Weather Update: ਮੌਨਸੂਨ ਨੇ ਫੜੀ ਰਫ਼ਤਾਰ; ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਮੀਂਹ ਦੀ ਝੜੀ ਲੱਗੀ
ਚੰਡੀਗੜ੍ਹ, 30 ਜੂਨ
Weather Update: ਮੌਨਸੂਨ ਆਮ ਨਾਲੋਂ ਇਕ ਹਫ਼ਤਾ ਪਹਿਲਾਂ ਪੂਰੇ ਦੇਸ਼ ਵਿਚ ਪਹੁੰਚ ਗਈ ਹੈ ਜਿਸ ਕਰਕੇ ਕੌਮੀ ਰਾਜਧਾਨੀ ਤੇ ਹੋਰਨਾਂ ਉੱਤਰੀ ਰਾਜਾਂ ਵਿਚ ਮੀਂਹ ਪਿਆ ਤੇ ਕਈ ਪਹਾੜੀ ਇਲਾਕਿਆਂ ਵਿਚ ਜ਼ਮੀਨ ਖਿਸਕਣ ਤੇ ਢਿੱਗਾਂ ਡਿੱਗਣ ਦੀਆਂ ਰਿਪੋਰਟਾਂ ਹਨ। ਐਤਵਾਰ ਰਾਤੀਂ ਤੇ ਸੋਮਵਾਰ ਸਵੇਰੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਸਣੇ ਦੇਸ਼ ਦੇ ਕਈ ਇਲਾਕਿਆਂ ਵਿਚ ਜਮ ਕੇ ਮੀਂਹ ਪਿਆ।
ਭਾਰਤੀ ਮੌਸਮ ਵਿਭਾਗ (IMD) ਨੇ ਅੱਜ ਵੀ ਸਾਰਾ ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਸ਼ਿਮਲਾ ਮੌਸਮ ਵਿਗਿਆਨ ਕੇਂਦਰ ਨੇ ਹਿਮਾਚਲ ਪ੍ਰਦੇਸ਼ ਦੇ 10 ਜ਼ਿਲ੍ਹਿਆਂ ਲਈ ਮੋਹਲੇਧਾਰ ਮੀਂਹ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਪਹਾੜੀ ਰਾਜ ਵਿਚ 20 ਜੂਨ ਨੂੰ ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 20 ਲੋਕਾਂ ਦੀ ਜਾਨ ਚਲੀ ਗਈ ਹੈ।
ਯੂਨੈਸਕੋ ਵਿਸ਼ਵ ਵਿਰਾਸਤ ਸ਼ਿਮਲਾ-ਕਾਲਕਾ ਰੇਲ ਲਾਈਨ ’ਤੇ ਐਤਵਾਰ ਨੂੰ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਕਿਉਂਕਿ ਸੋਲਨ ਜ਼ਿਲ੍ਹੇ ਵਿੱਚ ਰਾਤ ਭਰ ਹੋਈ ਬਾਰਿਸ਼ ਦੌਰਾਨ ਪੱਥਰ ਅਤੇ ਦਰੱਖਤ ਪਟੜੀਆਂ ’ਤੇ ਡਿੱਗ ਗਏ। ਸੋਲਨ ਦੇ ਬਰੋਟੀਵਾਲਾ ਉਦਯੋਗਿਕ ਖੇਤਰ ਵਿੱਚ ਇੱਕ ਪੁਲ ਵੀ ਰੁੜ੍ਹ ਗਿਆ।
ਸ਼ਿਮਲਾ-ਕਾਲਕਾ ਕੌਮੀ ਸ਼ਾਹਰਾਹ (NH-5) ਜੋ ਸ਼ਿਮਲਾ ਅਤੇ ਚੰਡੀਗੜ੍ਹ ਨੂੰ ਜੋੜਦਾ ਹੈ, ’ਤੇ ਕੋਟੀ ਨੇੜੇ ਜ਼ਮੀਨ ਖਿਸਕਣ ਨਾਲ ਸੜਕ ਦੇ ਕੁਝ ਹਿੱਸਿਆਂ ਨੂੰ ਨੁਕਸਾਨ ਪਹੁੰਚਿਆ, ਜਿਸ ਕਾਰਨ ਘੰਟਿਆਂ ਤੱਕ ਦੋ ਤੋਂ ਤਿੰਨ ਕਿਲੋਮੀਟਰ ਲੰਬਾ ਟਰੈਫਿਕ ਜਾਮ ਰਿਹਾ। ਜ਼ਿਲ੍ਹੇ ਦੇ ਬੱਦੀ ਖੇਤਰ ਵਿੱਚ ਬਾਲਦ ਨਦੀ ਵਿਚ ਪਾਣੀ ਚੜ੍ਹਿਆ ਹੋਇਆ ਹੈ ਅਤੇ ਝੜਮਾਜਰੀ ਦੇ ਸ਼ਿਵਾਲਿਕ ਨਗਰ ਵਿੱਚ 20 ਤੋਂ ਵੱਧ ਘਰਾਂ ਵਿੱਚ ਚਾਰ ਫੁੱਟ ਤੱਕ ਪਾਣੀ ਦਾਖਲ ਹੋਣ ਦੀਆਂ ਰਿਪੋਰਟਾਂ ਹਨ।
ਇਸ ਦੌਰਾਨ, ਮੰਡੀ ਵਿੱਚ ਜੂਨੀ ਖੱਡ ਅਤੇ ਬਿਆਸ ਨਦੀ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀ ਦੇ ਨੇੜੇ ਨਾ ਜਾਣ ਅਤੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਪੰਡੋਹ ਡੈਮ ਦੇ ਸਾਰੇ ਪੰਜ ਦਰਵਾਜ਼ੇ ਐਤਵਾਰ ਸਵੇਰੇ ਖੋਲ੍ਹ ਦਿੱਤੇ ਗਏ, ਜਿਸ ਕਾਰਨ ਬਿਆਸ ਨਦੀ ਵਿੱਚ ਪਾਣੀ ਦਾ ਪੱਧਰ ਵਧ ਗਿਆ।
ਸਥਾਨਕ ਮੌਸਮ ਵਿਭਾਗ ਨੇ ਸੋਮਵਾਰ ਤੱਕ 10 ਜ਼ਿਲ੍ਹਿਆਂ- ਬਿਲਾਸਪੁਰ, ਚੰਬਾ, ਹਮੀਰਪੁਰ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਸੋਲਨ, ਸਿਰਮੌਰ ਅਤੇ ਊਨਾ - ਦੇ ਹਿੱਸਿਆਂ ਵਿੱਚ ਅਚਾਨਕ ਹੜ੍ਹ ਆਉਣ ਦੇ ਦਰਮਿਆਨੇ ਤੋਂ ਉੱਚੇ ਖ਼ਤਰੇ ਦੀ ਚੇਤਾਵਨੀ ਦਿੱਤੀ ਹੈ।
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ 2020 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਮੌਨਸੂਨ ਨੇ ਪੂਰੇ ਦੇਸ਼ ਵਿਚ ਅਗਾਊਂ ਦਸਤਕ ਦਿੱਤੀ ਹੈ। ਸਾਲ 2020 ਵਿੱਚ, ਇਹ 26 ਜੂਨ ਤੱਕ ਪੂਰੇ ਦੇਸ਼ ਵਿੱਚ ਪਹੁੰਚ ਗਿਆ ਸੀ। ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ 27 ਜੂਨ ਦੀ ਆਪਣੀ ਆਮ ਤਾਰੀਖ ਤੋਂ ਦੋ ਦਿਨ ਬਾਅਦ ਦਿੱਲੀ ਪਹੁੰਚਿਆ।
ਮੌਸਮ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ, ‘‘ਮੌਨਸੂਨ 29 ਜੂਨ 2025 ਨੂੰ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਬਾਕੀ ਹਿੱਸਿਆਂ ਅਤੇ ਪੂਰੀ ਦਿੱਲੀ ਵਿੱਚ ਪਹੁੰਚ ਗਿਆ।’’ ਵਿਭਾਗ ਅਨੁਸਾਰ, ਐਤਵਾਰ ਸਵੇਰੇ 8.30 ਵਜੇ ਖਤਮ ਹੋਏ ਪਿਛਲੇ 24 ਘੰਟਿਆਂ ਵਿੱਚ ਚੰਡੀਗੜ੍ਹ ਵਿੱਚ 119.5 ਮਿਲੀਮੀਟਰ ਮੀਂਹ ਪਿਆ। ਪੰਜਾਬ ਦੇ ਹੋਰ ਸਥਾਨਾਂ ਵਿੱਚ, ਫਿਰੋਜ਼ਪੁਰ, ਮੁਹਾਲੀ, ਲੁਧਿਆਣਾ, ਪਟਿਆਲਾ, ਪਠਾਨਕੋਟ ਅਤੇ ਰੂਪਨਗਰ ਵਿੱਚ ਮੀਂਹ ਪਿਆ। ਆਈਐਮਡੀ ਨੇ ਕਿਹਾ ਕਿ ਅਗਲੇ ਸੱਤ ਦਿਨਾਂ ਦੌਰਾਨ ਉੱਤਰ-ਪੱਛਮ, ਮੱਧ, ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਦੇ ਕਈ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਆਈਐੱਮਡੀ ਨੇ ਐਤਵਾਰ ਨੂੰ 'ਰੈੱਡ' ਅਲਰਟ ਜਾਰੀ ਕੀਤਾ ਹੈ ਅਤੇ 1 ਜੁਲਾਈ ਤੱਕ ਝਾਰਖੰਡ ਦੇ ਕੁਝ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਐਤਵਾਰ ਸਵੇਰ ਤੋਂ ਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ। ਆਈਐਮਡੀ ਅਧਿਕਾਰੀ ਨੇ ਕਿਹਾ ਹੈ ਕਿ 2 ਜੁਲਾਈ ਦੀ ਸਵੇਰ ਤੱਕ ਸ਼ਹਿਰ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। -ਏਜੰਸੀਆਂ