣੇ ਮਾਹਿਰ ਡਾਕਟਰਾਂ ਦੀ ਟੀਮ ਨੇ ਅਨੀਮੀਆ ਮੁਕਤ ਭਾਰਤ ਅਭਿਆਨ ਦੇ ਪਿਛੋਕੜ, ਵਿਗਿਆਨਕ ਪਹਿਲੂਆਂ ਨੂੰ ਲਾਗੂ ਕਰਨ ਦੀ ਰਣਨੀਤੀ ਤੇ ਸਕੂਲਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਕੌਸ਼ਿਕ ਨੇ ਸਕੂਲਾਂ ਵਿਚ ਆਂਵਲਾ ਤੇ ਅਮਰੂਦ ਦੇ ਬੂਟੇ ਲਾਉਣ ਦਾ ਸੱਦਾ ਦਿੱਤਾ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਇੰਦੂ ਕੌਸ਼ਿਕ, ਸਾਰੇ ਬਲਾਕ ਸਿੱਖਿਆ ਅਧਿਕਾਰੀ, ਡਾ ਤਰਸੇਮ ਕੌਸ਼ਿਕ, ਸਤਬੀਰ ਕੌਸ਼ਿਕ, ਰਾਜਿੰਦਰ ਕੁਮਾਰ, ਅਰੁਣ ਗੋਇਲ ਮੌਜੂਦ ਸਨ।