ਸੂਬੇ ਭਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਠੱਲ੍ਹ ਪਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸ਼ਹਿਰ ਟੋਹਾਣਾ ਦੀ ਪੁਲੀਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲੀਸ ਨੇ ਖੁਫੀਆ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਇੱਕ ਔਰਤ ਨੂੰ ਗਾਂਜਾ ਵੇਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਟੀਮ ਨੇ ਔਰਤ ਕੋਲੋਂ 652 ਗ੍ਰਾਮ ਗਾਂਜਾ ਵੀ ਬਰਾਮਦ ਕੀਤਾ ਹੈ। ਥਾਣਾ ਸਿਟੀ ਟੋਹਾਣਾ ਦੇ ਇੰਚਾਰਜ ਪ੍ਰਲਾਦ ਨੇ ਦੱਸਿਆ ਕਿ ਪੁਲੀਸ ਨੂੰ ਨਸ਼ਾ ਤਸਕਰਾਂ ’ਤੇ ਨਜ਼ਰ ਰੱਖਣ ਲਈ ਸਖ਼ਤ ਹਦਾਇਤਾਂ ਹਨ। ਇਸੇ ਲੜੀ ਤਹਿਤ ਐੱਲ ਏ ਐੱਸ ਆਈ ਸੁਸ਼ੀਲਾ ਦੇਵੀ ਦੀ ਅਗਵਾਈ ਵਾਲੀ ਪੁਲੀਸ ਟੀਮ ਰੇਲਵੇ ਰੋਡ, ਟੋਹਾਣਾ ਨੇੜੇ ਨਹਿਰ ਪੁਲ ’ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪੁਲੀਸ ਨੂੰ ਇੱਕ ਮੁਖਬਰ ਵੱਲੋਂ ਗੁਪਤ ਸੂਚਨਾ ਮਿਲੀ ਕਿ ਬਾਬਾ ਬੂਟਾ ਸ਼ਾਹ ਬਸਤੀ ਦੀ ਵਸਨੀਕ ਨਾਰੋ ਆਪਣੀ ਝੌਂਪੜੀ ਦੇ ਬਾਹਰ ਮੰਜੇ ’ਤੇ ਬੈਠ ਕੇ ਗਾਂਜਾ ਵੇਚਣ ਦਾ ਨਾਜਾਇਜ਼ ਧੰਦਾ ਕਰ ਰਹੀ ਹੈ।
ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲੀਸ ਟੀਮ ਨੇ ਦੱਸੀ ਗਈ ਥਾਂ ’ਤੇ ਛਾਪਾ ਮਾਰਿਆ। ਪੁਲੀਸ ਟੀਮ ਨੂੰ ਆਪਣੀ ਝੌਂਪੜੀ ਵੱਲ ਆਉਂਦਿਆਂ ਦੇਖ ਕੇ ਔਰਤ ਘਬਰਾ ਗਈ ਅਤੇ ਉਸ ਨੇ ਆਪਣੇ ਹੱਥ ਵਿੱਚ ਫੜੇ ਇੱਕ ਚਿੱਟੇ ਰੰਗ ਦੇ ਲਿਫਾਫੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਪਰ ਪੁਲੀਸ ਟੀਮ ਨੇ ਚੁਸਤੀ ਦਿਖਾਉਂਦੇ ਹੋਏ ਔਰਤ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਅਤੇ ਲਿਫਾਫੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਨਿਯਮਾਂ ਅਨੁਸਾਰ ਜਦੋਂ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਨਸ਼ੀਲਾ ਪਦਾਰਥ ਗਾਂਜਾ ਬਰਾਮਦ ਹੋਇਆ, ਜਿਸ ਦਾ ਭਾਰ 652 ਗ੍ਰਾਮ ਸੀ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

